ਕਿਸਾਨ ਲੀਡਰ ਰਾਜੇਵਾਲ ਤੇ ਚੜੂਨੀ ਦੀ ਪ੍ਰੈਸ ਕਾਨਫਰੰਸ ਕਰਕੇ ਕੀਤਾ ਲੋਕਾਂ ਨੂੰ ਖੇਤੀ ਕਾਨੂੰਨਾਂ ਦੇ ਖਿਲਾਫ ਲਾਮਬੰਦ
‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਬੰਗਾਲ ‘ਚ ਬੀਜੇਪੀ ਸਰਕਾਰ ਦੇ ਖਿਲਾਫ ਪ੍ਰੈੱਸ ਕਾਨਫਰੰਸ ਕਰਦਿਆਂ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ 105 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਾਂ, ਪਰ ਸਰਕਾਰ ਆਪਣੇ ਤਾਨਾਸ਼ਾਹੀ ਰਵੱਈਏ ‘ਤੇ ਅੜੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਰ ਵਾਰ ਮੀਟਿੰਗ ਕਰਕੇ ਇਹ ਸਪਸ਼ਟ ਕਰ ਚੁੱਕੇ ਹਾਂ ਕਿ ਖੇਤੀਬਾੜੀ ਸੂਬਿਆਂ ਦਾ ਮੁੱਦਾ ਹੈ ਤੇ ਸਰਕਾਰ ਨੇ ਇਹ ਕਾਨੂੰਨ ਕਿਹੜੇ ਅਧਿਕਾਰ ਨਾਲ ਬਣਾਏ ਹਨ, ਇਹ ਸਪਸ਼ਟ ਨਹੀਂ ਹੋ ਰਿਹਾ। ਰਾਜੇਵਾਲ ਨੇ ਕਿਹਾ ਕਿ ਜਿੱਥੇ ਵੀ ਚੋਣਾਂ ਹੋਣਗੀਆਂ ਬੀਜੇਪੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਸਰਕਾਰ ਦੇ ਖਿਲਾਫ ਇਕ ਪੱਤਰ ਵੀ ਜਾਰੀ ਕੀਤਾ ਗਿਆ, ਜਿਸਦੀ ਕਾਪੀ ਕਿਸਾਨ ਲੀਡਰਾਂ ਨੇ ਮੀਡਿਆ ਸਾਹਮਣੇ ਸੰਯੁਕਤ ਰੂਪ ਵਿਚ ਰੱਖੀ।
ਇਸ ਮੌਕੇ ਸੰਬੋਧਨ ਕਰਦਿਆਂ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਖਾਸਤੌਰ ‘ਤੇ ਐੱਮਐੱਸਪੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਫਸਲਾਂ ਦੇ ਭਾਅ ਸਰਕਾਰ ਤੋਂ ਕਦੇ ਵੀ ਪੂਰੇ ਨਹੀਂ ਮਿਲੇ। ਇਸੇ ਲਈ ਇਸ ‘ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਾਂ, ਜੋ ਪੈਸਾ ਸਰਕਾਰ ਦਿੰਦੀ ਹੈ, ਉਸ ਨਾਲ ਪਰਿਵਾਰ ਨਹੀਂ ਪਲ ਸਕਦੇ।