The Khalas Tv Blog International ਕਰਤਾਰਪੁਰ ਲਾਂਘਾ- ਪਾਕਿਸਤਾਨ ਤੇ ਭਾਰਤ ਦੀ ਅੱਜ ਹੋਈ ਅਹਿਮ ਮੁਲਾਕਾਤ, ਦੋਵੇਂ ਦੇਸ਼ ਹੋਏ ਸਹਿਮਤ
International

ਕਰਤਾਰਪੁਰ ਲਾਂਘਾ- ਪਾਕਿਸਤਾਨ ਤੇ ਭਾਰਤ ਦੀ ਅੱਜ ਹੋਈ ਅਹਿਮ ਮੁਲਾਕਾਤ, ਦੋਵੇਂ ਦੇਸ਼ ਹੋਏ ਸਹਿਮਤ

‘ਦ ਖ਼ਾਲਸ ਬਿਊਰੋ:- ਅੱਜ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਕੰਮ ਨੂੰ ਮੁਕੰਮਲ ਕਰਨ ਸਬੰਧੀ ਪਾਕਿਸਤਾਨ ਤੋਂ ਇੰਜੀਨੀਅਰਾਂ ਦੀ ਟੀਮ ਡੇਰਾ ਬਾਬਾ ਨਾਨਕ ਪਹੁੰਚੀ। ਦੋਵਾਂ ਦੇਸ਼ਾਂ ਦਰਮਿਆਨ ਰਾਵੀ ਦਰਿਆ ‘ਤੇ ਪੁਲ ਬਣਾਉਣ ਨੂੰ ਲੈ ਕੇ ਸਾਂਝੇ ਤੌਰ ‘ਤੇ ਮੀਟਿੰਗ ਹੋਈ, ਜੋ ਕਰੀਬ ਇੱਕ ਘੰਟਾ ਚੱਲੀ। ਮੀਟਿੰਗ ਵਿੱਚ ਚਾਰ ਪਾਕਿਸਤਾਨ ਅਧਿਕਾਰੀ ਅਤੇ ਦੋ ਭਾਰਤੀ ਅਧਿਕਾਰੀ ਸ਼ਾਮਿਲ ਸਨ।

ਮੀਟਿੰਗ ਦੌਰਾਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਦੇ ਰਾਹ ਨੂੰ ਪਾਕਿਸਤਾਨ ਵਾਲੇ ਪਾਸਿਓ ਪੂਰਾ ਕਰਨ ਸੰਬੰਧੀ ਖਾਸ ਤੌਰ ਚਰਚਾ ਹੋਈ। ਜਦਕਿ ਭਾਰਤ ਵਾਲਿਓ ਪਾਸੇ ਤਾਂ ਪੁਲ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ।

ਭਾਰਤ ਸਰਕਾਰ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਪਾਕਿਸਤਾਨ ਤੋਂ ਆਈ ਚਾਰ ਮੈਂਬਰੀ ਸਰਵੇ ਟੀਮ ਨੂੰ ਭਾਰਤ ਵੱਲੋਂ ਉਸਾਰੇ ਗਏ ਪੁਲ ਦੀ ਡਰਾਇੰਗ ਦਿਖਾਈ ਗਈ ਅਤੇ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਇਹ ਪੁੱਲ ਦਾ ਨਿਰਮਾਣ ਕਿਉਂ ਜ਼ਰੂਰੀ ਹੈ। ਭਾਰਤੀ ਅਧਿਕਾਰੀ ਡੀ.ਜੀ.ਐਮ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਅੱਜ ਦੀ ਮੀਟਿੰਗ ਹਾਂ ਪੱਖੀ ਮਾਹੌਲ ਵਿੱਚ ਹੋਈ ਹੈ। ਪਿਛਲੀਆਂ ਮੀਟਿੰਗਾਂ ਵਿੱਚ ਪਾਕਿਸਤਾਨ ਕੋਈ ਨਾ ਕੋਈ ਇਤਰਾਜ਼ ਜ਼ਰੂਰ ਜ਼ਾਹਿਰ ਕਰਦਾ ਸੀ ਪਰ ਇਸ ਵਾਰ ਪਾਕਿਸਤਾਨ ਨੇ ਹਾਂ ਪੱਖੀ ਰਵੱਈਆ ਦਿਖਾਇਆ ਹੈ।

ਹੁਣ ਪਾਕਿਸਤਾਨ ਆਪਣੇ ਵਾਲੇ ਪਾਸੇ  300 ਮੀਟਰ ਤੱਕ ਦਾ ਪੁਲ ਦਾ ਕੰਮ ਛੇਤੀ ਮੁਕੰਮਲ ਕਰਨ ਦੀ ਪ੍ਰਕਿਰਿਆ ਜਲਦ ਹੀ ਸ਼ੁਰੂ ਹੋ ਜਾਣ ਦੀ ਸੰਭਾਵਨਾਂ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇੱਕ ਮਹੀਨੇ ਦੇ ਵਿੱਚ ਸਾਰੀ ਡ੍ਰਾਇੰਗ ਫਾਈਨਲ ਹੋ ਜਾਵੇਗੀ ਅਤੇ ਇੱਕ ਸਾਲ ਦਰਮਿਆਨ ਪਾਕਿਸਤਾਨ ਵਾਲੇ ਪਾਸਿਓ ਪੁਲ ਦੇ ਨਿਰਮਾਣ ਦਾ ਕੰਮ ਅਤੇ ਇਸ ਨੂੰ ਜੋੜਨ ਦਾ ਕੰਮ ਮੁਕੰਮਲ ਹੋ ਜਾਵੇਗਾ।

Exit mobile version