ਅਮਰੀਕਾ (America news)ਦੇ ਕੈਲੀਫੋਰਨੀਆ ਵਿਚ ਅਗਵਾ ਕਰਕੇ ਕਤਲ ਕੀਤੇ ਗਏ ਭਾਰਤੀ ਮੂਲ ਦੇ ਸਿੱਖ ਪਰਿਵਾਰ ਦੇ ਸੋਗ ਵਿਚ ਡੁੱਬੇ ਰਿਸ਼ਤੇਦਾਰਾਂ ਦੀ ਮਦਦ ਲਈ ਤਿੰਨ ਲੱਖ ਅਮਰੀਕੀ ਡਾਲਰ ਤੋਂ ਵੱਧ ਦੀ ਰਾਸ਼ੀ ਇਕੱਠੀ ਹੋ ਗਈ ਹੈ। ਪਰਿਵਾਰ ਦੇ ਕੁਝ ਮੈਂਬਰ ਅਮਰੀਕਾ ਤੇ ਮਾਤਾ-ਪਿਤਾ ਭਾਰਤ ਵਿਚ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਅੱਠ ਮਹੀਨਿਆਂ ਦੀ ਬੱਚੀ, ਉਸ ਦੇ ਮਾਤਾ-ਪਿਤਾ ਤੇ ਇਕ ਹੋਰ ਰਿਸ਼ਤੇਦਾਰ ਨੂੰ ਅਗਵਾ ਕਰ ਲਿਆ ਗਿਆ ਸੀ। ਮਗਰੋਂ ਅਗਵਾਕਾਰ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਹੱਤਿਆਰਾ ਪਰਿਵਾਰ ਦੀ ਟਰੱਕਿੰਗ ਕੰਪਨੀ ਦਾ ਸਾਬਕਾ ਮੁਲਾਜ਼ਮ ਸੀ। ‘ਗੋਫੰਡਮੀ’ ਫੰਡਰੇਜ਼ਰ ਰਾਹੀਂ ਪੈਸੇ ਇਕੱਠੇ ਕੀਤੇ ਗਏ ਹਨ ਜੋ ਕਿ ਪਰਿਵਾਰ ਨੂੰ ਦਿੱਤੇ ਜਾਣਗੇ।
ਮ੍ਰਿਤਕ ਅਮਨਦੀਪ ਦੀ ਪਤਨੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਅਤੇ ਉਨ੍ਹਾਂ ਦੇ ਭਰਾ ਨੇ ਅਮਰੀਕਾ ਵਿਚ 18 ਸਾਲ ਬਿਤਾਏ ਹਨ। ਉਨ੍ਹਾਂ ਨਾ ਸਿਰਫ਼ ਇੱਥੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ ਬਲਕਿ ਭਾਰਤ ਰਹਿੰਦੇ ਮਾਪਿਆਂ ਨੂੰ ਵੀ ਸੰਭਾਲਿਆ। ਇਕੱਠੇ ਹੋਏ ਪੈਸੇ ਬੱਚੀ ਅਰੂਹੀ ਦੇ ਦਾਦਾ-ਦਾਦੀ ਤੇ ਅਮਨਦੀਪ ਸਿੰਘ ਦੀ ਪਤਨੀ ਨੂੰ ਸੌਂਪੇ ਜਾਣਗੇ। ਅਮਨਦੀਪ ਦੇ ਜਸਪ੍ਰੀਤ ਕੌਰ ਦੇ ਦੋ ਬੱਚੇ ਹਨ। ਦੋਵੇਂ ਦਸ ਸਾਲ ਤੋਂ ਘੱਟ ਉਮਰ ਦੇ ਹਨ।
ਦੱਸ ਦੱਈਏ ਕਿ ਕੈਲੀਫੋਰਨੀਆ ਵਿੱਚ ਇੱਕ ਭਾਰਤੀ ਮੂਲ ਦੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰਨ ਅਤੇ ਕਤਲ ਕਰ ਦਿੱਤਾ ਗਿਆ ਸੀ। ਅਗਵਾ ਕੀਤੇ ਕੀਤੇ ਵਿਅਕਤੀਆਂ ਵਿਚ 8 ਮਹੀਨੇ ਦੀ ਆਰੋਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ 27, ਪਿਤਾ ਜਸਦੀਪ ਸਿੰਘ 26 ਅਤੇ ਉਸ ਦਾ ਚਾਚਾ ਅਮਨਦੀਪ ਸਿੰਘ 39 ਸਾਲ ਸ਼ਾਮਲ ਸਨ। ਉਨ੍ਹਾਂ ਨੂੰ ਸਾਊਥ ਹਾਈਵੇਅ 59 ਦੇ 800 ਬਲਾਕ ਤੋਂ ਅਗਵਾ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਅਗਵਾਕਾਰ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ।