The Khalas Tv Blog Punjab ਪੰਜਾਬ ‘ਚ ਪਿਟਬੁੱਲ ਕੁੱਤੇ ਦਾ ਕਹਿਰ !
Punjab

ਪੰਜਾਬ ‘ਚ ਪਿਟਬੁੱਲ ਕੁੱਤੇ ਦਾ ਕਹਿਰ !

ਬਿਉਰੋ ਰਿਪੋਰਟ : ਮੁਹਾਲੀ ਦੇ ਖਰੜ ਵਿੱਚ ਪਿਟਬੁੱਲ ਕੁਤਿਆਂ ਦਾ ਖੌਫਨਾਕ ਕਹਿਰ ਵੇਖਣ ਨੂੰ ਮਿਲਿਆ ਹੈ । ਸ਼੍ਰੀ ਗੁਰੂ ਤੇਗ ਬਹਾਦਰ ਨਗਰ ਦੇ ਘਰ ਵਿੱਚ ਕੰਮ ਕਰਨ ਆਈ ਔਰਤ ‘ਤੇ ਘਰ ਦੇ 2 ਪਿਟਬੁੱਲ ਕੁਤਿਆਂ ਨੇ ਹਮਲਾ ਕਰ ਦਿੱਤਾ । ਕੁੱਤੇ ਪੀੜਤ ਰਾਖੀ ਦੇ ਮੂੰਹ ਦਾ ਇੱਕ ਹਿੱਸਾ ਖਾ ਗਏ,ਗਰਦਨ,ਢਿੱਡ,ਪੱਟ ਅਤੇ ਦੋਵਾਂ ਟੰਗਾਂ ‘ਤੇ ਗੰਭੀਰ ਜ਼ਖਮੀ ਹੋਏ ਹਨ। ਜਿਸ ਵੇਲੇ ਹਮਲਾ ਹੋਇਆ ਮਾਲਕ ਘਰ ਵਿੱਚ ਨਹੀਂ ਸਨ। ਦੱਸਿਆ ਜਾ ਰਿਹਾ ਹੈ ਕਿ ਔਰਤ 1 ਘੰਟੇ ਤੱਕ ਕੁੱਤਿਆਂ ਦਾ ਸ਼ਿਕਾਰ ਹੁੰਦੀ ਰਹੀ । ਪਿਟਬੁੱਲ ਕੁਤਿਆਂ ਦਾ ਖੌਫ ਇੰਨਾਂ ਜ਼ਿਆਦਾ ਸੀ ਕਿ ਗੁਆਂਢੀ ਰਾਖੀ ਦੀ ਚੀਕਾ ਸੁਣ ਦੇ ਰਹੇ ਪਰ ਉਸ ਨੂੰ ਬਚਾਉਣ ਦੀ ਹਿੰਮਤ ਨਹੀਂ ਕਰ ਸਕੇ। ਫਿਰ ਇੱਕ ਰਾਹਗੀਰ ਸਿੱਖ ਨੌਜਵਾਨ ਨੇ ਕੁੱਤਿਆਂ ਨੂੰ ਪੱਥਰ ਮਾਰੇ ਅਤੇ ਕਿਸੇ ਤਰ੍ਹਾਂ ਪੀੜਤ ਰਾਖੀ ਨੂੰ ਘਰ ਤੋਂ ਬਹਾਰ ਕੱਢਿਆ ਅਤੇ ਘਰ ਦਾ ਦਰਵਾਜ਼ਾ ਬੰਦ ਕੀਤਾ । ਰਾਖੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ । ਉਸ ਨੂੰ GMCH ਸੈਕਟਰ 32 ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਗੁਆਂਢੀਆਂ ਵੀ ਕਈ ਵਾਰ ਕੁੱਤਿਆਂ ਦੀ ਸ਼ਿਕਾਇਤ ਕਰ ਚੁੱਕੇ ਹਨ ।

