ਬਿਉਰੋ ਰਿਪੋਰਟ – ਅਦਾਕਾਰਾ ਅਤੇ ਮੰਡੀ ਤੋਂ ਬੀਜੇਪੀ ਦੀ ਐੱਮਪੀ ਕੰਗਨਾ ਰਣੌਤ (Kangna Ranaut) ਦਾ ਮੁੜ ਤੋਂ ਕਿਸਾਨਾਂ (Farmer) ’ਤੇ ਦਿੱਤੇ ਗਏ ਬਿਆਨ ’ਤੇ ਵਿਵਾਦ ਹੋ ਗਿਆ ਹੈ। ਕੰਗਨਾ ਨੇ ਮੰਗ ਕੀਤੀ ਹੈ ਕਿ 3 ਖੇਤੀ ਕਾਨੂੰਨ (3 Farmer Law Repealed) ਮੁੜ ਤੋਂ ਵਾਪਸ ਲਿਆਉਣੇ ਚਾਹੀਦੇ ਹਨ। ਸਿਰਫ਼ 2 ਸੂਬਿਆਂ ਦੇ ਕਿਸਾਨਾਂ ਨੇ ਹੀ ਇਤਰਾਜ਼ ਕੀਤਾ ਸੀ। ਕਿਸਾਨਾਂ ਦੀ ਤਰੱਕੀ ’ਤੇ ਬ੍ਰੇਕ ਨਹੀਂ ਲੱਗਣੀ ਚਾਹੀਦੀ ਹੈ, ਕਿਸਾਨਾਂ ਦੀ ਭਲਾਈ ਲਈ ਬਣਾਏ ਗਏ ਤਿੰਨੋਂ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਮੰਗ ਆਪ ਕਿਸਾਨਾਂ ਨੂੰ ਕਰਨੀ ਚਾਹੀਦੀ ਹੈ।
ਕੰਗਨਾ ਨੇ ਕਿਹਾ ਜਿਵੇਂ ਵਨ-ਨੇਸ਼ਨ-ਵਨ ਇਲੈਕਸ਼ਨ ਲਿਆਇਆ ਗਿਆ ਹੈ ਇਸੇ ਤਰ੍ਹਾਂ ਕਿਸਾਨਾਂ ਦੀ ਤਰੱਕੀ ਲਈ 3 ਕਾਨੂੰਨ ਵੀ ਮੁੜ ਤੋਂ ਲਿਆਉਣੇ ਚਾਹੀਦੇ ਹਨ। ਕੰਗਨਾ ਦੇ ਤਿੰਨ ਕਾਨੂੰਨਾਂ ਮੁੜ ਤੋਂ ਲਿਆਉਣ ਦੀ ਮੰਗ ’ਤੇ ਕਿਸਾਨ ਆਗੂਆਂ ਦੇ ਨਾਲ ਪੰਜਾਬ ਬੀਜੇਪੀ ਦੇ ਆਗੂਆਂ ਨੇ ਵੀ ਅਦਾਕਾਰਾ ਨੂੰ ਨਸੀਹਤ ਦਿੱਤੀ ਹੈ।
ਕਿਸਾਨ ਆਗੂ ਰਾਕੇਸ਼ ਟਿਕੈਟ ਨੇ ਕਿਹਾ ਕੰਗਨਾ ਨੂੰ 3 ਖੇਤੀ ਕਾਨੂੰਨ ਦੇ ਬਾਰੇ ਕੁਝ ਵੀ ਨਹੀਂ ਪਤਾ ਹੈ। ਉਹ ਸਿਰਫ ਖ਼ਬਰਾਂ ਵਿੱਚ ਰਹਿਣ ਦੇ ਲਈ ਅਜਿਹੇ ਬਿਆਨ ਦਿੰਦੀ ਹੈ। ਬੀਜੇਪੀ ਨੂੰ ਚਾਹੀਦਾ ਹੈ ਕਿ ਕੰਗਨਾ ਨੂੰ ਅਜਿਹੇ ਬਿਆਨ ਤੋਂ ਦੂਰ ਰਹਿਣ ਦੀ ਨਸੀਹਤ ਦੇਵੇ।
ਉਧਰ ਪੰਜਾਬ ਦੇ ਕਿਸਾਨ ਆਗੂ ਹਰਜਿੰਦਰ ਸਿੰਘ ਲੱਖੋਵਾਲ ਨੇ ਕਿਹਾ ਕੰਗਨ ਕੀ ਪ੍ਰਧਾਨ ਮੰਤਰੀ ਤੋਂ ਵੀ ਸਿਆਣੀ ਹੋ ਗਈ ਹੈ? ਸਰਕਾਰ ਨੇ ਸੋਚ ਸਮਝ ਕੇ ਕਾਨੂੰਨ ਵਾਪਸ ਲਏ ਸਨ, ਲੱਖੋਵਾਲ ਨੇ ਕਿਹਾ ਮੈਂ ਬੀਜੇਪੀ ਨੂੰ ਬੇਨਤੀ ਕਰਦਾ ਹਾਂ ਕੰਗਨਾ ਦਾ ਇਲਾਜ ਕਰਵਾਇਆ ਜਾਵੇ। ਦੇਸ਼ ਵਿੱਚ ਮਾਹੌਲ ਖ਼ਰਾਬ ਨਾ ਕਰੇ ਕੰਗਨਾ।
ਬੀਜੇਪੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਵੀ ਕੰਗਨਾ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਸ ਨੂੰ ਆਪਣੀ ਹੱਦ ’ਚ ਰਹਿਣਾ ਚਾਹੀਦਾ ਹੈ, ਅਸੀਂ ਮੁਆਫ਼ੀ ਮੰਗ ਕੇ ਕਾਨੂੰਨ ਵਾਪਸ ਲਏ ਹਨ, ਕੰਗਨਾ ਵੱਡੀ ਹੈ ਜਾਂ ਪ੍ਰਧਾਨ ਮੰਤਰੀ? ਗਰੇਵਾਲ ਨੇ ਕਿਹਾ ਕੰਗਨਾ ਨੂੰ ਚਾਹੀਦਾ ਹੈ ਕਿ ਪੰਜਾਬ ਅਤੇ ਸਿੱਖਾਂ ਦੇ ਬਾਰੇ ਅਜਿਹੇ ਕੋਈ ਬਿਆਨ ਨਾ ਦੇਵੇ ਜਿਸ ਨਾਲ ਮਾਹੌਲ ਖ਼ਰਾਬ ਹੁੰਦਾ ਹੋਏ। ਬੀਜੇਪੀ ਆਗੂ ਨੇ ਕੰਗਨਾ ਨੂੰ ‘ਮਿਸਗਾਇਡਿਡ ਮਿਸਾਇਲ’ ਦੱਸਿਆ। ਸਿਰਫ਼ ਇੰਨਾਂ ਹੀ ਨਹੀਂ, ਗਰੇਵਾਲ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕੰਗਨਾ ਨੇ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਦੀ ਸੁਪਾਰੀ ਲਈ ਹੋਈ ਹੈ, ਕੰਗਨਾ ਨੂੰ ਸਿੱਖਾਂ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ।
ਪੰਜਾਬ ਵਿੱਚ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ (Partap sigh Bajwa) ਨੇ ਕਿਹਾ ਕਿ ਬੀਜੇਪੀ ਕਿਸਾਨ ਵਿਰੋਧੀ ਹੈ। ਇਸ ਸਾਜਿਸ਼ ਦੇ ਤਹਿਤ ਹੀ ਕੰਗਨਾ ਕੋਲੋਂ ਬਿਆਨ ਦਿਵਾਇਆ ਜਾ ਰਿਹਾ ਹੈ। ਹਰਿਆਣਾ ਚੋਣਾਂ ਵਿੱਚ ਕਿਸਾਨ ਬੀਜੇਪੀ ਦਾ ਵਿਰੋਧ ਕਰ ਰਹੇ ਹਨ, ਇਸੇ ਲਈ ਕੰਗਨਾ ਕੋਲੋ ਅਜਿਹੇ ਬਿਆਨ ਦਿਵਾ ਕੇ ਕਿਸਾਨਾਂ ਦੇ ਵਿਰੋਧ ਵਿੱਚ ਵੋਟਰਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਬੀਜੇਪੀ ਨੇ ਕੰਗਨਾ ਖ਼ਿਲਾਫ਼ ਕਾਰਵਾਈ ਕਰਨੀ ਹੁੰਦੀ ਤਾਂ ਹੁਣ ਤੱਕ ਸਸਪੈਂਡ ਕਿਉਂ ਨਹੀਂ ਕੀਤਾ ਗਿਆ ਹੈ?
ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ ਨੇ ਪੁੱਛਿਆ ਕੰਗਨਾ ਵਾਰ-ਵਾਰ ਅਜਿਹੇ ਬਿਆਨ ਦਿੰਦੀ ਹੈ, ਪਰ ਬੀਜੇਪੀ ਕੋਈ ਐਕਸ਼ਨ ਨਹੀਂ ਲੈਂਦੀ ਹੈ ਯਾਨੀ ਪਾਰਟੀ ਉਨ੍ਹਾਂ ਦੇ ਨਾਲ ਸਹਿਮਤ ਹੈ। ਜੇ ਸਹਿਮਤ ਨਹੀਂ ਹੈ ਤਾਂ ਪਾਰਟੀ ਤੋਂ ਬਾਹਰ ਕਰਨ। ਕੰਗਨਾ ਦੀਆਂ ਹਰਕਤਾਂ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਨ। ਜਿਹੜੇ 3 ਖੇਤੀ ਕਾਨੂੰਨੀ ਨੂੰ ਮੁਆਫ਼ੀ ਮੰਗ ਕੇ ਪ੍ਰਧਾਨ ਮੰਤਰੀ ਨੇ ਵਾਪਸ ਲਿਆ ਹੈ, ਉਸ ਨੂੰ ਕਿਸ ਹੈਸੀਅਤ ਨਾਲ ਕੰਗਨਾ ਜਾਇਜ਼ ਠਹਿਰਾ ਰਹੀ ਹੈ?