The Khalas Tv Blog Khaas Lekh ਕਾਂਗੜੀ
Khaas Lekh Khalas Tv Special

ਕਾਂਗੜੀ

– ਕਮਲਜੀਤ ਸਿੰਘ ਬਨਵੈਤ

‘ਦ ਖ਼ਾਲਸ ਬਿਊਰੋ :- ਪੈਂਤੀ ਵਰ੍ਹੇ ਹੋ ਗਏ ਗ੍ਰਹਿਸਤੀ ਦੀ ਗੱਡੀ ਰੇੜਦਿਆਂ। ਬੜੇ ਸਾਰੇ ਪੰਗੇ ਖੜੇ ਹੁੰਦੇ ਰਹੇ ਹਨ ਜਿਨ੍ਹਾਂ ਨੂੰ ਲੈ ਕੇ ਸਾਡੇ ਦੋਹਾਂ ਵਿੱਚ ਰਜ਼ਾਮੰਦੀ ਨਹੀਂ ਹੋਈ ਹੋਵੇਗੀ ਪਰ ਟਕਰਾਅ ਵੀ ਨਹੀਂ ਹੋਇਆ। ਅਸੀਂ ਦੋਵੇਂ ਇੱਕ-ਦੂਜੇ ਦੀਆਂ ਅੱਖਾਂ ਦੀ ਝਲਕ ਨਾਲ ਹੀ ਸਮਝ ਜਾਂਦੇ ਰਹੇ ਹਾਂ ਕਿ ਇੱਕ ਜਣਾ ਕੀ ਚਾਹੁੰਦਾ ਹੈ। ਉਂਝ ਸ੍ਰੀਮਤੀ ਦੀਆਂ ਬੜੀਆਂ ਸਾਰੀਆਂ ਰੀਝਾਂ ਵਿਆਹ ਤੋਂ ਅਗਲੇ ਦਿਨ ਹੀ ਅਧੂਰੀਆਂ ਰਹਿਣ ਲੱਗੀਆਂ ਸਨ ਪਰ ਉਸਨੇ ਕਦੇ ਐਂ ਅੜੀ ਨਹੀਂ ਕੀਤੀ। ‘ਮੈਂ ਤਾਂ ਆਹੀ ਚਾਹੁੰਦੀ ਹਾਂ। ਮੈਂ ਤਾਂ ਐਂ ਹੀ ਕਰਨਾ।’ ਘਰਾਂ ਵਿੱਚ ਭਾਂਡੇ ਖੜਕਣ ਵਾਲੀ ਗੱਲ ਵੀ ਬੱਚਿਆਂ ਦੇ ਵੱਡੇ ਹੋਣ ਤੋਂ ਬਾਅਦ ਹੀ ਸਮਝ ਆਉਣ ਲੱਗੀ ਹੈ।

ਰੂਬੀ ਦੀ ਇੱਛਾ ਸੀ ਕਿ ਵਿਆਹ ਤੋਂ ਬਾਅਦ ਹਨੀਮੂਨ ‘ਤੇ ਜਾਇਆ ਜਾਵੇ। ਉਹ ਵੀ ਕਸ਼ਮੀਰ ਜਾਂ ਸਵਿਟਜ਼ਰਲੈਂਡ। ਇੱਕ-ਦੂਜੇ ਨੂੰ ਸਮਝਣ, ਪਹਿਨਣ, ਪਰਚਣ, ਨੇੜੇ ਹੋਣ ਦਾ ਮੌਕਾ ਮਿਲ ਜਾਂਦਾ ਹੈ। ਜਦੋਂ ਸਾਡਾ ਵਿਆਹ ਹੋਇਆ ਤਾਂ ਪੰਜਾਬ ਦੇ ਹਾਲਾਤ ਤੱਤੇ ਚੱਲ ਰਹੇ ਸਨ। ਬੇਬੇ ਬਾਪੂ ਦੇ ਕਹਿਣ ‘ਤੇ ਉਹ ਘਰ ਵਿੱਚ ਹੀ ਰਹਿਣ ਲਈ ਰਜ਼ਾਮੰਦ ਹੋ ਗਈ। ਫੇਰ ਉਹ ਕਈ ਵਾਰ ਵਿੱਚ-ਵਿਚਾਲੇ ਕਹਿੰਦੀ ਰਹੀ “ਮੈਨੂੰ ਪਹਾੜ, ਬੀਚ ਅਤੇ ਬਰਫ਼ ਅੱਛੀ ਲੱਗਦੀ ਹੈ।” ਮੈਂ ਹਰ ਵਾਰ ਸੁਖਾਵੇਂ ਦਿਨ ਆਉਣ ਦਾ ਬਹਾਨਾ ਲਾ ਕੇ ਟਾਲਦਾ ਰਿਹਾ। ਜਦੋਂ ਕਿਸੇ ਮਿੱਤਰ ਸੱਜਣ ਨਾਲ ਗੱਲ ਕਰਦਿਆਂ ਬਾਹਰ ਘੁੰਮਣ ਫਿਰਨ ਦੀ ਗੱਲ ਤੁਰਦੀ ਤਾਂ ਉਹਦੇ ਮੂੰਹੋਂ ਕਿਰ ਜਾਂਦਾ “ਅਸੀਂ ਤਾਂ ਖੂਹ ਦੇ ਡੱਡੂ ਆਂ।”

