‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਅੱਜ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਖੂਬ ਨਿਸ਼ਾਨੇ ਕੱਸੇ। ਉਨ੍ਹਾਂ ਨੇ ਕੇਜਰੀਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਤੋਂ ਇੱਕ ਮੌਕਾ ਮੰਗਣ ਤੋਂ ਪਹਿਲਾਂ ਕੇਜਰੀਵਾਲ ਇਹ ਦੱਸਣ ਕਿ ਉਹਨਾਂ ਨੇ ਦਿੱਲੀ ਵਿਚ ਪੰਜਾਬੀਆਂ ਤੇ ਸਿੱਖਾਂ ਨੂੰ ਕਿੰਨੇ ਮੌਕੇ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਦੀ ਜੰਗੀ ਕਲਾ ‘ਗੱਤਕਾ’ ਨੂੰ ਮਾਨਤਾ ਦਿਵਾਉਣ ਲਈ ਕੇਜਰੀਵਾਲ ਵੱਲੋਂ ਕੋਈ ਕਦਮ ਚੁੱਕਣ ਦੀ ਬਜਾਏ ਪਿਛਲੇ ਸੱਤ ਸਾਲਾਂ ਤੋਂ ਸਿਰਫ਼ ਲਾਰੇ ਲਗਾਏ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦੀ ਸਰਕਾਰ ਵਿਚ ਕੋਈ ਵੀ ਸਿੱਖ ਜਾਂ ਪੰਜਾਬੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੀ ਸਰਕਾਰ ਵਿੱਚ ਕੋਈ ਚੇਅਰਮੈਨ, ਪ੍ਰਮੁੱਖ ਅਫਸਰ, ਕਿਸੇ ਵੀ ਬੋਰਡ ਦਾ ਡਾਇਰੈਕਟਰ ਸਿੱਖ ਜਾਂ ਪੰਜਾਬੀ ਨਹੀਂ ਹੈ। ਹੋਰ ਤਾਂ ਹੋਰ ਕੇਜਰੀਵਾਲ ਸਰਕਾਰ ਦੇ ਮੁੱਖ ਸਕੱਤਰ ਜਾਂ ਉਹਨਾਂ ਦੇ ਆਪਣੇ ਪ੍ਰਮੁੱਖ ਸਕੱਤਰਾਂ ਵਿਚੋਂ ਵੀ ਕੋਈ ਸਿੱਖ ਜਾਂ ਪੰਜਾਬੀ ਨਹੀਂ ਹੈ।
ਬੈਂਸ ਨੇ ਕਿਹਾ ਕਿ ਦਿੱਲੀ ਵਿਚ ਵੱਡੀ ਗਿਣਤੀ ਵਿਚ ਆਈ ਏ ਐਸ, ਆਈ ਆਰ ਐਸ ਤੇ ਹੋਰ ਅਫਸਰ ਪੰਜਾਬੀ ਅਤੇ ਸਿੱਖ ਹਨ ਪਰ ਕੇਜਰੀਵਾਲ ਨੇ ਕਿਸੇ ਇਕ ਨੂੰ ਵੀ ਤਾਇਨਾਤ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦੇ ਦਿਲ ਵਿਚ ਪੰਜਾਬੀਆਂ ਪ੍ਰਤੀ ਸਿਰਫ ਬੇਰੁਖੀ ਹੈ ਪਰ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕੇਜਰੀਵਾਲ ਪੰਜਾਬ ਤੋਂ ਮੌਕਾ ਮੰਗ ਰਹੇ ਹਨ। ਉਹਨਾਂ ਸਵਾਲ ਕੀਤਾ ਕਿ ਉਹ ਕਿਸ ਮੂੰਹ ਨਾਲ ਇਹ ਮੌਕਾ ਮੰਗ ਰਹੇ ਹਨ ਜਦੋਂ ਕਿ ਉਹਨਾਂ ਕਦੇ ਪੰਜਾਬੀਆਂ ਤੇ ਸਿੱਖਾਂ ਦੀ ਕਦਰ ਨਹੀਂ ਪਾਈ।