‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੀ ਪਹਿਲੀ ਔਰਤ IPS ਅਫ਼ਸਰ ਕਿਰਨ ਬੇਦੀ ਨੇ ਸਿੱਖਾਂ ਨੂੰ ਲੈ ਕੇ ਇੱਕ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਕਿਰਨ ਬੇਦੀ ਨੇ ਆਪਣੀ ਕਿਤਾਬ ‘ਫੀਅਰਲੈੱਸ ਗਵਰਨੈਂਸ’ ਦੇ ਹਿੰਦੀ ਐਡੀਸ਼ਨ ਨੂੰ ਲਾਂਚ ਕਰਨ ਮੌਕੇ ’12 ਵਜੇ ਵਾਲੀ’ ਟਿੱਪਣੀ ਕਰ ਕੇ ਸਿੱਖਾਂ ਦਾ ਮਜ਼ਾਕ ਉਡਾਇਆ ਹੈ। ਕਿਤਾਬ ਲਾਂਚ ਕਰਨ ਮੌਕੇ ਉਨ੍ਹਾਂ ਕਿਹਾ, “12 ਵਜੇ ਕਿਤਾਬ ਲਾਂਚ ਕਰਾਂਗੇ, ਕੋਈ ਸਰਦਾਰ ਜੀ ਤਾਂ ਇੱਥੇ ਨਹੀਂ ਹੈ। ਇੱਕ ਦੋ ਚੰਗੇ ਸਰਦਾਰ ਜੀ ਹਨ।” ਇਸ ਤੋਂ ਬਾਅਦ ਉੱਥੇ ਮੌਜੂਦ ਲੋਕ ਹੱਸਣ ਲੱਗ ਪੈਂਦੇ ਹਨ। ਸੋਸ਼ਲ ਮੀਡੀਆ ’ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਕਿਰਨ ਬੇਦੀ ਦੀ ਇਸ ਟਿੱਪਣੀ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵੀ ਉਨ੍ਹਾਂ ਦਾ ਲਗਾਤਾਰ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਵੱਲੋਂ ਕਿਰਨ ਬੇਦੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਵੱਖ ਵੱਖ ਸਿਆਸੀ ਲੀਡਰਾਂ ਵੱਲੋਂ ਵੀ ਕਿਰਨ ਬੇਦੀ ਦੀ ਆਲੋਚਨਾ ਕੀਤੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਿਰਨ ਬੇਦੀ ਨੇ ਸਿੱਖ ਕੌਮ ਨੂੰ ਲੈ ਕੇ ਬਹੁਤ ਮੰਦਭਾਗਾ ਬਿਆਨ ਦਿੱਤਾ ਹੈ। ਕਿਰਨ ਬੇਦੀ ਨੂੰ ਜਾਂ ਤਾਂ ਇਤਿਹਾਸ ਦੀ ਜਾਣਕਾਰੀ ਨਹੀਂ ਹੈ ਤਾਂ ਮੈਨੂੰ ਉਨ੍ਹਾਂ ਉੱਤੇ ਤਰਸ ਆਉਂਦਾ ਹੈ ਤੇ ਜੇ ਉਨ੍ਹਾਂ ਨੇ ਜਾਣ ਬੁੱਝ ਕੇ ਸਿੱਖ ਕੌਮ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਸ ਤੋਂ ਵੱਧ ਉਨ੍ਹਾਂ ਲਈ ਸ਼ਰਮ ਵਾਲੀ ਕੋਈ ਗੱਲ ਨਹੀਂ ਹੈ। ਕੰਗ ਨੇ ਕਿਰਨ ਬੇਦੀ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਦੱਸਿਆ। ਕੰਗ ਨੇ ਕਿਰਨ ਬੇਦੀ ਨੂੰ ਸਾਰੀ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ।
