The Khalas Tv Blog Khetibadi ਭਲਕੇ 19 ਜਿਲ੍ਹਿਆਂ ’ਚ 26 ਥਾਵਾਂ ’ਤੇ ਰੋਕੀਆਂ ਜਾਣਗੀਆਂ ਰੇਲਾਂ
Khetibadi Punjab

ਭਲਕੇ 19 ਜਿਲ੍ਹਿਆਂ ’ਚ 26 ਥਾਵਾਂ ’ਤੇ ਰੋਕੀਆਂ ਜਾਣਗੀਆਂ ਰੇਲਾਂ

ਬਿਊਰੋ ਰਿਪੋਰਟ (4 ਦਸੰਬਰ 2025): ਬਿਜਲੀ ਅਦਾਰੇ ਨੂੰ ਪੂਰੀ ਤਰ੍ਹਾਂ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦੀ ਮਨਸ਼ਾ ਨਾਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025 ਦੇ ਖਿਲਾਫ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਚੈਪਟਰ ਪੰਜਾਬ ਵੱਲੋਂ 19 ਜਿਲ੍ਹਿਆਂ ਵਿੱਚ 26 ਥਾਵਾਂ ਤੇ ਇਸ ਬਿੱਲ ਦਾ ਖਰੜਾ ਰੱਦ ਕਰਾਉਣ, ਪ੍ਰੀਪੇਡ ਮੀਟਰ ਉਤਾਰ ਕੇ ਪੁਰਾਣੇ ਮੀਟਰ ਲਵਾਉਣ, ਵੱਖ ਵੱਖ ਅਦਾਰਿਆਂ ਦੀਆਂ ਜਾਇਦਾਦਾਂ ਭਗਵੰਤ ਮਾਨ ਸਰਕਾਰ ਵੱਲੋਂ ਜਬਰੀ ਵੇਚਣ ਦੇ ਵਿਰੋਧ ਅਤੇ ਹੋਰ ਮਸਲਿਆਂ ਦੇ ਸਬੰਧ ਵਿੱਚ 5 ਦਸੰਬਰ 2025 ਨੂੰ 1 ਵਜੇ ਤੋਂ 3 ਵਜੇ ਤੱਕ ਦੋ ਘੰਟੇ ਦਾ ਸੰਕੇਤਕ ਰੇਲ ਰੋਕੋ ਮੋਰਚਾ ਲਗਾਇਆ ਜਾ ਰਿਹਾ ਹੈ, ਇਸ ਗੱਲ ਦੀ ਜਾਣਕਾਰੀ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ।

ਉਹਨਾਂ ਦੱਸਿਆ ਕਿ ਜਿਵੇਂ ਭਗਵੰਤ ਮਾਨ ਸਰਕਾਰ ਵੱਲੋਂ ਇਸ ਬਿੱਲ ਤੇ ਕੇਂਦਰ ਸਰਕਾਰ ਨੂੰ ਕੋਈ ਵੀ ਇਤਰਾਜ਼ ਦਰਜ਼ ਨਹੀਂ ਕਰਵਾਇਆ ਜਾ ਰਿਹਾ ਇਸਦਾ ਮਤਲਬ ਸਾਫ ਹੈ ਕਿ ਪੰਜਾਬ ਸਰਕਾਰ ਨੇ ਕੁਰਸੀ ਦੀ ਸਲਾਮਤੀ ਖਾਤਿਰ ਕੇਂਦਰ ਸਰਕਾਰ ਸਾਹਮਣੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ ਹਨ ਅਤੇ ਲੋਕਾਂ ਦੇ ਹੱਕ ਲੁੱਟੇ ਜਾਣ ਦਾ ਰਾਹ ਪੱਧਰਾ ਕਰਨ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅਜਿਹੇ ਵਿੱਚ ਚੁੱਪ ਨਹੀਂ ਬੈਠਣਗੇ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਹੋਸ਼ ਵਿੱਚ ਲਿਆਉਣ ਲਈ ਲੱਖਾਂ ਲੋਕ ਇਸ ਬਿੱਲ ਦੇ ਖਿਲਾਫ ਹੇਠ ਲਿਖੀਆਂ ਥਾਵਾਂ ਤੇ ਰੇਲ ਪਹੀਆ ਜਾਮ ਕਰਨਗੇ।

ਉਹਨਾਂ ਜਾਣਕਾਰੀ ਦਿੱਤੀ ਕਿ ਇਸ ਐਕਸ਼ਨ ਦੌਰਾਨ ਦਿੱਲੀ ਅੰਮ੍ਰਿਤਸਰ ਮੁੱਖ ਰੇਲ ਮਾਰਗ ਦੇਵੀਦਾਸਪੁਰਾ ਅਤੇ ਕੱਥੂ ਨੰਗਲ ਸਟੇਸ਼ਨ, ਅੰਮ੍ਰਿਤਸਰ ਜੰਮੂ ਕਸ਼ਮੀਰ ਰੇਲ ਮਾਰਗ ਬਟਾਲਾ ਰੇਲਵੇ ਸਟੇਸ਼ਨ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ, ਪਰਮਾਨੰਦ ਫਾਟਕ, ਰੇਲਵੇ ਸਟੇਸ਼ਨ ਤਰਨ ਤਾਰਨ, ਫਿਰੋਜ਼ਪੁਰ ਚ ਬਸਤੀ ਟੈਂਕਾਂ ਵਾਲੀ ਤੇ ਮੱਲਾਂ ਵਾਲਾ ਅਤੇ ਤਲਵੰਡੀ ਭਾਈ, ਡੰਡੀ ਵਿੰਡ ਨੇੜੇ ਸੁਲਤਾਨਪੁਰ ਲੋਧੀ, ਜਲੰਧਰ ਕੈਂਟ, ਟਾਂਡਾ ਜੰਮੂ ਕਸ਼ਮੀਰ ਤੇ ਜਲੰਧਰ ਰੇਲ ਮਾਰਗ ਅਤੇ ਪੁਰਾਣਾ ਭੰਗਾਲਾ ਰੇਲਵੇ ਸਟੇਸ਼ਨ, ਸ਼ੰਬੂ ਅਤੇ ਬਾੜਾ (ਨਾਭਾ), ਸੁਨਾਮ ਸ਼ਹੀਦ ਊਧਮ ਸਿੰਘ ਵਾਲਾ, ਰੇਲਵੇ ਸਟੇਸ਼ਨ ਫਾਜ਼ਿਲਕਾ, ਰੇਲਵੇ ਸਟੇਸ਼ਨ ਮੋਗਾ, ਰਾਮਪੁਰਾ ਰੇਲ ਸਟੇਸ਼ਨ, ਮਲੋਟ ਅਤੇ ਮੁਕਤਸਰ, ਅਹਿਮਦਗੜ੍ਹ, ਮਾਨਸਾ ਰੇਲਵੇ ਸਟੇਸ਼ਨ, ਸਾਹਨੇਵਾਲ ਰੇਲਵੇ ਸਟੇਸ਼ਨ, ਫਰੀਦਕੋਟ ਰੇਲਵੇ ਸਟੇਸ਼ਨ, ਰੇਲਵੇ ਸਟੇਸ਼ਨ ਰੋਪੜ ਤੇ ਰੇਲ ਰੋਕ ਕੇ ਸਰਕਾਰਾਂ ਨੂੰ ਰੋਹ ਦਾ ਪ੍ਰਗਟਾਵਾ ਕੀਤਾ ਜਾਵੇਗਾ।

Exit mobile version