ਦਿੱਲੀ : ਪੰਜਾਬ ਦੇ ਸਿਰ ਮੌਜੂਦਾ ਹਾਲਾਤਾਂ ਵਿੱਚ 3 ਲੱਖ 76,000 ਕਰੋੜ ਰੁਪਏ ਦਾ ਕਰਜ਼ਾ ਹੈ। ਜਦੋਂ ਕਿ 31 ਮਾਰਚ 2022 ਨੂੰ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ਸਾਂਭੀ ਸੀ ਤਾਂ ਪੰਜਾਬ ਦੇ ਸਿਰ ‘ਤੇ 2.84 ਲੱਖ ਕਰੋੜ ਦਾ ਕਰਜ਼ਾ ਸੀ।
ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਰਜ਼ਾ ਲੈ ਕੇ ਪੰਜਾਬ ਨੂੰ ਇੱਕ ਉਜੜਿਆ ਹੋਇਆ ਸੂਬਾ ਬਣਾ ਦਿੱਤਾ ਹੈ। ਪੰਜਾਬੀ ਟ੍ਰਿਬਿਊਨ ’ਚ ਛਪੀ ਹੋਈ ਖ਼ਬਰ ਦਿਖਾਉਂਦਿਆਂ ਖਹਿਰਾ ਨੇ ਕਿਹਾ ਕਿ ਟ੍ਰਿਬਿਊਨ ਮੁਤਾਬਕ ਦਸੰਬਰ 2024 ਤੱਕ ਪੰਜਾਬ ’ਤੇ 3 ਲੱਖ 71 ਹਜ਼ਾਰ ਕਰੋੜ ਦਾ ਕਰਜ਼ਾ ਸੀ। ਖਹਿਰਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪਿਛਲੇ ਤਿੰਨ ਕੁ ਸਾਲਾਂ ਦੀ ਕਾਰਗੁਜਾਰੀ ਦੇ ਵਿੱਚ ਆਮ ਆਦਮੀ ਪਾਰਦੀ ਦੀ ਸਰਕਾਰ ਨੇ ਪੰਜਾਬ ਦੇ ਕਰਜ਼ੇ ਵਿੱਚ 1 ਲੱਖ ਕਰੋੜ ਰੁਪਏ ਦਾ ਇਜ਼ਾਫਾ ਕੀਤਾ ਹੈ।
ਖਹਿਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ 2 ਲੱਖ 71 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਕਰਜ਼ਾ ਪਿਛਲੇ 40 ਸਾਲਾਂ ਦੇ ਵਿੱਚ ਪੰਜਾਬ ’ਤੇ ਚੜ੍ਹਾਇਆ ਹੈ। ਖਹਿਰਾ ਨੇ ਕਿਹਾ ਕਿ ਜਾਰੀ ਕੀਤੀ ਗਈ ਰਿਪੋਰਟ ਨੇ ਪੰਜਾਬ ਦੇ ਨੀਤੀ ਨਿਰਮਾਤਾਵਾਂ ਦੇ ਸਭ ਤੋਂ ਭੈੜੇ ਡਰ ਦੀ ਪੁਸ਼ਟੀ ਕੀਤੀ ਹੈ। ਪੰਜਾਬ ਕਦੇ ਦੇਸ਼ ਦਾ ਸਭ ਤੋਂ ਪ੍ਰਗਤੀਸ਼ੀਲ ਰਾਜ, ਹੁਣ ਇਹ ਦੇਸ਼ ਦਾ ਸਭ ਤੋਂ ਪਛੜਿਆ ਹੋਇਆ ਸੂਬਾ ਹੈ, ਜਿੱਥੇ ਦੇਸ਼ ਦਾ ਸਭ ਤੋਂ ਮਾੜਾ FHI ਹੈ।
Friends,latest reports indicate that Punjab is the worst financially managed state. The @BhagwantMann govt has added one lac Crores new debt to make it 3.71 Lac Crores in just 3 years while traditional parties took 40 years to add 2.75 lac Crores debt-Khaira @INCIndia @INCPunjab pic.twitter.com/NSQLcGEVcY
