The Khalas Tv Blog Lok Sabha Election 2024 ਜਲੰਧਰ ‘ਚ ਕਾਂਗਰਸ ਨੂੰ ਡਬਲ ਝਟਕਾ! ਤੀਜੇ ਦੀ ਤਿਆਰੀ!
Lok Sabha Election 2024 Punjab

ਜਲੰਧਰ ‘ਚ ਕਾਂਗਰਸ ਨੂੰ ਡਬਲ ਝਟਕਾ! ਤੀਜੇ ਦੀ ਤਿਆਰੀ!

Karamjit Kaur and Tajinderpal Singh Bittu joins BJP

ਬਿਉਰੋ ਰਿਪੋਰਟ – ਪੰਜਾਬ ਕਾਂਗਰਸ (Punjab congress) ਨੂੰ 2 ਵੱਡੇ ਝਟਕੇ ਲੱਗੇ ਹਨ ਅਤੇ ਤੀਜਾ ਲੱਗ ਸਕਦਾ ਹੈ। ਟਿਕਟ ਨਾ ਮਿਲਣ ਤੋਂ ਨਰਾਜ਼ ਜਲੰਧਰ ਦੇ 2 ਵਾਰ ਦੇ ਸਾਬਕਾ ਸਾਂਸਦ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਪਤੀ ਦੀ ਮੌਤ ਤੋਂ ਬਾਅਦ 2023 ਦੀ ਜ਼ਿਮਨੀ ਚੋਣ ਵਿੱਚ ਟਿਕਟ ਦਿੱਤੀ ਸੀ ਪਰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਸ਼ ਕੁਮਾਰ ਰਿੰਕੂ ਤੋਂ ਹਾਰ ਗਏ ਸਨ। ਇਸ ਵਾਰ ਵੀ ਉਨ੍ਹਾਂ ਦੇ ਪੁੱਤਰ ਅਤੇ ਕਾਂਗਰਸੀ ਵਿਧਾਇਕ ਵਿਕਰਮ ਚੌਧਰੀ ਆਪਣੀ ਮਾਂ ਕਰਮਜੀਤ ਕੌਰ ਲਈ ਟਿਕਟ ਮੰਗ ਰਹੇ ਸਨ ਪਰ ਪਾਰਟੀ ਨੇ ਉਨ੍ਹਾਂ ਦੀ ਥਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦਿੱਤੀ।

ਬੀਜੇਪੀ ਵਿੱਚ ਸ਼ਾਮਲ ਹੋਣ ਮਗਰੋਂ ਕਰਮਜੀਤ ਕੌਰ ਨੇ ਕਿਹਾ ਕਿ ਸਾਡਾ ਪਰਿਵਾਰ ਟਕਸਾਲੀ ਕਾਂਗਰਸੀ ਸੀ ਪਰ ਸਾਨੂੰ ਨਜ਼ਰਅੰਦਾਜ਼ ਕੀਤਾ ਗਿਆ, ਕਾਂਗਰਸ ਨੂੰ ਇਸ ਦੀ ਪਰਚੋਲ ਕਰਨ ਦੀ ਜ਼ਰੂਰਤ ਹੈ। ਕਰਮਜੀਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਤਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਉਹ ਦੇਸ਼ ਨੂੰ ਅੱਗੇ ਲਿਜਾ ਰਹੇ ਹਨ ਤੇ ਅਸੀਂ ਉਨ੍ਹਾਂ ਦੇ ਇਸ ਮਿਸ਼ਨ ਨਾਲ ਜੁੜ ਰਹੇ ਹਾਂ।