ਮੇਰਾ ਮਨ ਸੀ ਕਿ ਪਿੰਡੋਂ ਆ ਕੇ ਚੰਡੀਗੜ੍ਹ ਵੱਸੇ ਆਂ, “ਚੰਗੀ ਨੌਕਰੀ ਹੱਥ ਆ ਜਾਵੇ, ਬੱਚੇ ਚੰਗੇ ਸਕੂਲਾਂ ਵਿੱਚ ਪੜ੍ਹ ਜਾਣ, ਆਪਣਾ ਘਰ ਬਣ ਜਾਵੇ, ਦੋ ਕੌਡੀਆਂ ਜੇਬ ਵਿੱਚ ਆ ਜਾਣ, ਫੇਰ ਮਸਤੀਆਂ ਮਾਰਿਆ ਕਰਾਂਗੇ” ਉਹ ਮੇਰੇ ਨਾਲ ਅਸਹਿਮਤ ਹੋ ਕੇ ਵੀ ਰਜਾਮੰਦ ਹੋ ਜਾਂਦੀ। ਆਹ ਤਾਂ ਚੰਗਾ ਹੋਇਆ ਕਿ ਅੱਠ-ਦਸ ਸਾਲ ਪਹਿਲਾਂ ਜਦੋਂ ਸਾਡੀ ਬੇਟੀ ਪੰਜਾਬ ਸਰਕਾਰ ਵਿੱਚ ਸੀਨੀਅਰ ਲੀਗਲ ਐਡਵਾਈਜ਼ਰ ਲੱਗੀ ਤਾਂ ਉਸਨੇ ਆਪਣੇ ਪਹਿਲੇ ਛੇ ਮਹੀਨਿਆਂ ਦੀ ਤਨਖਾਹ ਜੋੜ ਕੇ ਸਾਡੇ ਵਿਆਹ ਦੀ 25ਵੀਂ ਵਰ੍ਹੇਗੰਢ ‘ਤੇ ਗੋਆ ਦਾ ਸਰਪ੍ਰਾਈਜ਼ ਟੂਰ ਤੋਹਫੇ ਵਜੋਂ ਦੇ ਦਿੱਤਾ ਸੀ। ਇੱਕ ਵਾਰ ਪਹਿਲਾਂ ਵੀ ਸਾਡੇ ਆਈਏਐੱਸ ਅਫਸਰ ਮਿੱਤਰ ਨੇ ਧੱਕੇ ਨਾਲ ਮਨਾਲੀ ਦਾ ਟੂਰ ਬਣਾ ਲਿਆ ਸੀ। ਸ਼ਿਮਲਾ ਦੇ ਗੇੜੇ ਦੀ ਫੇਰੀ ਨੂੰ ਤਾਂ ਕੋਈ ਯਾਤਰਾ ਵਿੱਚ ਗਿਣਦਾ ਹੀ ਨਹੀਂ।

