The Khalas Tv Blog Punjab ਲਖੀਮਪੁਰ ਖੀਰੀ ਦੇ ਦੁਖਦਾਈ ਹਾਦਸੇ ਦੇ ਦੋਸ਼ੀਆਂ ਉੱਤੇ ਕਤਲ ਦਾ ਮਾਮਲਾ ਹੋਵੇ ਦਰਜ : ਕਿਸਾਨ ਲੀਡਰ
Punjab

ਲਖੀਮਪੁਰ ਖੀਰੀ ਦੇ ਦੁਖਦਾਈ ਹਾਦਸੇ ਦੇ ਦੋਸ਼ੀਆਂ ਉੱਤੇ ਕਤਲ ਦਾ ਮਾਮਲਾ ਹੋਵੇ ਦਰਜ : ਕਿਸਾਨ ਲੀਡਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):– ਲਖੀਮਪੁਰ ਖੀਰੀ ਵਿੱਚ ਅੱਜ ਉੱਪ ਮੁੱਖ ਮੰਤਰੀ ਦੇ ਹੈਲੀਪੈਡ ਦਾ ਵਿਰੋਧ ਕਰਕੇ ਮੁੜੇ ਕਿਸਾਨਾਂ ਉੱਤੇ ਟੁੱਟੇ ਕਹਿਰ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸਖਤ ਪ੍ਰਤਿਕਿਰਿਆ ਦਿੰਦਿਆਂ ਕਿਸਾਨ ਲੀਡਰ ਦਰਸ਼ਨ ਪਾਲ ਨੇ ਕਿਹਾ ਕਿ ਇਹ ਘਟਨਾ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਕਰਨਯੋਗ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਤਿੰਨ ਗੱਡੀਆਂ, ਜਿਨ੍ਹਾਂ ਵਿੱਚ ਇਕ ਵਿੱਚ ਇੱਕ ਕੇਂਦਰੀ ਰਾਜ ਮੰਤਰੀ ਦਾ ਲੜਕਾ ਵੀ ਸੀ। ਉਨ੍ਹਾਂ ਨੇ ਕਿਸਾਨਾਂ ਉੱਤੇ ਗੱਡੀ ਚਾੜ੍ਹ ਦਿੱਤੀ। ਉਨ੍ਹਾਂ ਕਿਹਾਕਿ ਕਿਸਾਨ ਮੋਰਚਾ ਇਸ ਘਟਨਾ ਦੇ ਦੋਸ਼ੀਆਂ ਉੱਤੇ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਲਖੀਮਪੁਰਖੀਰੀ ਵਿੱਚ ਸ਼ਹੀਦ ਹੋਏ ਤਿੰਨ ਕਿਸਾਨਾਂ ਵਿੱਚੋਂ ਇੱਕ ਨੂੰ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ (ਮੋਨੂੰ) ਮਿਸ਼ਰਾ ਨੇ ਗੋਲੀ ਮਾਰੀ ਹੈ। ਇਸੇ ਤਰ੍ਹਾਂ ਦੂਜੇ ਕਿਸਾਨਾਂ ਉੱਤੇ ਇਨ੍ਹਾਂ ਨੇ ਗੱਡੀਆਂ ਚੜ੍ਹਾਈਆਂ ਹਨ।

ਉੱਧਰ, ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਵਿਰੋਧ ਕਰਕੇ ਇਹ ਕਿਸਾਨ ਮੁੜ ਰਹੇ ਸਨ, ਜਦੋਂ ਉਨ੍ਹਾਂ ਉੱਤੇ ਇਹ ਗੱਡੀਆਂ ਚਾੜ੍ਹੀਆਂ ਹਨ। ਉਨ੍ਹਾਂ ਕਿਹਾ ਉਹ ਲਖੀਮਪੁਰ ਖੀਰੀ ਜਾ ਰਹੇ ਹਨ। ਜਦੋਂ ਉੱਥੇ ਪਹੁੰਚਾਂਗੇ ਤਾਂ ਸਾਰੀ ਜਾਣਕਾਰੀ ਦਿੱਤੀ ਜਾਵੇਗੀ।

ਉੱਥੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਹਿਲਾਂ ਜਿਵੇਂ ਕਿਵੇਂ ਹਰਿਆਣਾ ਦੀ ਖੱਟਰ ਨੇ ਕਿਸਾਨਾਂ ਦੇ ਨਾਲ ਖੂਨ ਦੀ ਹੋਲੀ ਖੇਡੀ ਹੈ, ਹੁਣ ਯੋਗੀ ਸਰਕਾਰ ਵੀ ਇਹੋ ਕੁੱਝ ਕਰ ਰਹੀ ਹੈ। ਪੰਧੇਰ ਨੇ ਕਿਹਾ ਕਿ ਇਸ ਘਟਨਾ ਵਿੱਚ 8 ਤੋਂ 10 ਕਿਸਾਨ ਗੰਭੀਰ ਜਖਮੀ ਹੋਏ ਹਨ। ਉਨ੍ਹਾਂ ਸਰਕਾਰ ਵੱਲੋਂ ਕੀਤੀ ਇਸ ਘਟਨਾਕ੍ਰਮ ਦੀ ਸਖਤ ਕੀਤੀ ਹੈ।

ਉਨ੍ਹਾਂ ਮੋਦੀ ਤੇ ਯੋਗੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਮੰਤਰੀਆਂ ਨੂੰ ਬਿਨਾਂ ਦੇਰੀ ਕੁਰਸੀ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਯੂਪੀ ਬਿਹਾਰ ਦੇ ਕਿਸਾਨਾਂ ਦੇ ਨਾਲ ਹਾਂ ਤੇ ਇਸ ਘਟਨਾ ਦਾ ਪੂਰਾ ਵਿਰੋਧ ਕੀਤਾ ਜਾਵੇਗਾ।

Exit mobile version