‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਕੇਜਰੀਵਾਲ ਨੇ ਪੰਜਾਬ ਵਿੱਚ ਸਿੱਖਿਆ ਸਿਸਟਮ ਨੂੰ ਲੈ ਕੇ ਚੰਨੀ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਹਾਲ ਬਹੁਤ ਮਾੜਾ ਹੈ। ਕਈ ਸਕੂਲਾਂ ਵਿੱਚ ਪੜਾਉਣ ਲਈ ਅਧਿਆਪਕ ਹੀ ਨਹੀਂ ਹਨ। ਸਰਕਾਰੀ ਸਕੂਲਾਂ ਵਿੱਚ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ। ਦਿੱਲੀ ਵਾਂਗ ਪੰਜਾਬ ਦਾ ਸਿੱਖਿਆ ਸਿਸਟਮ ਬਦਲਾਂਗੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ 99.7 ਫ਼ੀਸਦ ਸ਼ਾਨਦਾਰ ਨਤੀਜੇ ਆ ਰਹੇ ਹਨ। ਦਿੱਲੀ ਦੇ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਅਸੀਂ ਦਿੱਲੀ ਦੇ ਸਰਕਾਰੀ ਸਕੂਲਾਂ ਵਾਂਗ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵੀ ਠੀਕ ਕਰਾਂਗੇ। ਪੰਜਾਬ ਦੇ ਸਰਕਾਰੀ ਸਕੂਲਾਂ ਦਾ ਹਾਲ ਨਾ ਤਾਂ ਕਾਂਗਰਸੀਆਂ ਤੋਂ ਸੁਧਾਰਿਆ ਗਿਆ ਅਤੇ ਨਾ ਹੀ ਅਕਾਲੀ ਦਲ ਤੋਂ।
ਕੇਜਰੀਵਾਲ ਨੇ ਪੰਜਾਬ ਦੇ ਸਾਰੇ ਅਧਿਆਪਕਾਂ ਨੂੰ ਪੰਜਾਬ ਦੇ ਪੁਨਰ ਨਿਰਮਾਣ ਮਿਸ਼ਨ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਕੇਜਰੀਵਾਲ ਨੇ ਚੰਨੀ ਸਰਕਾਰ ਨੂੰ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਕੁੱਝ ਸਮਾਂ ਹੋਰ ਚੰਨੀ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਅਗਲੀ ਵਾਰ ਜਦੋਂ ਉਹ (ਕੇਜਰੀਵਾਲ) ਪੰਜਾਬ ਆਉਣਗੇ ਤਾਂ ਉਹ ਧਰਨਾ ਦੇ ਰਹੇ ਅਧਿਆਪਕਾਂ ਨੂੰ ਮਿਲਣ ਲਈ ਧਰਨਾ ਸਥਾਨ ‘ਤੇ ਜਾਣਗੇ। ਕੇਜਰੀਵਾਲ ਨੇ ਅਧਿਆਪਕਾਂ ਦੇ ਅੱਠ ਮੁੱਦਿਆਂ ਦੀਆਂ ਅੱਠ ਗਾਰੰਟੀਆਂ ਦਿੱਤੀਆਂ ਹਨ :
- ਪੰਜਾਬ ਦੇ ਅੰਦਰ ਮਾਹੌਲ ਬਦਲਾਂਗੇ। ਅਧਿਆਪਕਾਂ ਨੂੰ ਚੰਗਾ ਮਾਹੌਲ ਦੇਵਾਂਗੇ ਅਤੇ ਉਨ੍ਹਾਂ ਦੇ ਨਾਲ ਮਿਲ ਕੇ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਕ੍ਰਾਂਤੀ ਲਿਆਵਾਂਗੇ।
- ਸਰਕਾਰ ਬਣਨ ਦੇ ਤੁਰੰਤ ਬਾਅਦ ਜਿੰਨੇ ਵੀ ਅਧਿਆਪਕ ਆਊਟਸੋਰਸਿੰਗ ਜਾਂ ਠੇਕੇ ‘ਤੇ ਕੰਮ ਕਰ ਰਹੇ ਹਨ, ਉਨ੍ਹਾਂ ਸਭ ਨੂੰ ਪੱਕਾ ਕੀਤਾ ਜਾਵੇਗਾ।
- ਅਧਿਆਪਕਾਂ ਦੀ ਟਰਾਂਸਫਰ ਪਾਲਿਸੀ ਬਦਲੀ ਜਾਵੇਗੀ। ਅਧਿਆਪਕਾਂ ਨੂੰ ਉਨ੍ਹਾਂ ਦੇ ਮਨ ਮੁਤਾਬਕ ਉਨ੍ਹਾਂ ਦੀ ਮਰਜ਼ੀ ਮੁਤਾਬਕ ਸਕੂਲ ਦਿੱਤਾ ਜਾਵੇਗਾ। ਉਨ੍ਹਾਂ ਨੂੰ ਘਰਾਂ ਤੋਂ ਦੂਰ ਨਹੀਂ ਭੇਜਿਆ ਜਾਵੇਗਾ। ਨਵੀਂ ਟਰਾਂਸਫਰ ਪਾਲਿਸੀ ਪਾਰਦਰਸ਼ੀ ਹੋਵੇਗੀ।
