The Khalas Tv Blog India ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਕਿਹੜਾ ਰੌਲਾ ਪਿਆ
India Punjab

ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਕਿਹੜਾ ਰੌਲਾ ਪਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰਨਾਟਕ ਸਰਕਾਰ ਨੇ ਸਕੂਲਾਂ ਵਿੱਚ 10ਵੀਂ ਜਮਾਤ ਦੀ ਪਾਠ ਪੁਸਤਕ ਵਿੱਚੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸਿਲੇਬਸ ਹਟਾ ਦਿੱਤਾ ਹੈ। ਸ਼ਹੀਦ ਭਗਤ ਸਿੰਘ ਦੇ ਪਾਠ (Lesson) ਦੀ ਥਾਂ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਸੰਸਥਾਪਕ ਕੇਸ਼ਵ ਬਲੀਰਾਮ ਹੇਡਗੇਵਾਰ ਦੇ ਭਾਸ਼ਣ ਨੂੰ 10ਵੀਂ ਜਮਾਤ ਦੀ ਅਪਡੇਟ ਕੀਤੀ ਕੰਨੜ ਕਿਤਾਬ ਵਿੱਚ ਸ਼ਾਮਲ ਕੀਤਾ ਗਿਆ ਹੈ।

ਕਰਨਾਟਕ ਸਰਕਾਰ ਦੇ ਇਸ ਫੈਸਲੇ ਤੋਂ ਵਿਦਿਆਰਥੀ ਜਥੇਬੰਦੀਆਂ ਗੁੱਸੇ ਵਿੱਚ ਹਨ। ਆਲ-ਇੰਡੀਆ ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ (AIDSO) ਅਤੇ ਆਲ-ਇੰਡੀਆ ਸੇਵ ਐਜੂਕੇਸ਼ਨ ਕਮੇਟੀ (AISEC) ਦੋ ਵਿਦਿਆਰਥੀ ਸੰਸਥਾਵਾਂ ਹਨ, ਜਿਨ੍ਹਾਂ ਨੇ ਸੂਬਾ ਸਰਕਾਰ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ। ਵਿਦਿਆਰਥੀ ਜਥੇਬੰਦੀਆਂ ਦਾ ਕਹਿਣਾ ਹੈ ਕਿ “ਸਾਡੀ ਪੁਨਰਜਾਗਰਣ ਲਹਿਰ ਦੇ ਸੰਸਥਾਪਕਾਂ ਅਤੇ ਬਹੁਤ ਸਾਰੇ ਮਹਾਨ ਆਜ਼ਾਦੀ ਘੁਲਾਟੀਆਂ ਨੇ ਲੋਕਤੰਤਰੀ, ਵਿਗਿਆਨਕ ਅਤੇ ਧਰਮ ਨਿਰਪੱਖ ਸਿੱਖਿਆ ਦੀ ਉਮੀਦ ਕੀਤੀ ਸੀ। ਪਰ ਹੁਣ ਤੱਕ ਰਾਜ ਕਰਨ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਪਾਠ-ਪੁਸਤਕਾਂ ਵਿੱਚ ਆਪਣੇ-ਆਪਣੇ ਏਜੰਡੇ ਤਿਆਰ ਕਰ ਰਹੀਆਂ ਹਨ।”

ਏਆਈਡੀਐਸਓ (AIDSO) ਨੇ ਕਿਹਾ ਕਿ 23 ਸਾਲ ਦੀ ਉਮਰ ਵਿੱਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਮਹਾਨ ਕ੍ਰਾਂਤੀਕਾਰੀ ਭਗਤ ਸਿੰਘ ਬਾਰੇ ਇੱਕ ਸਬਕ ਕੰਨੜ ਪਾਠ ਪੁਸਤਕ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ, ਪਰ ਆਰਐਸਐਸ ਸੰਸਥਾਪਕ ਵੱਲੋਂ ਦਿੱਤਾ ਗਿਆ ਇੱਕ ਭਾਸ਼ਣ, ਜੋ ਲੋਕਾਂ ਨੂੰ ਇਕਜੁੱਟ ਤਾਂ ਕਰਦਾ ਹੈ ਪਰ ਫਿਰਕੂ ਨਫ਼ਰਤ ਨੂੰ ਉਤਸ਼ਾਹਿਤ ਕਰਦਾ ਹੈ, ਨੂੰ ਜੋੜਿਆ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਨਸਲੀ ਨਫ਼ਰਤ ਦੀ ਨਿੰਦਾ ਕਰਨ ਵਾਲੇ ਪਾਠ, ਪੀ. ਲੰਕੇਸ਼ ਦੁਆਰਾ ‘ਮਰੁਗਾ ਮੱਟੂ ਸੁੰਦਰੀ’ ਦੇ ਨਾਲ-ਨਾਲ ਸਾਰਾ ਅਬੂਬਕਰ ਦੀ ‘ਯੁੱਧਾ’ ਅਤੇ ਏਐਨ ਮੂਰਤੀ ਰਾਓ ਦੀ ‘ਵਿਆਘਰਾ ਗੀਤੇ’ ਵਰਗੀਆਂ ਕਈ ਚੰਗੀਆਂ ਸਿੱਖਿਆਵਾਂ ਨੂੰ ਬਾਹਰ ਰੱਖਿਆ ਗਿਆ ਹੈ।

