The Khalas Tv Blog India ਕੰਗਨਾ ਦਾ 3 ਖੇਤੀ ਕਾਨੂੰਨ ਲਾਗੂ ਕਰਨ ਵਾਲੇ ਬਿਆਨ ਤੋਂ U-TURN! ‘ਮੇਰੇ ਵਿਚਾਰ ਨਿੱਜੀ ਨਹੀਂ ਹੋਣੇ ਚਾਹੀਦੇ, ਮੈਨੂੰ ਖੇਦ ਹੈ!’
India Khetibadi Punjab

ਕੰਗਨਾ ਦਾ 3 ਖੇਤੀ ਕਾਨੂੰਨ ਲਾਗੂ ਕਰਨ ਵਾਲੇ ਬਿਆਨ ਤੋਂ U-TURN! ‘ਮੇਰੇ ਵਿਚਾਰ ਨਿੱਜੀ ਨਹੀਂ ਹੋਣੇ ਚਾਹੀਦੇ, ਮੈਨੂੰ ਖੇਦ ਹੈ!’

ਬਿਉਰੋ ਰਿਪੋਰਟ – ਕੰਗਨਾ ਰਣੌਤ (KANGANA RANAUT) ਨੇ 3 ਖੇਤੀ ਕਾਨੂੰਨ ਨੂੰ ਮੁੜ ਲਾਗੂ ਕਰਨ ਵਾਲੇ ਆਪਣੇ ਬਿਆਨ ’ਤੇ 24 ਘੰਟੇ ਅੰਦਰ ਹੀ ਯੂ-ਟਰਨ ਲੈ ਲਿਆ ਹੈ। ਇਸ ਤੋਂ ਪਹਿਲਾਂ ਬੀਜੇਪੀ ਨੇ ਕੰਗਨਾ ਦੇ ਬਿਆਨ ਨੂੰ ਨਿੱਜੀ ਦੱਸਿਆ ਸੀ ਜਿਸ ਦੀ ਕੰਗਨਾ ਨੇ ਵੀ ਤਸਦੀਕ ਕੀਤੀ ਸੀ। ਪਰ ਲਗਾਤਾਰ ਵਿਰੋਧੀਆਂ ਦੇ ਹਮਲੇ ਤੋਂ ਬਾਅਦ ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਵੀਡੀਓ ਪਾਕੇ 3 ਖੇਤੀ ਕਾਨੂੰਨ ਮੁੜ ਤੋਂ ਲਾਗੂ ਕਰਨ ਵਾਲੇ ਬਿਆਨ ਵਾਪਿਸ ਲੈ ਲਿਆ ਹੈ ਅਤੇ ਇਸ ’ਤੇ ਖੇਦ ਜਤਾਇਆ ਹੈ।