- ਪੰਜਾਬ ਵਿੱਚ ਅਧਿਆਪਕਾਂ ਦਾ ਨਾਨ-ਟੀਚਿੰਗ ਕੰਮ ਵਾਪਿਸ ਲਿਆ ਜਾਵੇਗਾ। ਅਧਿਆਪਕਾਂ ਤੋਂ ਪੜਾਉਣ ਤੋਂ ਇਲਾਵਾ ਹੋਰ ਕੋਈ ਵੀ ਦੂਸਰਾ ਕੰਮ ਨਹੀਂ ਕਰਵਾਇਆ ਜਾਵੇਗਾ।
- ਪੰਜਾਬ ਵਿੱਚ ਅਧਿਆਪਕਾਂ ਦੀਆਂ ਬਹੁਤ ਅਸਾਮੀਆਂ ਹਨ। ਇਨ੍ਹਾਂ ਸਾਰੀਆਂ ਅਸਾਮੀਆਂ ਨੂੰ ਸਰਕਾਰ ਬਣਨ ‘ਤੇ ਤੁਰੰਤ ਬਾਅਦ ਭਰੀਆਂ ਜਾਣਗੀਆਂ।
- ਪੰਜਾਬ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਕਰਵਾਉਣ ਲਈ ਅਸੀਂ ਵਿਦੇਸ਼ਾਂ ਵਿੱਚ ਭੇਜਾਂਗੇ।
- ਅਧਿਆਪਕਾਂ ਨੂੰ ਸਮੇਂ ਸਿਰ ਪ੍ਰਮੋਸ਼ਨ ਮਿਲਿਆ ਕਰੇਗਾ।
- ਸਾਰੇ ਅਧਿਆਪਕਾਂ ਨੂੰ ਕੈਸ਼ਲੈੱਸ ਮੈਡੀਕਲ ਵਿਵਸਥਾ ਦਾ ਇੰਤਜ਼ਾਮ ਕੀਤਾ ਜਾਵੇਗਾ।
ਕੇਜਰੀਵਾਲ ਨੇ ਲੋਕਾਂ ਨੂੰ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣ ਦੀ ਅਪੀਲ ਕੀਤੀ। ਕੇਜਰੀਵਾਲ ਨੇ ਕਿਹਾ ਕਿ ਇਹ ਜੋ ਚੋਣਾਂ ਆ ਰਹੀਆਂ ਹਨ, ਇਹ ਪੂਰੇ ਪੰਜਾਬ ਦਾ ਭਵਿੱਖ ਬਦਲ ਸਕਦੀਆਂ ਹਨ। ਕੇਜਰੀਵਾਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਿੱਧੂ ਜਨਤਾ ਦੇ ਮੁੱਦੇ ਉਠਾ ਰਹੇ ਹਨ ਪਰ ਸਾਰੀ ਕਾਂਗਰਸ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਹੈ। ਪਹਿਲਾਂ ਕੈਪਟਨ ਸਿੱਧੂ ਨੂੰ ਦਬਾਉਣਾ ਚਾਹੁੰਦੇ ਸਨ ਅਤੇ ਹੁਣ ਸਾਰੀ ਕਾਂਗਰਸ। ਸਿੱਧੂ ਸੱਚ ਬੋਲਦੇ ਹਨ ਅਤੇ ਮੈਂ ਉਨ੍ਹਾਂ ਦੀ ਹਿੰਮਤ ਦੀ ਦਾਤ ਦਿੰਦਾ ਹਾਂ। ਸਿੱਧੂ ਨੇ ਖੁਦ ਕਿਹਾ ਹੈ ਕਿ ਚੰਨੀ ਸਾਬ੍ਹ ਝੂਠੇ ਵਾਅਦੇ ਕਰ ਰਹੇ ਹਨ।
ਕੇਜਰੀਵਾਲ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਸਭ ਤੋਂ ਪਹਿਲਾਂ ਪੰਜਾਬ ਦਾ ਖ਼ਜ਼ਾਨਾ ਕਿਸਨੇ ਖਾਲੀ ਕਰਵਾਇਆ ਹੈ, ਉਸਦੀ ਜਾਂਚ ਕਰਵਾਈ ਜਾਵੇਗੀ। ਕੇਜਰੀਵਾਲ ਨੂੰ ਖ਼ਜ਼ਾਨਾ ਭਰਨਾ ਵੀ ਆਉਂਦਾ ਹੈ ਅਤੇ ਜੋ-ਜੋ ਕਹਿੰਦੇ ਹਨ ਕਿ ਖ਼ਜ਼ਾਨਾ ਖਾਲੀ ਹੋ ਗਿਆ ਹੈ, ਉਨ੍ਹਾਂ ਤੋਂ ਸਰਕਾਰ ਨਹੀਂ ਚੱਲਦੀ, ਉਹ ਅਸਤੀਫ਼ਾ ਦੇ ਦੇਣ। ਅਸੀਂ ਸਰਕਾਰ ਚਲਾ ਕੇ ਵੀ ਦਿਖਾ ਦੇਵਾਂਗੇ ਅਤੇ ਖ਼ਜ਼ਾਨਾ ਭਰ ਕੇ ਵੀ ਦਿਖਾ ਦਿਆਂਗੇ।
ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ 25 ਵਿਧਾਇਕ ਅਤੇ 2 ਸੰਸਦ ਮੈਂਬਰ ਆਮ ਆਦਮੀ ਪਾਰਟੀ ਵਿੱਚ ਆਉਣ ਲਈ ਤਿਆਰ ਹਨ ਪਰ ਕਾਂਗਰਸ ਦੇ ਕੂੜੇ ਲਈ ਸਾਡੀ ਪਾਰਟੀ ਵਿੱਚ ਥਾਂ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਪਰ ਆਮ ਆਦਮੀ ਪਾਰਟੀ ਢੁੱਕਵੇਂ ਸਮੇਂ ‘ਤੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਮੁੱਖ ਮੰਤਰੀ ਦਾ ਚਿਹਰਾ ਨਹੀਂ ਹਨ।