ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨ ਵਰਗ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀਆਂ ਗਈਆਂ “ਖੇਡਾਂ ਵਤਨ ਪੰਜਾਬ ਦੀਆਂ” ਦਾ ਸਮਾਪਤੀ ਸਮਾਗਮ ਲੁਧਿਆਣਾ ਸ਼ਹਿਰ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿੱਚ ਹੋਇਆ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਤੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ ।ਖਿਡਾਰੀਆਂ ਨੂੰ ਟਰਾਫੀਆਂ ਦੇ ਨਾਲ ਨਾਲ 6 ਕਰੋੜ 85 ਲੱਖ 17 ਹਜਾਰ ਦੇ ਨਕਦ ਇਨਾਮ ਵੀ ਦਿੱਤੇ ਗਏ। ਇਸ ਖੇਡ ਪ੍ਰਤੀਯੋਗਿਤਾ ਵਿੱਚ 3 ਲੱਖ ਖਿਡਾਰੀਆਂ ਨੇ ਭਾਗ ਲਿਆ ਹੈ। ਢਾਈ ਮਹੀਨੇ ਤੱਕ ਚੱਲੇ ਇਸ ਖੇਡ ਮੇਲੇ ਵਿੱਚ ਜਿਲ੍ਹਾ ਪਟਿਆਲਾ ਨੇ ਪਹਿਲਾ ਸਥਾਨ ਲਿਆ ਹੈ ,ਜਦੋਂ ਕਿ ਲੁਧਿਆਣਾ ਤੇ ਮੁਹਾਲੀ ਜ਼ਿਲ੍ਹਿਆਂ ਨੂੰ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਹੋਇਆ।
ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੀਆਂ ਖੇਡਾਂ ਅਲੋਪ ਹੋ ਗਈਆਂ ਸੀ ,ਜਿਹਨਾਂ ਨੂੰ ਇਸ ਖੇਡ ਮੇਲੇ ਵਿੱਚ ਸੁਰਜੀਤ ਕੀਤਾ ਗਿਆ ਹੈ।ਉਹਨਾਂ ਮੰਚ ਤੋਂ ਇਨਾਮ ਜਿੱਤਣ ਵਾਲੀਆਂ ਟੀਮਾਂ ਨੂੰ ਵਧਾਈ ਦਿੱਤੀ ਤੇ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਖਿਡਾਰੀਆਂ ਨੂੰ ਕੋਈ ਅਰਥਿਕ ਤੰਗੀ ਨਾ ਆਵੇ ,ਇਸ ਲਈ ਕਾਮਨਵੈਲਥ ‘ਚੋਂ ਜਿੱਤ ਕੇ ਆਏ ਖਿਡਾਰੀਆਂ ਨੂੰ ਆਉਣ ਸਾਰੀ ਹੀ ਨਕਦ ਇਨਾਮ ਦਿੱਤੇ ਗਏ।
ਉਹਨਾਂ ਇੱਛਾ ਪ੍ਰਗਟ ਕੀਤੀ ਕਿ ਪੰਜਾਬ ਨੂੰ ਇੱਕ ਨੰਬਰ ਤੇ ਲੈ ਕੇ ਆਉਣਾ ਹੈ ਤੇ ਇਹ ਸਾਰਿਆਂ ਦੇ ਸਹਿਯੋਗ ਨਾਲ ਹੋਵੇਗਾ। ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਯੋਧਿਆਂ ਨੂੰ ਵੀ ਮਾਨ ਨੇ ਯਾਦ ਕੀਤਾ ਤੇ ਕਿਹਾ ਕਿ ਉਹਨਾਂ ਕਰਕੇ ਹੀ ਅਸੀਂ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਾਂ।