ਕੰਗਨਾ ਦਾ ਪੂਰਾ ਬਿਆਨ

“ਮੀਡੀਆ ਨੇ ਮੇਰੇ ਕੋਲੋ ਬੀਤੇ ਦਿਨੀ 3 ਖੇਤੀ ਕਾਨੂੰਨ ਨੂੰ ਲੈਕੇ ਸਵਾਲ ਪੁੱਛੇ ਸਨ, ਮੈਂ ਸੁਝਾਅ ਦਿੱਤਾ ਕਿ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨੂੰ ਮੁੜ ਤੋਂ 3 ਖੇਤੀ ਕਾਨੂੰਨ ਲਾਗੂ ਕਰਵਾਉਣ ਲਈ ਅਪੀਲ ਕਰਨੀ ਚਾਹੀਦੀ ਹੈ। ਮੇਰੀ ਇਸ ਗੱਲ ਤੋਂ ਬਹੁਤ ਸਾਰੇ ਲੋਕ ਨਿਰਾਸ਼ ਹਨ। ਜਦੋਂ ਤਿੰਨ ਖੇਤੀ ਕਾਨੂੰਨ ਬਣੇ ਸਨ ਅਸੀਂ ਸਾਰਿਆਂ ਨੇ ਇਸ ਦੀ ਹਮਾਇਤ ਕੀਤੀ ਸੀ। ਪਰ ਬਹੁਤ ਹੀ ਸੰਵੇਦਨਸ਼ੀਲਤਾ ਅਤੇ ਹਲੀਮੀ ਨਾਲ ਸਾਡੇ ਪ੍ਰਧਾਨ ਮੰਤਰੀ ਨੇ ਕਾਨੂੰਨ ਵਾਪਸ ਲੈ ਲਏ ਸਨ। ਇਹ ਸਾਡੇ ਸਾਰੇ ਕਾਰਜਕਰਤਾਵਾਂ ਦਾ ਫਰਜ਼ ਹੈ ਕਿ ਅਸੀਂ ਉਨ੍ਹਾਂ ਦੇ ਸ਼ਬਦਾਂ ਦਾ ਮਾਣ ਰੱਖੀਏ। ਮੈਨੂੰ ਹੁਣ ਇਹ ਗੱਲ ਧਿਆਨ ਵਿੱਚ ਰੱਖਣੀ ਹੋਵੇਗੀ ਕਿ ਮੈਂ ਹੁਣ ਸਿਰਫ ਕਲਾਕਾਰ ਨਹੀਂ ਹਾਂ ਬੀਜੇਪੀ ਦੀ ਕਾਰਜਕਰਤਾ ਵੀ ਹਾਂ। ਮੇਰੇ ਵਿਚਾਰ ਨਿੱਜੀ ਨਹੀਂ ਹੋਣੇ ਚਾਹੀਦੇ ਹਨ ਉਹ ਪਾਰਟੀ ਦਾ ਸਟੈਂਡ ਹੋਣਾ ਚਾਹੀਦਾ ਹੈ। ਜੇ ਮੈਂ ਆਪਣੇ ਸ਼ਬਦਾਂ ਨਾਲ ਕਿਸੇ ਨੂੰ ਨਿਰਾਸ਼ ਕੀਤਾ ਹੈ ਤਾਂ ਮੈਨੂੰ ਖੇਦ ਰਹੇਗਾ, ਮੈਂ ਆਪਣੇ ਸ਼ਬਦ ਵਾਪਸ ਲੈਂਦੀ ਹਾਂ।”

ਇਸ ਤੋਂ ਪਹਿਲਾਂ ਵੀ ਕੰਗਨਾ ਨੇ ਪਹਿਲੇ ਕਿਸਾਨੀ ਅੰਦੋਲਨ ਨੂੰ ਲੈਕੇ ਇਤਰਾਜ਼ਯੋਗ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਅੰਦੋਲਨ ਦੌਰਾਨ ਜ਼ਬਰਜਨਾਹ ਦੀਆਂ ਕਈ ਘਟਨਾਵਾਂ ਹੋਇਆਂ ਸਨ, ਜੇ ਕੇਂਦਰ ਵਿੱਚ ਤਾਕਤਵਰ ਸਰਕਾਰ ਨਾ ਹੁੰਦੀ ਤਾਂ ਇੱਕ ਹੋਰ ਬੰਗਲਾਦੇਸ਼ ਬਣ ਜਾਣਾ ਸੀ। ਉਸ ਵੇਲੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕੰਗਨਾ ਨੂੰ ਤਲਬ ਕਰਕੇ ਚਿਤਾਵਨੀ ਦਿੱਤੀ ਸੀ ਕਿ ਉਹ ਅਜਿਹੇ ਬਿਆਨ ਨਾ ਦੇਣ।

ਹਰਿਆਣਾ ਵਿੱਚ ਕਿਸਾਨਾਂ ਦਾ ਵੱਡਾ ਵੋਟ ਬੈਂਕ ਕਿਸਾਨੀ ਅੰਦੋਲਨ ਵਿੱਚ ਹਰਿਆਣਾ ਦੇ ਕਿਸਾਨਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਸਨ। ਬੀਜੇਪੀ ਤੋਂ ਪਹਿਲਾਂ ਹੀ ਕਿਸਾਨ ਨਰਾਜ਼ ਚੱਲ ਰਹੇ ਹਨ ਅਜਿਹੇ ਵਿੱਚ ਚੋਣਾਂ ਸਮੇਂ ਕੰਗਨਾ ਦਾ ਇਹ ਬਿਆਨ ਪਾਰਟੀ ਨੂੰ ਮੁਸ਼ਕਿਲਾਂ ਵਿੱਚ ਪਾ ਸਕਦਾ ਹੈ। ਇਸੇ ਲਈ ਪਾਰਟੀ ਨੇ ਕੰਗਨਾ ਦੇ ਬਿਆਨ ਤੋਂ ਪਹਿਲਾਂ ਆਪ ਕਿਨਾਰਾ ਕੀਤਾ ਫਿਰ ਹੁਣ ਉਨ੍ਹਾਂ ਨੇ ਖੇਦ ਜਤਾਇਆ ਹੈ।

Exit mobile version