AICC ਦੇ ਜਨਰਲ ਸਕੱਤਰ ਵੀ ਬੀਜੇਪੀ ਦੇ ਹੋਏ

ਇਸ ਦੇ ਨਾਲ ਹੀ ਗਾਂਧੀ ਪਰਿਵਾਰ (Gandhi Family) ਦੇ ਨਜ਼ਦੀਕੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ (AICC Secretary) ਅਤੇ ਹਿਮਾਚਲ ਪ੍ਰਦੇਸ਼ ਦੇ ਸਹਿ ਇੰਚਾਰਜ ਤਜਿੰਦਰ ਸਿੰਘ ਬਿੱਟੂ ਵੀ ਕਰਮਜੀਤ ਕੌਰ ਦੇ ਨਾਲ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਸ਼ਨਿੱਚਰਵਾਰ ਸਵੇਰੇ ਹੀ ਉਨ੍ਹਾਂ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਬਿੱਟੂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਹੋਏ ਕਿਹਾ ਉਨ੍ਹਾਂ ਨੇ ਸਿੱਖ ਭਾਈਚਾਰੇ ਅਤੇ ਪੰਜਾਬ ਦੇ ਲਈ ਵੱਡਾ ਯੋਗਦਾਨ ਦਿੱਤਾ ਹੈ, ਅਸੀਂ ਵੀ ਉਨ੍ਹਾਂ ਨਾਲ ਮਿਲ ਕੇ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਾਂ।

ਬਿੱਟੂ 2002 ਵਿੱਚ ਜਲੰਧਰ ਕਾਂਗਰਸ ਦੇ ਜ਼ਿਲ੍ਹਾਂ ਪ੍ਰਧਾਨ ਬਣੇ ਸਨ ਅਤੇ ਕੈਪਨਟ ਅਮਰਿੰਦਰ ਸਿੰਘ (Capt Amrinder Singh) ਸਰਕਾਰ ਵੇਲੇ ਉਹ ਜਲੰਧਰ ਇਮਪਰੂਵਮੈਂਟ ਟਰਸਟ (Jalandhar improvement Trust) ਦੇ ਚੇਅਰਮੈਨ ਵੀ ਸਨ। ਪਿਛਲੇ 5 ਸਾਲਾਂ ਤੋਂ ਉਹ AICC ਦੇ ਸਕੱਤਰ ਸਨ। ਇਸ ਤੋਂ ਇਲਾਵਾ ਜਲੰਧਰ ਦੇ ਸਾਬਕਾ ਕਾਂਗਰਸੀ ਸਾਂਸਦ ਮਹਿੰਦਰ ਸਿੰਘ ਕੇ.ਪੀ (Mahinder Singh KP) ਦੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਨਾਲ ਮੀਟਿੰਗ ਹੋਈ ਹੈ। ਜਲੰਧਰ ਤੋਂ ਟਿਕਟ ਨਾ ਮਿਲਣ ਤੋਂ ਉਹ ਨਰਾਜ਼ ਹਨ।

ਜਲੰਧਰ ਦੇ ਇੱਕ ਹੋਰ ਸਾਬਕਾ MP ਵੀ ਪਾਲਾ ਬਦਲਣ ਦੀ ਤਿਆਰੀ ‘ਚ?

ਹਾਲਾਂਕਿ ਸਾਬਕਾ ਐੱਮਪੀ ਮਹਿੰਦਰ ਸਿੰਘ ਕੇ.ਪੀ ਨੇ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਦੀ ਤਸਦੀਕ ਕੀਤੀ ਹੈ ਪਰ ਉਨ੍ਹਾਂ ਨੇ ਕਿਹਾ ਮੈਂ ਇਸ ਵਾਰ ਚੋਣ ਲੜਨ ਦਾ ਚਾਹਵਾਨ ਨਹੀਂ ਹਾਂ ਮੇਰੀ ਪਤਨੀ PGI ਵਿੱਚ ਦਾਖਲ ਹੈ । ਇਸ ਵੇਲੇ ਮੈਂ ਪਾਰਟੀ ਨਹੀਂ ਬਦਲ ਸਕਦਾ ਹਾਂ।

ਦਿਲਚਸਪ ਗੱਲ ਇਹ ਹੈ ਕਿ ਮਹਿੰਦਰ ਸਿੰਘ ਕੇ.ਪੀ ਦੀ ਧੀ ਕਰਿਸ਼ਮਾ ਦਾ ਵਿਆਹ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਭਤੀਜੇ ਮਨਰਾਜ ਸਿੰਘ ਨਾਲ ਹੋਇਆ ਹੈ। ਜੇ ਕੇ.ਪੀ ਚੰਨੀ ਦੇ ਖਿਲਾਫ ਅਕਾਲੀ ਦਲ ਦੀ ਟਿਕਟ ਤੋਂ ਖੜੇ ਹੁੰਦੇ ਹਨ ਤਾਂ ਇਹ 2 ਪਰਿਵਾਰਾਂ ਦੀ ਸਿੱਧੀ ਲੜਾਈ ਬਣ ਜਾਵੇਗੀ। ਹਾਲਾਂਕਿ ਕੇ.ਪੀ ਦੇ ਅਕਾਲੀ ਦਲ ਵਿੱਚ ਆਉਣ ਦੀਆਂ ਖ਼ਬਰਾਂ ਨਾਲ ਪਾਰਟੀ ਨੂੰ ਕਾਫ਼ੀ ਆਸ ਸੀ ਕਿਉਂਕਿ ਪਵਨ ਟੀਨੂੰ ਦੇ ਜਾਣ ਤੋਂ ਬਾਅਦ ਪਾਰਟੀ ਨੂੰ ਕੋਈ ਉਮੀਦਵਾਰ ਨਹੀਂ ਮਿਲ ਰਿਹਾ ਹੈ।

ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਹਫ਼ਤੇ ਮਹਿੰਦਰ ਸਿੰਘ ਕੇ.ਪੀ. ਕਾਂਗਰਸ ਹਾਈਕਮਾਨ ਨੂੰ ਹੁਸ਼ਿਆਰਪੁਰ ਦੀ ਟਿਕਟ ਦੇ ਲਈ ਮਿਲਣ ਗਏ ਸਨ। ਉਹ 2014 ਵਿੱਚ ਹੁਸ਼ਿਆਰਪੁਰ ਤੋਂ ਚੋਣ ਲੜ ਚੁੱਕੇ ਹਨ ਪਰ ਉਨ੍ਹਾਂ ਦੀ ਹਾਰ ਹੋਈ ਸੀ। ਮਹਿੰਦਰ ਸਿੰਘ ਕੇ.ਪੀ. ਡੇਰਾ ਰਾਧਾ ਸੁਆਮੀ ਬਿਆਸ ਦੇ ਕਾਫੀ ਨੇੜੇ ਹਨ।

ਅਕਾਲੀ ਦਲ ਨੂੰ ਆਸ ਹੈ ਕਿ ਜੇ ਕੇ.ਪੀ. ਉਨ੍ਹਾਂ ਦੇ ਪਾਲੇ ਵਿੱਚ ਆ ਜਾਂਦੇ ਹਨ ਤਾਂ ਪਾਰਟੀ ਨੂੰ ਜਲੰਧਰ ਅਤੇ ਹੁਸ਼ਿਆਰਪੁਰ ਦੋਵਾਂ ਥਾਵਾਂ ‘ਤੇ ਫਾਇਦਾ ਮਿਲੇਗਾ। ਅਕਾਲੀ ਦਲ ਮਹਿੰਦਰ ਕੇ.ਪੀ. ਨੂੰ ਜਲੰਧਰ ਅਤੇ ਹੁਸ਼ਿਆਰਪੁਰ ਦੋਵਾਂ ਸੀਟਾਂ ‘ਤੇ ਲੜਨ ਦੀ ਪੇਸ਼ਕਸ਼ ਕਰ ਸਕਦਾ ਹੈ ਕਿਉਂਕਿ ਦੋਵੇ ਸੀਟਾਂ ‘ਤੇ ਅਕਾਲੀ ਦਲ ਵੱਲੋਂ ਵਿਕਲਪ ਹਾਲੇ ਵੀ ਖਾਲੀ ਹੈ। ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਤੋਂ ਨਰਾਜ਼ ਆਗੂ ਵਿਜੇ ਸਾਂਪਲਾ ਦੇ ਵੀ ਅਕਾਲੀ ਦ ਜੁਆਇਨ ਕਰਨ ਦੀ ਚਰਚਾਵਾਂ ਸਨ ਪਰ ਉਹ ਹੁਣ ਤੱਕ ਕੋਈ ਫੈਸਲਾ ਨਹੀਂ ਲੈ ਸਕੇ।

ਅੱਜ ਦੀਆਂ ਖ਼ਾਸ ਖ਼ਬਰਾਂ – VIDEO – 20 ਅਪ੍ਰੈਲ ਦੀਆਂ 8 ਖ਼ਾਸ ਖ਼ਬਰਾਂ | ਹਰਸ਼ਰਨ ਕੌਰ

Exit mobile version