ਆਪ ਦੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ ਫਾਂਸੀ ਲਗਵਾਉਣ ਵਾਲੇ 121 ਦੇਸ਼ ਭਗਤਾਂ ਵਿਚੋਂ 93 ਸਿੱਖ ਸਨ। ਉਮਰ ਕੈਦ ਦੀ ਸਜ਼ਾ ਸੁਣਾਏ ਗਏ 2626 ਵਿੱਚੋਂ 2147 ਸਿੱਖ ਸਨ। ਪਰ ਇਹ ਜਾਣਨ ਲਈ ਇਤਿਹਾਸ ਦਾ ਗਿਆਨ ਹੋਣਾ ਜ਼ਰੂਰੀ ਹੈ ਭਾਜਪਾ ਵਾਲਿਓ।
ਜਰਨੈਲ ਸਿੰਘ ਨੇ ਕਿਰਨ ਬੇਦੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਜਦੋਂ ਮੁਗਲ ਭਾਰਤ ਨੂੰ ਲੁੱਟ ਕੇ, ਧੀਆਂ-ਭੈਣਾਂ ਨੂੰ ਅਗਵਾ ਕਰਕੇ ਲੈ ਕੇ ਜਾ ਰਹੇ ਸਨ, ਉਦੋਂ ਸਿੱਖ ਹੀ ਜਾਨ ਉੱਤੇ ਖੇਡ ਕੇ ਮੁਗਲਾਂ ਨਾਲ ਡਟ ਕੇ ਲੜਦੇ ਸਨ ਅਤੇ ਧੀਆਂ ਭੈਣਾਂ ਦੀ ਰੱਖਿਆ ਕਰਦੇ ਸਨ। ਮੁਗਲਾਂ ਉੱਤੇ ਹਮਲਾ ਕਰਨ ਦਾ ਸਮਾਂ 12 ਵਜੇ ਸੀ। ਇਹ ਹੈ 12 ਵਜੇ ਦਾ ਇਤਿਹਾਸ। ਜਰਨੈਲ ਸਿੰਘ ਨੇ ਕਿਹਾ ਕਿ ਸ਼ਰਮ ਆਉਣੀ ਚਾਹੀਦੀ ਹੈ ਭਾਰਤੀ ਜਨਤਾ ਪਾਰਟੀ ਦੇ ਛੋਟੀ ਸੋਚ ਵਾਲੇ ਲੀਡਰਾਂ ਨੂੰ ਜੋ ਅੱਜ ਉਸ ਅਹਿਸਾਨ ਦਾ ਬਦਲਾ ਸਿੱਖਾਂ ਦਾ ਮਜ਼ਾਕ ਉਡਾ ਕੇ ਉਤਾਰ ਰਹੇ ਹਨ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਜਦੋਂ ਤੁਸੀਂ ਖੁਦ ਪੰਜਾਬੀ ਹੋ ਕੇ ਕਿਸੇ ਕਮਿਊਨਿਟੀ ਦਾ ਮਜ਼ਾਕ ਉਡਾਉਂਦੇ ਹੋ। ਕਿਰਨ ਬੇਦੀ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਸਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਤੋਂ ਇੱਕ ਗੱਲ ਜਾਹਿਰ ਹੁੰਦੀ ਹੈ ਕਿ ਬੀਜੇਪੀ ਨੇ ਆਪਣੇ ਲੀਡਰਾਂ ਨੂੰ ਇੱਕ ਪੱਕਾ ਟਾਸਕ ਦਿੱਤਾ ਹੋਇਆ ਹੈ।
ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਰਨ ਬੇਦੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਤੁਹਾਡੇ ਅਤੇ ਤੁਹਾਡੀ ਸੋਚ ਉੱਤੇ ਸ਼ਰਮ ਆਉਂਦੀ ਹੈ। ਸਿੱਖਾਂ ਦਾ ਇਤਿਹਾਸ ਅਤੇ ਭਾਰਤ ਦੀ ਆਜ਼ਾਦੀ ਵਿੱਚ ਸਿੱਖਾਂ ਦੇ ਯੋਗਦਾਨ ਦਾ ਇਤਿਹਾਸ ਪੜੋ। ਬੀਜੇਪੀ ਇਸ ਤਰ੍ਹਾਂ ਦੀ ਘਟੀਆ ਮਾਨਸਿਕਤਾ ਵਾਲੇ ਲੀਡਰਾਂ ਦੀ ਫੈਕਟਰੀ ਹੈ। ਹੁਣ ਬੀਜੇਪੀ ਚੁੱਪ ਕਿਉਂ ਹੈ ? ਉਨ੍ਹਾਂ ਨੇ ਐੱਨਸੀਐੱਮ ਦੇ ਚੇਅਰਮੈਨ ਨੂੰ ਕਿਰਨ ਬੇਦੀ ਦੇ ਖਿਲਾਫ਼ ਤੁਰੰਤ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਕਿਰਨ ਬੇਦੀ ਵੱਲੋਂ ਸਿੱਖਾਂ ਦੇ 12 ਵੱਜਣ ਬਾਰੇ ਕੀਤੀ ਗਈ ਟਿੱਪਣੀ ‘ਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਰਨ ਬੇਦੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਾਨੂੰ ਸਾਡੇ 12 ਵੱਜਣ ਉੱਤੇ ਮਾਣ ਹੈ। ਜੀਕੇ ਨੇ ਕਿਹਾ ਕਿ ਇਹ ਕੋਈ ਪਹਿਲੀ ਸ਼ਖਸੀਅਤ ਨਹੀਂ ਹੈ ਜਿਸਨੇ ਸਿੱਖਾਂ ਦਾ ਮਜ਼ਾਕ ਉਡਾਇਆ ਹੋਵੇ। ਬਹੁਤ ਲੋਕਾਂ ਨੇ ਸਿੱਖਾਂ ਨੂੰ ਮਜ਼ਾਕ ਦਾ ਪਾਤਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਭਾਵੇਂ ਸਾਡਾ ਮਖੌਲ ਬਣਾਉਂਦੇ ਹੋ ਪਰ ਸਾਨੂੰ ਮਾਣ ਹੈ ਕਿ ਸਾਡੇ 12 ਵੱਜਦੇ ਹਨ। ਜਦੋਂ ਸਾਡੇ 12 ਵੱਜਦੇ ਹਨ, ਅਸੀਂ ਹਿੰਦੁਸਤਾਨ ਦੀਆਂ ਢਾਈ ਹਜ਼ਾਰ ਬੱਚੀਆਂ ਨੂੰ ਮੁਗਲਾਂ ਤੋਂ ਬਚਾਉਂਦੇ ਸੀ। ਤੁਹਾਨੂੰ ਸ਼ਾਇਦ ਸਾਡੇ 12 ਵੱਜਣ ਉੱਤੇ ਤਕਲੀਫ਼ ਹੋ ਸਕਦੀ ਹੈ।
ਜੇਕਰ ਇੱਥੇ ਇਤਿਹਾਸ ਵੱਲ ਝਾਤ ਮਾਰੀ ਜਾਵੇ ਤਾਂ ਜਦੋਂ ਅਫ਼ਗਾਨ ਧਾੜਵੀ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ’ਤੇ ਹਮਲਾ ਕਰਕੇ ਇੱਥੋਂ ਵੱਡੀ ਮਾਤਰਾ ਵਿਚ ਸੋਨਾ, ਚਾਂਦੀ, ਹੀਰੇ ਜਵਾਹਰਾਤ ਅਤੇ ਔਰਤਾਂ ਨੂੰ ਲੁੱਟ ਕੇ ਲੈ ਜਾਂਦਾ ਸੀ ਤਾਂ ਉਨ੍ਹਾਂ ਨੂੰ ਪੰਜਾਬ ਦੇ ਰਸਤੇ ਤੋਂ ਹੋ ਕੇ ਗੁਜਰਨਾ ਪੈਂਦਾ ਸੀ। ਇਸ ਦੌਰਾਨ ਸਿੰਘ ਜੋ ਆਮ ਲੋਕਾਂ ਦੀ ਰਖਵਾਲੀ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ, ਉਹ ਇਹਨਾਂ ਧਾੜਵੀਆਂ ਦੀ ਲੁੱਟ ਦਾ ਸਾਮਾਨ ਅਤੇ ਔਰਤਾਂ ਨੂੰ ਬਚਾਉਣ ਲਈ ਰਾਤ ਦੇ 12 ਵਜੇ ਪੂਰੀ ਬਹਾਦਰੀ ਨਾਲ ਦੁਸ਼ਮਣ ’ਤੇ ਟੁੱਟ ਪੈਂਦੇ ਸਨ ਅਤੇ ਲੁੱਟ ਦਾ ਸਾਮਾਨ ਅਤੇ ਕੈਦ ਲੋਕਾਂ ਨੂੰ ਛੁਡਾ ਕੇ ਉਨ੍ਹਾਂ ਦੇ ਘਰਾਂ ਵਿੱਚ ਵਾਪਸ ਭੇਜਦੇ ਸਨ।