ਆਜ਼ਾਦੀ ਦੇ ਪ੍ਰਵਾਨਿਆਂ ਨੂੰ ਯਾਦ ਰੱਖਿਆ ਕਰੋ ਜਿਹਨਾਂ ਕਰਕੇ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ
ਜੇ ਉਹ ਯੋਧੇ ਆਪਣੇ ਗਲਾਂ ਵਿਚ ਫਾਂਸੀ ਦੇ ਫੰਦੇ ਨਾ ਪਵਾਉਂਦੇ ਤਾਂ ਅੱਜ ਇੱਥੇ ਸਾਰੇ ਗੋਰਿਆਂ ਨੇ ਰਾਜ ਕਰਨਾ ਸੀ
–CM @BhagwantMann #KhedanVatanPunjabDiyan pic.twitter.com/Axn6YNAGX2
— AAP Punjab (@AAPPunjab) November 17, 2022
ਉਹਨਾਂ ਐਲਾਨ ਕੀਤਾ ਕਿ ਹੁਣ ਜਿੱਤੇ ਖਿਡਾਰੀਆਂ ਨੂੰ ਅੱਗਲੇ ਪੱਧਰ ‘ਤੇ ਖੇਡਣ ਲਈ ਪੰਜਾਬ ਸਰਕਾਰ ਆਪਣੇ ਖਰਚੇ ਤੇ ਭੇਜੇਗੀ ਤੇ ਪੂਰੀ ਉਮੀਦ ਹੈ ਕਿ ਉਹ ਜਿੱਤ ਕੇ ਆਉਣਗੇ। ਖੇਡ ਦੇ ਮੈਦਾਨ ਚੋਂ ਹੀ ਡਿੱਗ ਕੇ ਉਠਣ ਦੀ ਪ੍ਰੇਰਣਾ ਮਿਲਦੀ ਹੈ।ਇਸ ਲਈ ਸਾਰਿਆਂ ਨੂੰ ਅਪੀਲ ਹੈ ਕਿ ਮੁੜ ਸਿਹਤਮੰਦ ਪੰਜਾਬ ਬਣਾਉਣ ਲਈ ਸਾਥ ਦੇਣ।
'ਓਲੰਪਿਕ ਦੀ ਹਰ ਇੱਕ ਖੇਡ ਵਿਚ ਕੋਈ ਇੱਕ ਖਿਡਾਰੀ ਪੰਜਾਬ ਦਾ ਜ਼ਰੂਰ ਹੋਵੇ'
ਮੈਂ ਉਮੀਦ ਕਰਦਾਂ ਹਾਂ ਕਿ ਪੰਜਾਬ ਦੇ ਖਿਡਾਰੀ ਓਲੰਪਿਕ ਦੇ PODIUM 'ਤੇ ਚੜ੍ਹ ਕੇ ਹਰ ਖੇਡ ਵਿਚ ਤਗਮਾ ਲੈਕੇ ਆਉਣ
–CM @BhagwantMann #KhedanVatanPunjabDiyan pic.twitter.com/RZ53verjCo
— AAP Punjab (@AAPPunjab) November 17, 2022
ਪੰਜਾਬ ਨੂੰ ਦੇਸ਼ ਦਾ ਨੱਗ ਦਸਦਿਆਂ ਉਹਨਾਂ ਕਿਹਾ ਕਿ ਇਸ ਨੱਗ ਨੂੰ ਹੋਰ ਚਮਕਾਉਣਾ ਹੈ ਤੇ ਪੰਜਾਬ ਨੂੰ ਹਰ ਪਾਸੇ ਤੋਂ ਸਿਖਰਾਂ ‘ਤੇ ਪਹੁੰਚਾਉਣਾ ਹੈ। ਖਿਡਾਰੀਆਂ ਦਾ ਬਾਹਰੀ ਦੁਨਿਆਂ ਦੇ ਨਾਲ ਜੁੜਨ ‘ਤੇ ਇਹਨਾਂ ਦੀ ਪ੍ਰਤਿਭਾ ਵਿੱਚ ਹੋਰ ਨਿਖਾਰ ਆਵੇਗਾ। ਪੰਜਾਬ ਸਰਕਾਰ ਹਰ ਖਿਡਾਰੀ ਨੂੰ ਹਰ ਤਰਾਂ ਦੀ ਸਹੂਲਤ ਦੇਵੇਗੀ।