ਆਹ ਪਿਛਲੇ ਦਿਨੀਂ ਰੂਬੀ ਨੇ ਬੱਚਿਆਂ ਨਾਲ ਮਿਲ ਕੇ ਕਸ਼ਮੀਰ ਦਾ ਇੱਕ ਹਫ਼ਤੇ ਦਾ ਟੂਰ ਬਣਾ ਲਿਆ। ਬੇਟੇ ਨੇ ਹਵਾਈ ਜਹਾਜ, ਹੋਟਲ ਸਮੇਤ ਸਾਰਾ ਕੁੱਝ ਆਨਲਾਈਨ ਬੁੱਕ ਕਰਵਾ ਦਿੱਤਾ। ਮੇਰੀ ਨਾਂਹ ਕਰਨ ਦੀ ਗੂੰਜਾਇਸ਼ ਹੀ ਨਾ ਬਚੀ। ਜਿਵੇਂ-ਜਿਵੇਂ ਯਾਤਰਾ ਦੇ ਦਿਨ ਨੇੜੇ ਆਉਣ, ਕਸ਼ਮੀਰ ਤੋਂ ਵੀ ਤੱਤੀਆਂ ਹਵਾਵਾਂ ਆਉਣ ਲੱਗ ਪਈਆਂ। ਸਭ ਦਾ ਦਿਲ ਡਾਵਾਂਡੋਲ ਪਰ ਫਿਰ ਵੀ ਟੂਰ ਨਾ ਛੱਡਣ ਦੀ ਆਪਸੀ ਸਹਿਮਤੀ ਬਣ ਗਈ। ਮੁਹਾਲੀ ਤੋਂ ਜਹਾਜ਼ ਸ੍ਰੀਨਗਰ ਆ ਕੇ ਰੁਕਿਆ। ਪਹਿਲੀ ਰਾਤ ਪੁਲਵਾਮਾ ਜ਼ਿਲ੍ਹੇ ਵਿੱਚ ਰਹਿੰਦੇ ਇੱਕ ਦੋਸਤ ਦੇ ਘਰ ਕੱਟੀ। ਗਰਮ ਹਾਲਾਤਾਂ ਕਾਰਨ ਏਅਰਪੋਰਟ ਤੋਂ ਮਿੱਤਰ ਦੇ ਘਰ ਜਾਂਦਿਆਂ ਰਾਹ ਵਿੱਚ ਟੈਕਸੀ ਦੇ ਡਰਾਈਵਰ ਅਤੇ ਅਸੀਂ ਰੱਬ-ਰੱਬ ਕਰਕੇ ਮਸਾਂ ਰਸਤਾ ਮੁਕਾਇਆ। ਅਗਲੇ ਦਿਨ ਮੀਂਹ ਕਹੇ ਕਿ ਮੈਂ ਹੀ ਮੈਂ ਹਾਂ। ਫਿਰ ਵੀ ਟਰਾਲ ਤੋਂ ਬਰਾਸਤਾ ਅਨੰਤਨਾਗ ਅਸੀਂ ਪਹਿਲਗਾਮ ਨੂੰ ਗੱਡੀ ਪਾ ਲਈ। ਉੱਥੇ ਜਾ ਕੇ ਅਸੀਂ ਜਿਸ ਹੋਟਲ ਵਿੱਚ ਰੁਕੇ, ਉੱਥੋਂ ਪਹਾੜ ਦੂਰ ਨਹੀਂ ਸਨ। ਦਰਿਆ ਵੀ ਮੂਹਰ ਦੀ ਲੰਘਦਾ ਸੀ। ਰੂਬੀ ਸਮੇਤ ਬੱਚਿਆਂ ਲਈ ਸਾਰਾ ਸਮਾਂ ਸਾਈਟ ਸੀਨ ਦਿਲਚਸਪੀ ਬਣੇ ਰਹੇ ਪਰ ਮੈਂ ਗੈਸਟ ਹਾਊਸ ਦੇ ਦੋ ਪਿਉ ਪੁੱਤਰ ਕਰਿੰਦਿਆਂ ਵਿੱਚ ਵਧੇਰੇ ਰਚਮਿੱਚ ਗਿਆ। ਕਸ਼ਮੀਰ ਵਿੱਚ ਜਿੱਧਰ ਵੀ ਨਜ਼ਰ ਮਾਰੋ, ਸਰਦੀਆਂ ਨੂੰ ਸਾਰੇ ਜਣੇ ਹੀ ਬੁੱਕਲਾਂ ਵਿੱਚ ਕਾਂਗੜੀ (ਅੱਗ ਵਾਲੀ ਛੋਟੀ ਜਿਹੀ ਅੰਗੀਠੀ) ਲਈ ਫਿਰਦੇ ਹਨ ਪਰ ਇਹ ਪਿਉ-ਪੁੱਤਰ ਸਨ ਕਿ ਕਦੇ ਵੀ ਬੁੱਕਲ ਵਿੱਚ ਕਾਂਗੜੀ ਨਾ ਚੁੱਕਦੇ। ਪੁੱਤ ਬਾਹਲਾ ਹੀ ਸਾਊ ਸੀ ਅਤੇ ਬਾਪ ਗੱਲੀਂ-ਗੱਲੀਂ ਗਾਹਕਾਂ ਦੇ ਢਿੱਡ ਵਿੱਚ ਵੜ ਜਾਣ ਵਾਲਾ। ਜਦੋਂ ਬੱਚੇ ਬੇਤਾਬ ਵੈਲੀ ਵੇਖਣ ਗਏ ਤਾਂ ਮੈਂ ਗੈਸਟ ਹਾਊਸ ਹੀ ਠਹਿਰ ਗਿਆ।

ਦੋ ਦਿਨਾਂ ਦੇ ਮੀਂਹ ਪਿੱਛੋਂ ਉਸ ਦਿਨ ਸੂਰਜ ਚਮਕਿਆ। ਮੈਂ ਲਾਅਨ ਵਿੱਚ ਕੱਪੜੇ ਸੁੱਕਣੇ ਪਾਉਂਦੇ ਬਾਪ ਬੇਟੇ ਕੋਲ ਜਾ ਰੁਕਿਆ। ਮੇਰਾ ਦਿਲ ਸੀ ਕਿ ਇਨ੍ਹਾਂ ਨੂੰ ਥੋੜਾ ਛੇੜ ਕੇ ਦਿਲ ਦੀਆਂ ਗੱਲਾਂ ਸੁਣਾਂ। ਬਾਪ ਦੀਆਂ ਅੱਖਾਂ ਵਿੱਚੋਂ ਸਾਫ ਪੜਿਆ ਜਾ ਸਕਦਾ ਸੀ ਕਿ ਉਸਦੀਆਂ ਹਸਰਤ ਭਰੀਆਂ ਅੱਖਾਂ, ਮੀਚਵੇਂ ਬੁੱਲਾਂ ਵਾਲੀ ਮੁਸਕੁਰਾਹਟ ਅਤੇ ਮਿਲਣ-ਗਿਲਣ ਦੇ ਸਲੀਕੇ ਪਿੱਛੇ ਕੋਈ ਦਰਦ ਲੁਕਿਆ ਪਿਆ ਹੈ। ਪਿਉ-ਪੁੱਤਰ ਦਾ ਆਪਸੀ ਪਿਆਰ ਸਭ ਨੂੰ ਮੋਹ ਲੈਂਦਾ। ਮੈਂ ਦੇਖਿਆ ਬੜੇ ਸਾਰੇ ਮਹਿਮਾਨ ਜਾਣ ਲੱਗਿਆਂ ਉਨ੍ਹਾਂ ਨਾਲ ਯਾਦਗਾਰੀ ਤਸਵੀਰਾਂ ਖਿਚਵਾਉਂਦੇ। ਉਹ ਵੀ ਅਲਵਿਦਾ ਕਹਿਣ ਤੋਂ ਪਹਿਲਾਂ ਅਣਭੋਲ ਵਿੱਚ ਹੋਈ ਗਲਤੀ ਜਾਂ ਸੇਵਾ ਵਿੱਚ ਰਹਿ ਗਈ ਕਮੀ ਲਈ ਮੁਆਫੀ ਮੰਗ ਲੈਂਦਾ। ਬੱਚਿਆਂ ਦੀਆਂ ਗੱਲਾਂ ਪਲੋਸਦਾ, ਚੁੱਕ-ਚੁੱਕ ਛਾਤੀ ਨਾਲ ਲਾਉਂਦਾ। ਮੈਂ ਗੱਲ ਤਾਂ ਸ਼ੁਰੂ ਕੀਤੀ ਕਿ ਤੁਸੀਂ ਗੋਵੇਂ ਬੜੇ ਮਿਹਨਤੀ ਹੋ, ਨਿਮਰ ਹੋ, ਦਿਨ ਰਾਤ ਮਹਿਮਾਨਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹੋ ਪਰ ਜਾਣ-ਬੁੱਝ ਕੇ ਗੱਲ਼ ਉਨ੍ਹਾਂ ਦੇ ਪਰਿਵਾਰ ਉੱਤੇ ਲੈ ਗਿਆ। ਫੇਰ ਮੈਂ ਉਨ੍ਹਾਂ ਵੱਲੋਂ ਬੁੱਕਲ ਵਿੱਚ ਕਾਂਗੜੀ ਨਾ ਲੈ ਕੇ ਠੰਢ ਤੋਂ ਬਚਣ ਬਾਰੇ ਪੁੱਛ ਲਿਆ। ਉਹ ਵੀ ਸ਼ਾਇਦ ਮੇਰੇ ਓਪਰੇ ਸਵਾਲ ਨਾਲ ਮੇਰੀਆਂ ਅੱਖਾਂ ਦੇ ਅੰਦਰਲੇ ਸਵਾਲ ਨੂੰ ਪੜ ਗਏ ਸੀ। ਮੈਂ ਪਹਿਲਾਂ ਵੀ ਜਦੋਂ ਰਸੋਈ ਵਿੱਚ ਜਾਂਦਾ ਤਾਂ ਕਈ ਵਾਰ ਉਸਨੂੰ ਦੋਹਾਂ ਦੀ ਜ਼ੰਦਗੀ ਬਾਰੇ ਨਿੱਕੇ-ਮੋਟੇ ਸਵਾਲ ਕਰਦਾ ਰਹਿੰਦਾ।

