‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖ ਸ਼ਰਧਾਲੂਆਂ ਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਸਿਕ ਨੂੰ ਹਾਲੇ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਨੂੰ ਲੈ ਕੇ ਸਪੱਸ਼ਟ ਕੀਤਾ ਹੈ ਕਿ ਅਜੇ ਕਰਤਾਰਪੁਰ ਲਾਂਘਾ ਨਹੀਂ ਖੋਲ੍ਹਿਆ ਜਾਵੇਗਾ। ਭਾਰਤ ਸਰਕਾਰ ਨੇ ਕੋਰੋਨਾ ਮਹਾਂਮਾਰੀ ਦਾ ਹਵਾਲਾ ਦਿੰਦਿਆਂ ਇਹ ਫੈਸਲਾ ਕੀਤਾ ਹੈ। ਕੱਲ੍ਹ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੀਆਂ ਕਿਆਸਰਾਈਆਂ ਦੇ ਸਵਾਲ ‘ਤੇ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਆਇਆ ਹੈ।
ਭਾਰਤ-ਪਾਕਿ ਦੋਵੇਂ ਦੇਸ਼ਾਂ ਵਿਚਕਾਰ ਜ਼ਮੀਨੀ ਰਸਤੇ ਰਾਹੀਂ ਬਹੁਤ ਹੀ ਸੀਮਤ ਆਵਾਜਾਈ ਅਟਾਰੀ-ਵਾਹਘਾ ਸਰਹੱਦ ਚੈਕ ਪੁਆਇੰਟ ਰਾਹੀਂ ਹੀ ਹੋ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ 1500 ਤੀਰਥ ਯਾਤਰੀਆਂ ਦਾ ਇੱਕ ਜਥਾ 17 ਤੋਂ 26 ਨਵੰਬਰ ਤੱਕ ਪਾਕਿਸਤਾਨ ਜਾ ਰਿਹਾ ਹੈ, ਪਰ ਇਹ ਯਾਤਰਾ ਅਟਾਰੀ-ਵਾਹਘਾ ਚੈਕ ਪੁਆਇੰਟ ਤੋਂ ਹੀ ਹੋਵੇਗੀ। ਇਹ ਜਥਾ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਸਣੇ 6 ਧਾਰਮਿਕ ਸਥਾਨਾਂ ਦੀ ਯਾਤਰਾ ਕਰੇਗਾ। ਇਹ ਯਾਤਰਾ 1974 ਦੇ ਤੀਰਥ ਯਾਤਰਾ ਪ੍ਰੋਟੋਕੋਲ ਤਹਿਤ ਹੋਵੇਗੀ।
ਪੰਜਾਬ ਦੀਆਂ ਕਈ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਕੇਂਦਰ ਸਰਕਾਰ ਨੂੰ ਮੰਗ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਵੀ ਵਿਸ਼ੇਸ਼ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਮਾਰਚ 2020 ਤੋਂ ਕੋਰੋਨਾ ਖਤਰੇ ਦੇ ਮੱਦੇਨਜ਼ਰ ਬੰਦ ਹੈ। ਪਾਕਿਸਤਾਨ ਨੇ ਵੀ ਭਾਰਤ ਨੂੰ ਕਰਤਾਰਪੁਰ ਲਾਂਘੇ ਨੂੰ ਮੁੜ ਖੋਲ੍ਹਣ ਅਤੇ ਸਿੱਖ ਸ਼ਰਧਾਲੂਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਜਸ਼ਨਾਂ ਲਈ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ।