The Khalas Tv Blog India ਕੰਗਨਾ ਨੇ ਬਠਿੰਡਾ ਅਦਾਲਤ ’ਚ ਨਿੱਜੀ ਪੇਸ਼ੀ ਤੋਂ ਮੰਗੀ ਛੋਟ, ਜਵਾਬ ਦਾਖ਼ਲ ਕਰਨਗੇ ਵਕੀਲ
India Manoranjan Punjab

ਕੰਗਨਾ ਨੇ ਬਠਿੰਡਾ ਅਦਾਲਤ ’ਚ ਨਿੱਜੀ ਪੇਸ਼ੀ ਤੋਂ ਮੰਗੀ ਛੋਟ, ਜਵਾਬ ਦਾਖ਼ਲ ਕਰਨਗੇ ਵਕੀਲ

ਬਿਊਰੋ ਰਿਪੋਰਟ (ਬਠਿੰਡਾ, 24 ਨਵੰਬਰ 2025): ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਬਠਿੰਡਾ ਦੀ ਅਦਾਲਤ ਵਿੱਚ ਚੱਲ ਰਹੇ ਮਾਣਹਾਨੀ ਕੇਸ ਵਿੱਚ ਨਿੱਜੀ ਤੌਰ ’ਤੇ ਪੇਸ਼ ਹੋਣ ਤੋਂ ਛੋਟ (Exemption) ਮੰਗੀ ਹੈ। ਇਸ ਮਾਮਲੇ ਵਿੱਚ ਹੁਣ ਉਨ੍ਹਾਂ ਦੇ ਵਕੀਲ 4 ਦਸੰਬਰ ਨੂੰ ਆਪਣਾ ਜਵਾਬ ਦਾਖ਼ਲ ਕਰਨਗੇ।

ਕੰਗਨਾ ਦੇ ਵਕੀਲਾਂ ਨੇ 27 ਅਕਤੂਬਰ ਨੂੰ ਉਨ੍ਹਾਂ ਦੀ ਨਿੱਜੀ ਪੇਸ਼ੀ ਤੋਂ ਬਾਅਦ ਅਗਲੀਆਂ ਸੁਣਵਾਈਆਂ ਵਿੱਚ ਵੀਡੀਓ ਕਾਨਫਰੈਂਸਿੰਗ (VC) ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ।

ਉਨ੍ਹਾਂ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਅਭਿਨੇਤਰੀ ਨੂੰ ਆਉਣ ਵਾਲੀਆਂ ਸੁਣਵਾਈਆਂ ਵਿੱਚ ਨਿੱਜੀ ਤੌਰ ’ਤੇ ਹਾਜ਼ਰ ਹੋਣ ਤੋਂ ਛੋਟ ਦੇਣ ਦੀ ਮੰਗ ਕੀਤੀ। ਅਦਾਲਤ ਨੇ ਇਸ ਅਰਜ਼ੀ ਦੀ ਕਾਪੀ ਸ਼ਿਕਾਇਤਕਰਤਾ ਪੱਖ ਦੇ ਵਕੀਲ ਨੂੰ ਦਿੱਤੀ, ਜਿਨ੍ਹਾਂ ਨੇ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗਿਆ ਸੀ। ਜਿਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 24 ਨਵੰਬਰ ਲਈ ਤੈਅ ਕੀਤੀ ਸੀ।

ਕੀ ਹੈ ਮਾਮਲਾ?

ਇਹ ਮਾਮਲਾ ਸਾਲ 2021 ਦਾ ਹੈ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ। ਉਸ ਸਮੇਂ ਕੰਗਨਾ ਰਣੌਤ ਨੇ ਇੱਕ ਟਵੀਟ ਵਿੱਚ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ 87 ਸਾਲਾ ਬਜ਼ੁਰਗ ਕਿਸਾਨ ਮਹਿਲਾ ਮਹਿੰਦਰ ਕੌਰ ਨੂੰ ‘100-100 ਰੁਪਏ ਲੈ ਕੇ ਧਰਨੇ ਵਿੱਚ ਸ਼ਾਮਲ ਹੋਣ ਵਾਲੀ ਔਰਤ’ ਦੱਸਿਆ ਸੀ। ਇਸੇ ਟਵੀਟ ਨੂੰ ਲੈ ਕੇ ਮਹਿੰਦਰ ਕੌਰ ਨੇ ਕੰਗਨਾ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ।

ਦੱਸ ਦੇਈਏ ਕਿ ਪਿਛਲੀ ਸੁਣਵਾਈ ਦੌਰਾਨ ਕੰਗਨਾ ਰਣੌਤ ਨੇ ਅਦਾਲਤ ਵਿੱਚ ਮਹਿਲਾ ਕਿਸਾਨ ਬਾਰੇ ਕੀਤੇ ਗਏ ਆਪਣੇ ਟਵੀਟ ’ਤੇ ਮੁਆਫੀ ਵੀ ਮੰਗੀ ਸੀ। ਪੇਸ਼ੀ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ “ਮਿਸਅੰਡਰਸਟੈਂਡਿੰਗ ਹੋਈ ਹੈ। ਮੈਂ ਮਾਤਾ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਗ਼ਲਤਫਹਿਮੀ ਦਾ ਸ਼ਿਕਾਰ ਹੋਏ ਹਨ। ਮੇਰੀ ਅਜਿਹੀ ਕੋਈ ਮਨਸ਼ਾ ਨਹੀਂ ਸੀ।”

 

Exit mobile version