ਫੇਰ ਦਰਦ ਕਹਾਣੀ ਛੇੜ ਦਿੱਤੀ ਕਿ ਉਸਦੀ ਪਤਨੀ ਡੇਢ ਦਿਨ ਦੇ ਬੱਚੇ ਨੂੰ ਛੱਡ ਕੇ ਮਰ ਗਈ ਸੀ। ਉਸਨੇ ਬੱਚੇ ਨੂੰ ਆਪ ਪਾਲਿਆ। ਥੋੜਾ ਗਰਦਨ ਸੰਭਲਣ ਜੋਗਾ ਹੋਇਆ ਤਾਂ ਛਾਤੀ ਨਾਲ ਬੰਨ੍ਹ ਕੇ ਦਿਨ ਰਾਤ ਡਿਊਟੀ ਦਿੰਦਾ। ਥੋੜਾ ਹੋਰ ਵੱਡਾ ਹੋਇਆ ਤਾਂ ਹੋਟਲ ਦੇ ਸਟੋਰ ਨਾਲ ਲੱਗਦੇ ਕਮਰੇ ਵਿੱਚ ਸੁਆਂ ਕੇ ਅੱਧ-ਪਚੱਧੀ ਦਿਹਾੜੀ ਕਰਨ ਲੱਗ ਪਿਆ। ਤੁਰਨ ਜੋਗਾ ਹੋਇਆ ਤਾਂ ਕੰਮ ਵੇਲੇ ਪੁੱਤ ਨਾਲ-ਨਾਲ। ਪੁੱਤ ਦੇ 14 ਸਾਲ ਦੇ ਹੁੰਦਿਆਂ ਹੀ ਉਸਨੇ ਆਪਣੇ ਨਾਲ ਹੀ ਕੰਮ ‘ਤੇ ਡਾਹ ਲਿਆ। ਪਹਿਲਾਂ ਜਦੋਂ ਉਹ ਬੇਟੇ ਨੂੰ ਛਾਤੀ ਨਾਲ ਬੰਨ੍ਹ ਕੇ ਕੰਮ ਕਰਦਾ ਸੀ ਤਾਂ ਕਾਂਗੜੀ ਤੋਂ ਵੱਧ ਨਿੱਘ ਰਹਿੰਦਾ। ਹੁਣ ਵੀ ਜਦੋਂ ਨਾਲ ਰਲ ਕੇ ਕੰਮ ਕਰਦਾ ਹੈ ਤਾਂ ਬਾਹਰਲੇ ਨਿੱਘ ਦੀ ਲੋੜ ਨਹੀਂ ਰਹਿੰਦੀ। ਹੁਣ ਮੈਨੂੰ ਉਸਦੀ ਚੀਸ ਦੀ ਸਮਝ ਪੈ ਚੁੱਕੀ ਸੀ। ਫੇਰ ਉਹ ਕਹਿਣ ਲੱਗਾ ਕਿ “ਆਪ ਪੰਜਾਬ ਸੇ ਸਰਦਾਰ ਹੋ ਨਾ ! ਮੈਂ ਟੀਵੀ ਮੇਂ ਬਹੁਤ ਕੁੱਝ ਦੇਖਤਾ ਹੂੰ। ਵਹਾਂ ਕੇ ਲੜਕੇ ਬਾਪ ਕਾ ਹਾਥ ਛੋੜਤੇ ਹੀ ਕੈਸੇ ਵਿਗੜ ਜਾਤੇ ਹੈਂ। ਨਸ਼ੋਂ ਮੇਂ ਕੈਸੇ ਜਵਾਨੀ ਉੱਜੜ ਰਹੀ ਹੈ। ਮੈਨੇਂ ਸਭ ਟੀਵੀ ਮੇਂ ਦੇਖਾ। “