ਏਆਈਡੀਐਸਓ ਨੇ ਭਾਜਪਾ ਸਰਕਾਰ ਵੱਲੋਂ ਪਾਠ ਪੁਸਤਕ ਸੋਧ ਲਈ ਗਠਿਤ ਕੀਤੀ ਗਈ ਕਮੇਟੀ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਕਦਮ ਨਾਲ ਸਪੱਸ਼ਟ ਹੋ ਗਿਆ ਹੈ ਕਿ ਸਰਕਾਰ ਨੇ ਸਿੱਖਿਆ ਵਿੱਚ ਭਾਜਪਾ ਦੇ ਏਜੰਡੇ ਨੂੰ ਸ਼ਾਮਲ ਕਰਨ ਲਈ ਇਹ ਕਮੇਟੀ ਬਣਾਈ ਸੀ। ਏਆਈਡੀਐਸਓ ਨੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਇਸ ਕਦਮ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ ਅਤੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਹਟਾਏ ਗਏ ਪਾਠਾਂ ਨੂੰ ਜਲਦੀ ਬਹਾਲ ਕੀਤਾ ਜਾਵੇ। ਜਾਣਕਾਰੀ ਮੁਤਾਬਕ ਕਰਨਾਟਕ ਸਰਕਾਰ ਸਕੂਲਾਂ ‘ਚ ਹਿੰਦੂ ਧਰਮ ਗ੍ਰੰਥ ਭਗਵਦ ਗੀਤਾ ਪੜ੍ਹਾਉਣ ‘ਤੇ ਵਿਚਾਰ ਕਰ ਰਹੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਰਨਾਟਕ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਗਈ ਹੈ। ਛੋਟੀ ਉਮਰ ਵਿੱਚ ਦੇਸ਼ ਲਈ ਆਪਣੀ ਜਾਨ ਦੇ ਕੇ ਇਨਕਲਾਬ ਦੀ ਲੋਅ ਜਗਾਉਣ ਵਾਲੇ ਸਰਦਾਰ ਭਗਤ ਸਿੰਘ ਨੂੰ ਪੜ੍ਹ ਕੇ ਅੱਜ ਵੀ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਲਹਿਰ ਦੌੜ ਜਾਂਦੀ ਹੈ। ਦੇਸ਼ ਭਗਤੀ ਦੇ ਇਸੇ ਜਜ਼ਬੇ ਦੇ ਡਰ ਤੋਂ ਭਾਜਪਾ ਦੀ ਰੂਹ ਕੰਬਦੀ ਹੈ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਭਾਜਪਾ ਉੱਤੇ ਦੋਸ਼ ਲਗਾਉਂਦਿਆਂ ਕਿਹਾ ਕਿ ਬੀਜੇਪੀ ਦੇ ਲੋਕ ਸ਼ਹੀਦ ਭਗਤ ਸਿੰਘ ਤੋਂ ਇੰਨੀ ਨਫ਼ਰਤ ਕਿਉਂ ਕਰਦੇ ਹਨ। ਸਕੂਲ ਦੀਆਂ ਕਿਤਾਬਾਂ ਵਿੱਚ ਸ਼ਹੀਦ ਭਗਤ ਸਿੰਘ ਦਾ ਨਾਮ ਹਟਾਉਣਾ ਅਮਰ ਸ਼ਹੀਦ ਦੀ ਕੁਰਬਾਨੀ ਦਾ ਅਪਮਾਨ ਹੈ। ਦੇਸ਼ ਆਪਣੇ ਸ਼ਹੀਦਾਂ ਦਾ ਇਹ ਅਪਮਾਨ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਬੀਜੇਪੀ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਵੇਗਾ।

ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਰਨਾਟਕ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਸਮੇਂ-ਸਮੇਂ ਉੱਤੇ ਬੀਜੇਪੀ ਦੇ ਅਸਲੀ ਚਿਹਰੇ ਅਤੇ ਅਸਲੀ ਏਜੰਡੇ ਬਾਰੇ ਪਤਾ ਲੱਗਦਾ ਰਹਿੰਦਾ ਹੈ। ਜਿਹੜੀ ਪਾਰਟੀ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਨਾਲ ਮਿਲ ਕੇ ਚੱਲਦੀ ਰਹੀ ਹੈ, ਬੀਜੇਪੀ ਜਨਸੰਘ ਦੇ ਰੂਪ ਵਿੱਚ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਸਮੇਂ, ਜਦੋਂ ਸ਼ਹੀਦ ਭਗਤ ਸਿੰਘ ਵਰਗੇ ਸੂਰਵੀਰ ਦੇਸ਼ ਲਈ ਕੁਰਬਾਨੀਆਂ ਦੇ ਰਹੇ ਸਨ, ਉਦੋਂ ਵੀ ਇਹ ਲੋਕ ਅੰਗਰੇਜ਼ਾਂ ਨਾਲ ਸੰਧੀਆਂ ਕਰਕੇ, ਅੰਗਰੇਜ਼ਾਂ ਤੋਂ ਫਾਇਦੇ ਲੈ ਕੇ ਦੇਸ਼ ਨਾਲ ਗੱਦਾਰੀ ਕਮਾ ਰਹੇ ਸੀ, ਉਸੇ ਪਰੰਪਰਾ, ਨੀਅਤ ਨੂੰ ਅੱਜ ਜਨਸੰਘ ਦਾ ਸੁਧਰਿਆ ਰੂਪ ਬੀਜੇਪੀ ਜਾਰੀ ਰੱਖ ਰਹੀ ਹੈ।

ਕੰਗ ਨੇ ਕਿਹਾ ਕਿ ਕਰਨਾਟਕ ਸਰਕਾਰ ਨੇ ਜਿਸ ਤਰੀਕੇ ਨਾਲ ਦਸਵੀਂ ਕਲਾਸ ਦੀ ਇੱਕ ਕਿਤਾਬ ਵਿੱਚੋਂ ਸ਼ਹੀਦ ਭਗਤ ਸਿੰਘ ਦਾ ਪਾਠ ਹਟਾ ਕੇ ਆਰਐੱਸਐੱਸ ਦੇ ਸੰਸਥਾਪਕ ਕੇਸ਼ਵ ਬਲੀਰਾਮ ਹੇਡਗੇਵਾਰ ਦੇ ਭਾਸ਼ਣ ਨੂੰ ਜਗ੍ਹਾ ਦੇ ਰਹੇ ਹਨ। ਬੀਜੇਪੀ ਇਹੋ ਜਿਹੇ ਲੋਕਾਂ ਨੂੰ ਦੇਸ਼ ਦਾ ਆਈਕਨ ਬਣਾਉਣ ਦੀ ਸਾਜਿਸ਼ ਕਰ ਰਹੀ ਹੈ ਜੋ ਆਜ਼ਾਦੀ ਸਮੇਂ ਦੇਸ਼ ਨਾਲ ਗੱਦਾਰੀ ਕਰ ਰਹੇ ਸਨ।

ਕੰਗ ਨੇ ਬੀਜੇਪੀ ਨੂੰ ਸਵਾਲ ਕਰਦਿਆਂ ਕਿਹਾ ਕਿ ਬੀਜੇਪੀ ਦੇਸ਼ ਨਾਲ ਗੱਦਾਰੀ ਕਰਨ ਵਾਲਿਆਂ ਨੂੰ ਦੇਸ਼ ਦਾ ਆਈਕਨ ਕਿਉਂ ਬਣਾ ਰਹੀ ਹੈ ਅਤੇ ਦੇਸ਼ ਲਈ ਕੁਰਬਾਨ ਹੋਣ ਵਾਲੀਆਂ ਸ਼ਖਸੀਅਤਾਂ ਨਾਲ ਨਫ਼ਰਤ ਕਿਉਂ ਕਰ ਰਹੀ ਹੈ।

Exit mobile version