ਗੁਆਂਢੀਆਂ ਨੇ ਕਈ ਵਾਰ ਕੀਤੀ ਸ਼ਿਕਾਇਤ

ਪ੍ਰਕਾਸ ਸਿੰਘ ਖਰੜ ਦੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਵਿੱਚ 9 ਮਹੀਨੇ ਪਹਿਲਾਂ ਹੀ ਸ਼ਿਫਟ ਹੋਏ ਸਨ। ਜਿਸ ਵੇਲੇ ਘਰ ਵਿੱਚ ਕੰਮ ਕਰਨ ਵਾਲੀ ਔਰਤ ਰਾਖੀ ‘ਤੇ ਕੁੱਤਿਆਂ ਨੇ ਹਮਲਾ ਕੀਤਾ ਉਹ ਆਪਣੇ ਪੁੱਤਰ ਦੇ ਵਿਆਹ ਵਿੱਚ ਗਏ ਸਨ। ਘਰ ਵਿੱਚ ਸਿਰਫ਼ ਉਨ੍ਹਾਂ ਦੀ ਸੱਸ ਸੀ । ਕੁਝ ਸਮੇਂ ਪਹਿਲਾਂ ਉਨ੍ਹਾਂ ਦੇ ਰਿਸ਼ਤੇਦਾਰ ਘਰ ਆਏ ਸਨ ਅਤੇ ਕੁੱਤਿਆਂ ਨੂੰ ਖਾਣਾ ਦਿੱਤਾ ਅਤੇ ਉਨ੍ਹਾਂ ਨੂੰ ਖੁੱਲਾ ਛੱਡ ਗਏ । ਜਦੋਂ ਘਰ ਵਿੱਚ ਕੰਮ ਕਰਨ ਦੇ ਲਈ ਰਾਖੀ ਆਈ ਤਾਂ ਕੁੱਤਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ ਉਸ ਨੂੰ ਬੁਰੀ ਤਰ੍ਹਾਂ ਨਾਲ ਜਖ਼ਮੀ ਕਰ ਦਿੱਤਾ। ਆਲੇ ਦੁਆਲੇ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਜਦੋਂ ਤੋਂ ਪ੍ਰਕਾਸ਼ ਸਿੰਘ ਇਸ ਕਾਲੌਨੀ ਵਿੱਚ ਆਏ ਸਨ ਉਨ੍ਹਾਂ ਦੇ ਕੁੱਤਿਆਂ ਤੋਂ ਆਲੇ-ਦੁਆਲੇ ਦੇ ਲੋਕ ਕਾਫੀ ਪਰੇਸ਼ਾਨ ਹਨ। ਕੁੱਤੇ ਪਹਿਲਾਂ ਵੀ ਕਈ ਲੋਕਾਂ ‘ਤੇ ਹਮਲਾ ਕਰ ਚੁੱਕੇ ਸਨ । ਸ਼ਿਕਾਇਤ ਦੇ ਬਾਵਜੂਦ ਮਾਲਕ ਨੇ ਕੋਈ ਕਾਰਵਾਈ ਨਹੀਂ ਕੀਤੀ ।

ਮਾਲਕ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਸ ਨੇ ਕੁੱਤਿਆਂ ਨੂੰ ਸਾਰੇ ਇੰਜੈਕਸ਼ਨ ਲਗਾਏ ਹਨ ਪਰ ਉਸ ਕੋਲ ਲਾਇਸੈਂਸ ਨਹੀਂ ਹੈ । ਰਾਖੀ 9 ਮਹੀਨੇ ਤੋਂ ਉਨ੍ਹਾਂ ਦੇ ਘਰ ਵਿੱਚ ਕੰਮ ਕਰ ਰਹੀ ਸੀ ਪਰ ਪਹਿਲਾਂ ਕੁੱਤਿਆਂ ਨੇ ਅਜਿਹੀ ਹਰਕਤ ਨਹੀਂ ਕੀਤੀ ਸੀ । ਉਧਰ ਪੰਜਾਬ ਹਰਿਆਣਾ ਹਾਈਕੋਰਟ ਵੀ ਕੁੱਤਿਆਂ ਦੇ ਕੱਟੇ ਜਾਣ ‘ਤੇ ਜੁਰਮਾਨਾ ਲੱਗਾ ਚੁੱਕਾ ਹੈ ।

1 ਦੰਦ ‘ਤੇ 10 ਹਜ਼ਾਰ ਦਾ ਜੁਰਮਾਨਾ

ਪਿਛਲੇ ਹੀ ਮਹੀਨੇ ਪੰਜਾਬ ਹਰਿਆਣਾ ਹਾਈਕੋਰਟ ਨੇ ਕੁੱਤਿਆਂ ਦੇ ਵੰਢਣ ਨੂੰ ਲੈਕੇ ਸਖਤ ਨਿਰਦੇਸ਼ ਦਿੰਦੇ ਹੋਏ 10 ਹਜ਼ਾਰ ਤੱਕ ਜੁਰਮਾਨਾ ਲਗਾਉਣ ਦੇ ਹੁਕਮ ਦਿੱਤੇ ਸਨ। ਅਦਾਲਤ ਨੇ ਕਿਹਾ ਸੀ ਪਿਟਬੁੱਲ ਕੁੱਤੇ ਦਾ ਇੱਕ ਦੰਦ ਲੱਗਣ ‘ਤੇ 10 ਹਜ਼ਾਰ ਦਾ ਜੁਰਮਾਨਾ ਦੇਣਾ ਹੋਵੇਗਾ । ਸ਼੍ਰੀ ਗੁਰੂ ਤੇਗ ਬਹਾਦਰ ਨਗਰ ਦੀ ਕੌਂਸਲਰ ਪਰਮਜੀਤ ਕੌਰ ਨੇ ਕਿਹਾ ਵਾਰਡ ਵਿੱਚ ਅਕਸਰ ਲੋਕ ਖ਼ਤਰਨਾਕ ਕੁੱਤਿਆਂ ਨੂੰ ਲੈਕੇ ਸੈਰ ਕਰਦੇ ਹਨ ਉਨ੍ਹਾਂ ਵੱਲੋਂ ਮਨਾ ਵੀ ਕੀਤਾ ਜਾਂਦਾ ਹੈ ਪਰ ਲੋਕ ਬਾਜ਼ ਨਹੀਂ ਆਉਂਦੇ ਹਨ । ਉਧਰ ਪੁਲਿਸ ਨੇ ਕਿਹਾ ਕਿ ਉਨ੍ਹਾਂ ਕੋਲ ਹੁਣ ਤੱਕ ਸ਼ਿਕਾਇਤ ਨਹੀਂ ਪਹੁੰਚੀ ਹੈ ਜੇਕਰ ਮਿਲੇਗਾ ਤਾਂ ਕਾਰਵਾਈ ਕਰਨਗੇ ।

Exit mobile version