ਪੰਜਾਬ ਦਾ ਹਰ ਬੰਦਾ ਦਿਨ ਤੋਂ ਲੈ ਕੇ ਰਾਤ ਤੱਕ ਟੈਕਸ ਦਿੰਦਾ ਹੈ। ਇਸ ਨੂੰ ਸਹੀ ਪਾਸੇ ਲਾਇਆ ਜਾਵੇਗਾ ਤੇ ਇਸ ਪੈਸੇ ਨੂੰ ਜਨਤਾ ਨੂੰ ਸਹੂਲਤਾਂ ਦੇਣ ਲਈ ਹੀ ਵਰਤਿਆ ਜਾਵੇਗਾ।
ਇਸ ਤੋਂ ਇਲਾਵਾ ਉਹਨਾਂ ਐਲਾਨ ਕੀਤਾ ਕਿ ਸਿਖਿਆ ਦੇ ਮਾਮਲੇ ਵਿੱਚ ਹੋਣ ਵਾਲਾ ਜੀ 20 ਸੰਮੇਲਨ 14-15 ਮਾਰਚ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਹੋਣ ਜਾ ਰਿਹਾ ਹੈ ਤੇ ਕੋਸ਼ਿਸ਼ ਰਹੇਗੀ ਕਿ ਕਿਸੇ ਅੰਤਰਾਸ਼ਟਰੀ ਖੇਡ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਵੀ ਪੰਜਾਬ ਨੂੰ ਮਿਲ ਸਕੇ।
ਆਪਣੇ ਸੰਬੋਧਨ ਦੇ ਅਖੀਰ ਵਿੱਚ ਉਹਨਾਂ ਇਸ ਖੇਡ ਮੇਲੇ ਨੂੰ ਆਯੋਜਿਤ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਪ੍ਰਬੰਧਕਾਂ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਉਹਨਾਂ ਦਾ ਧੰਨਵਾਦ ਕੀਤਾ ।
ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਅਲੋਪ ਹੋ ਚੁੱਕੀਆਂ ਕਈ ਖੇਡਾਂ ਨੂੰ ਦੋਬਾਰਾ ਇਸ ਖੇਡ ਮੇਲੇ ਰਾਹੀਂ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ,ਜੋ ਕਿ ਕਾਫੀ ਕਾਮਯਾਬ ਵੀ ਰਹੀ ਹੈ। ਇਹਨਾਂ ਖੇਡਾਂ ਵਿੱਚ ਇੱਕ ਅਨੋਖੀ ਗੱਲ ਪਹਿਲੀ ਵਾਰ ਹੋਈ ਹੈ ਕਿ ਖੇਡਾਂ ਵਿੱਚ ਇਕੋ ਪਰਿਵਾਰ ਦੀਆਂ 3 ਪੀੜੀਆਂ ਨੇ ਭਾਗ ਲਿਆ ਹੋਵੇ।ਸੋ ਇਹ ਖੇਡਾਂ ਯਾਦਗਾਰੀ ਹੋ ਨਿਬੜੀਆਂ ਹਨ ਤੇ ਅਗਲੇ ਸਾਲ ਵੀ ਪੂਰੇ ਜੋਸ਼ ਨਾਲ ਇਹਨਾਂ ਦਾ ਮੁੜ ਆਯੋਜਨ ਹੋਵੇਗਾ।
ਪੰਜਾਬ ਦਾ ਇਤਿਹਾਸ ਹੈ ਕਿ ਰਿਵਾਇਤੀ ਪਾਰਟੀਆਂ ਚੋਣਾਂ ਦੇ ਨੇੜੇ ਹੀ ਨੌਕਰੀਆਂ ਤੇ ਨਕਦ ਇਨਾਮ ਦਿੰਦੀਆਂ ਨੇ ਪਰ ਮਾਨ ਸਰਕਾਰ ਨੇ ਉਸ ਮਿੱਥ ਨੂੰ ਤੋੜਦਿਆਂ ਖਿਡਾਰੀਆਂ ਨੂੰ ਸਰਕਾਰ ਬਣਦਿਆਂ ਮਾਣ ਦਿੱਤਾ!
— @meet_hayer #KhedanVatanPunjabDiyan pic.twitter.com/WJ8f4O1xmg
— AAP Punjab (@AAPPunjab) November 17, 2022