ਫਿਰ ਉਹ ਕਹਿਣ ਲੱਗਾ ਕਿ ‘ਬੱਸ ਆਹ ਪਾਂਚ-ਸਾਤ ਸਾਲ ਕੀ ਔਰ ਬਾਤ ਹੈ, ਫਿਰ ਯੇ ਸਮਝ ਜਾਏਗਾ ਅੱਛਾ ਕਿਆ ਹੈ, ਬੁਰਾ ਕਿਆ ਹੋਤਾ ਹੈ। ਸ਼ਾਦੀ ਹੋਤੇ ਹੀ ਇਸਕੋ ਛੋੜ ਦੂੰਗਾ ਇਸਕੇ ਪਰਿਵਾਰ ਕੇ ਲੀਏ। ‘ ਮੈਥੋਂ ਪੁੱਛਿਆ ਗਿਆ ‘ ਜਬ ਯੇ ਆਪਣੇ ਪਰਿਵਾਰ ਮੇਂ  ਰਚ ਮਿੱਚ ਗਿਆ ਤੋ ਤੋ ਆਪ ਕੋ ਕਾਂਗੜੀ ਕੀ ਜ਼ਰੂਰਤ ਪੜੇਗੀ। ‘ “ਆਪ ਨਹੀਂ ਜਾਨਤੇ ਮੇਰੀ ਬੁੱਕਲ ਮੇਂ ਏਕ ਔਰ ਕਾਂਗੜੀ ਹਮੇਸ਼ਾ ਰਹਿਤੀ ਹੈ। ਇਸਕੀ ਮਾਂ ਕੀ ਯਾਦ ਵਾਲੀ ਕਾਂਗੜੀ।” ਮੈਥੋਂ ਕੁੱਝ ਹੋਰ ਕਿਹਾ ਨਾ ਗਿਆ “ਅੱਛਾ ਫਿਰੋਜ਼ ਜਾਣੇ ਸੇ ਪਹਿਲੇ ਫਿਰ ਮਿਲੇਂਗੇ।” ਕਹਿੰਦਿਆਂ ਮੈਂ ਆਪਣੇ ਕਮਰੇ ਵੱਲ ਨੂੰ ਹੋ ਤੁਰਿਆ ਅਤੇ ਨਾਲ ਹੀ ਮੇਰਾ ਮਨ ਮਲਕਾ ਨਾਲ ਗੱਲੀ ਜੁੜ ਗਿਆ ਜਿਹੜੀ ਦੋਹਾਂ ਵਿਆਹਾਂ ਦੇ ਬੱਚੇ ਛੱਡ ਕੇ ਹੁਣ ਅਸਟ੍ਰੇਲੀਆ ਵਿੱਚ ਪੱਕੇ ਹੋਣ ਲਈ ਤੀਜੇ ਵਿਆਹ ਵਾਸਤੇ ਫੇਸਬੁੱਕ ‘ਤੇ ਬੰਦਾ ਲੱਭ ਰਹੀ ਹੈ। ਮਾਲਦਾਰ ਬੰਦੇ ਲਈ ਉਸਨੇ ਦੋ ਗੇੜੇ ਤਾਂ ਕੈਨੇਡਾ ਦੇ ਲਾ ਲਏ। ਪਹਿਲਾ ਪਤੀ ਉਹਦਾ ਰੱਬ ਨੂੰ ਪਿਆਰਾ ਹੋ ਗਿਆ ਸੀ। ਦੂਜੇ ਨੂੰ ਉਹ ਆਪ ਅਲਵਿਦਾ ਕਹਿ ਗਈ। ਇਸ ਤੋਂ ਅੱਗੇ ਸੋਚਣ ਦੀ ਮੇਰੀ ਹਿੰਮਤ ਨਾ ਰਹੀ।

ਸੰਪਰਕ : 98147-34035

Exit mobile version