‘ਦ ਖ਼ਾਲਸ ਬਿਊਰੋ (ਮੋਗਾ):- ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਮੋਗਾ ‘ਚ ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ’ਤੇ ਖ਼ਾਲਿਸਤਾਨੀ ਝੰਡਾ ਝੁਲਾਉਣ ਦੇ ਮਾਮਲੇ ਦੀ ਤਫ਼ਤੀਸ਼ ਹੁਣ ਕੌਮੀ ਜਾਂਚ ਏਜੰਸੀ (NIA) ਨੂੰ ਸੌਂਪ ਦਿੱਤੀ ਗਈ ਹੈ। ਇੱਥੇ ਪਹੁੰਚੀ NIA ਦੀ ਟੀਮ ਵੱਲੋਂ ਮੈਜਿਸਟਰੇਟ ਸਾਹਮਣੇ ਮੁਲਜ਼ਮਾਂ ਦੀ ਸ਼ਨਾਖ਼ਤ ਪਰੇਡ ਕਰਵਾਈ ਗਈ।
ਇੰਸਪੈਕਟਰ ਅਮਰੀਸ਼ ਕੁਮਾਰ ਦੀ ਅਗਵਾਈ ਹੇਠ ਇੱਥੇ ਪਹੁੰਚੀ NIA ਦੀ 3 ਮੈਂਬਰੀ ਜਾਂਚ ਟੀਮ ਨੇ ਸਰਕਾਰੀ ਵਕੀਲ ਅਤੇ ਪੁਲੀਸ ਅਧਿਕਾਰੀਆਂ ਪਾਸੋਂ ਹੁਣ ਤੱਕ ਦੀ ਤਫ਼ਤੀਸ਼ ਬਾਰੇ ਜਾਣਕਾਰੀ ਹਾਸਲ ਕੀਤੀ। ਗਾਰਦ ਇੰਚਾਰਜ ASI ਧਲਵਿੰਦਰ ਸਿੰਘ ਨੇ ਮੈਜਿਸਟਰੇਟ ਸਾਹਮਣੇ ਸਨਾਖ਼ਤ ਪਰੇਡ ਦੌਰਾਨ ਇੰਦਰਜੀਤ ਸਿੰਘ ਗਿੱਲ ਅਤੇ ਜਸਪਾਲ ਸਿੰਘ ਉਰਫ਼ ਰਿੰਪਾ ਦੀ ਪਛਾਣ ਕੀਤੀ ਹੈ। ਥਾਣਾ ਸਿਟੀ ’ਚ ਦਰਜ ਦੇਸ਼ ਧਰੋਹ ਸਬੰਧੀ ਕੇਸ ’ਚ IPC ਦੀ ਧਾਰਾ 115 (ਅਪਰਾਧ ਲਈ ਭੜਕਾਉਣ) ਦਾ ਵਾਧਾ ਕਰਕੇ ਸਿੱਖਜ਼ ਫ਼ਾਰ ਜਸਟਿਸ (ਐੱਸਜੇਐੱਫ) ਦੇ ਆਗੂ ਰਾਣਾ ਸਿੰਘ ਅਤੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਸ ਮਾਮਲੇ ’ਚ ਪੁਲੀਸ ਵੱਲੋਂ ਹੁਣ ਤੱਕ ਕੁੱਲ 7 ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਦੋਵੇਂ ਮੁੱਖ ਮੁਲਜ਼ਮਾਂ ਤੋਂ ਇਲਾਵਾ ਸਕੱਤਰੇਤ ’ਤੇ ਖਾਲਿਸਤਾਨ ਦਾ ਝੰਡਾ ਝੁਲਾਉਣ ਦੀ ਵੀਡੀਓ ਬਣਾਉਣ ਵਾਲੇ ਵਿਦਿਆਰਥੀ ਅਕਾਸ਼ਦੀਪ ਸਿੰਘ, ਰਾਮ ਤੀਰਥ ਪਿੰਡ ਰੌਲੀ ਅਤੇ ਜੱਗਾ ਸਿੰਘ ਵਾਸੀ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।