— Sukhpal Singh Khaira (@SukhpalKhaira) January 26, 2025
ਖਹਿਰਾ ਨੇ ਕਿਹਾ ਕਿ ਜਾਰੀ ਕੀਤੀ ਗਈ ਰਿਪੋਰਟ ਦਰਸਾਉਂਦੀ ਹੈ ਕਿ ਰਾਜ ਦਾ FHI ਸਕੋਰ ਸਭ ਤੋਂ ਘੱਟ 10.7 ਹੈ। ਇਸ ਦੇ ਮੁਕਾਬਲੇ, ਟਾਪ ਸਕੋਰਰ ਓਡੀਸ਼ਾ ਦਾ ਸਕੋਰ 67.8 ਹੈ ਜਦੋਂ ਕਿ ਪੰਜਾਬ ਦੀ ਰੈਕਿੰਗ 28.1 ਹੈ। ਪੰਜਾਬ ਦੇ ਗੁਆਂਢੀ ਰਾਜਾਂ ਹਰਿਆਣਾ ਅਤੇ ਰਾਜਸਥਾਨ ਨੇ ਵੀ ਕ੍ਰਮਵਾਰ 27.4 ਅਤੇ 28.6 ਦੀ FHI ਰੈਂਕਿੰਗ ਪ੍ਰਾਪਤ ਕੀਤੀ ਹੈ।
ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਲੱਖ ਕਰੋੜ ਰੁਪਇਆ ਕਿੱਥੇ ਖਰਚਿਆ ਹੈ। ਜਦੋਂ ਕਿ ਇੱਕ ਨਵਾਂ ਪੈਸਾ ਵੀ ਪੰਜਾਬ ਲਈ ਵਰਤਿਆ ਨਹੀਂ ਗਿਆ। ਖਹਿਰਾ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸਕਿਓਰਟੀ ਨੂੰ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਫਜੂਲ ਖਰਚੀ ਦੱਸਿਆ।
ਖਹਿਰਾ ਨੇ ਕਿਹਾ ਕਿ ਮਾਨ ਸਰਕਾਰ ਨੇ ਮਗਰਲੀਆਂ ਸਰਕਾਰਾਂ ਦਾ ਰਿਕਾਰਡ ਤੋੜ ਕੇ ਪੰਜਾਬ ਨੂੰ ਤਬਾਹੀ ਦੇ ਕੰਡੇ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਖਹਿਰਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿ ਜਿਹੜੇ ਕਹਿੰਦੇ ਕੁਝ ਸੀ ਅਤੇ ਕੀਤਾ ਕੀ ਆ ਇਹਨਾਂ ਨੂੰ ਦਿੱਲੀ ਵਿੱਚ ਵੀ ਹਰਾਓ। ਖਹਿਰਾ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਦੀ ਗੱਲ, ਪੰਜਾਬ ਪੱਖੀ ਗੱਲ ਨਹੀਂ ਕਰਦੇ, ਜਿਹੜੇ NSA ਲਾਉਂਦੇ ਹਨ, ਜਿਹੜੇ UAPA ਲਾਉਂਦੇ ਹਨ, ਜਿਹੜੇ ਸਾਡੀ ਨਸਲ ਕੁਸ਼ੀ ਕਰਦੇ ਹਨ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਜ਼ਾਕ ਉਡਾਉਂਦੇ ਨੇ ਇਨਸਾਫ ਨਹੀਂ ਦਿੰਦੇ, ਨਸ਼ਿਆਂ ਦਾ ਉੱਤੇ ਰਾਜਨੀਤੀ ਕਰਦੇ ਨੇ ਇਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਨਾਲ ਸ਼ਾਂਤ ਕਰੋ।