The Khalas Tv Blog India ਜਸਟਿਸ ਬੀ.ਆਰ. ਗਵਈ ਨੇ ਭਾਰਤ ਦੇ 52ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ
India

ਜਸਟਿਸ ਬੀ.ਆਰ. ਗਵਈ ਨੇ ਭਾਰਤ ਦੇ 52ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ

ਜਸਟਿਸ ਭੂਸ਼ਣ ਰਾਮਕ੍ਰਿਸ਼ਨ ਗਵਈ ਨੇ ਅਧਿਕਾਰਤ ਤੌਰ ‘ਤੇ ਭਾਰਤ ਦੇ ਮੁੱਖ ਜੱਜ ਵਜੋਂ ਅਹੁਦਾ ਸੰਭਾਲ ਲਿਆ ਹੈ, ਉਹ ਜਸਟਿਸ ਸੰਜੀਵ ਖੰਨਾ ਦੀ ਥਾਂ ਲੈਣਗੇ। ਉਹ ਭਾਰਤ ਦੇ 52ਵੇਂ ਮੁੱਖ ਜੱਜ ਹਨ।

ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਇੱਕ ਸਹੁੰ ਚੁੱਕ ਸਮਾਗਮ ਵਿੱਚ ਜਸਟਿਸ ਗਵਈ ਨੂੰ ਸਹੁੰ ਚੁਕਾਈ। ਉਨ੍ਹਾਂ ਦਾ ਕਾਰਜਕਾਲ 23 ਨਵੰਬਰ, 2025 ਤੱਕ 6 ਮਹੀਨਿਆਂ ਤੋਂ ਥੋੜ੍ਹਾ ਵੱਧ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਜੇਪੀ ਨੱਡਾ, ਐਸ ਜੈਸ਼ੰਕਰ, ਪੀਯੂਸ਼ ਗੋਇਲ, ਅਰਜੁਨ ਰਾਮ ਮੇਘਵਾਲ ਲੋਕ ਸਭਾ ਸਪੀਕਰ ਓਮ ਬਿਰਲਾ, ਉਪ ਰਾਸ਼ਟਰਪਤੀ ਵੀਪੀ ਧਨਖੜ, ਸਾਬਕਾ ਸੀਜੇਆਈ ਸੰਜੀਵ ਖੰਨਾ, ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਆਦਿ ਹਾਜ਼ਰ ਸਨ। ਸੁਪਰੀਮ ਕੋਰਟ ਦੇ ਜੱਜ ਜਸਟਿਸ ਸੂਰਿਆ ਕਾਂਤ, ਏ.ਜੀ. ਮਸੀਹ, ਪੀ.ਐਸ. ਨਰਸਿਮਹਾ, ਬੀਵੀ ਨਾਗਰਥਨਾ, ਬੇਲਾ ਤ੍ਰਿਵੇਦੀ ਆਦਿ ਵੀ ਹਾਜ਼ਰ ਸਨ।

ਜਸਟਿਸ ਗਵਈ ਨੇ ਆਪਣਾ ਕਾਨੂੰਨੀ ਕਰੀਅਰ 1985 ਵਿੱਚ ਸ਼ੁਰੂ ਕੀਤਾ ਸੀ

ਜਸਟਿਸ ਗਵਈ ਦਾ ਜਨਮ 24 ਨਵੰਬਰ 1960 ਨੂੰ ਅਮਰਾਵਤੀ, ਮਹਾਰਾਸ਼ਟਰ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣਾ ਕਾਨੂੰਨੀ ਕਰੀਅਰ 1985 ਵਿੱਚ ਸ਼ੁਰੂ ਕੀਤਾ। 1987 ਵਿੱਚ ਬੰਬੇ ਹਾਈ ਕੋਰਟ ਵਿੱਚ ਸੁਤੰਤਰ ਪ੍ਰੈਕਟਿਸ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਬਕਾ ਐਡਵੋਕੇਟ ਜਨਰਲ ਅਤੇ ਹਾਈ ਕੋਰਟ ਦੇ ਜੱਜ ਸਵਰਗੀ ਰਾਜਾ ਐਸ ਭੋਸਲੇ ਨਾਲ ਕੰਮ ਕੀਤਾ।

1987 ਤੋਂ 1990 ਤੱਕ ਬੰਬੇ ਹਾਈ ਕੋਰਟ ਵਿੱਚ ਪ੍ਰੈਕਟਿਸ ਕੀਤੀ। ਅਗਸਤ 1992 ਤੋਂ ਜੁਲਾਈ 1993 ਤੱਕ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਵਿੱਚ ਸਹਾਇਕ ਸਰਕਾਰੀ ਵਕੀਲ ਅਤੇ ਵਧੀਕ ਸਰਕਾਰੀ ਵਕੀਲ ਵਜੋਂ ਨਿਯੁਕਤ ਹੋਏ। 14 ਨਵੰਬਰ 2003 ਨੂੰ ਬੰਬੇ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਤਰੱਕੀ ਦਿੱਤੀ ਗਈ। 12 ਨਵੰਬਰ 2005 ਨੂੰ, ਉਹ ਬੰਬੇ ਹਾਈ ਕੋਰਟ ਦੇ ਸਥਾਈ ਜੱਜ ਬਣੇ।

ਜਸਟਿਸ ਗਵਈ ਦੂਜੇ ਦਲਿਤ ਸੀਜੇਆਈ ਹੋਣਗੇ, ਉਨ੍ਹਾਂ ਨੇ ਨੋਟਬੰਦੀ ਨੂੰ ਜਾਇਜ਼ ਠਹਿਰਾਇਆ ਸੀ

ਜਸਟਿਸ ਗਵਈ ਦੇਸ਼ ਦੇ ਦੂਜੇ ਦਲਿਤ ਸੀਜੇਆਈ ਹੋਣਗੇ। ਉਨ੍ਹਾਂ ਤੋਂ ਪਹਿਲਾਂ ਜਸਟਿਸ ਕੇਜੀ ਬਾਲਾਕ੍ਰਿਸ਼ਨਨ ਭਾਰਤ ਦੇ ਮੁੱਖ ਜੱਜ ਬਣੇ ਸਨ। ਜਸਟਿਸ ਬਾਲਾਕ੍ਰਿਸ਼ਨਨ 2007 ਵਿੱਚ ਸੁਪਰੀਮ ਕੋਰਟ ਦੇ ਮੁੱਖ ਜੱਜ ਬਣੇ।

ਸੁਪਰੀਮ ਕੋਰਟ ਦੇ ਜੱਜ ਵਜੋਂ, ਜਸਟਿਸ ਗਵਈ ਕਈ ਮਹੱਤਵਪੂਰਨ ਫੈਸਲਿਆਂ ਵਿੱਚ ਸ਼ਾਮਲ ਰਹੇ ਹਨ। ਇਨ੍ਹਾਂ ਵਿੱਚ ਮੋਦੀ ਸਰਕਾਰ ਦੇ 2016 ਦੇ ਨੋਟਬੰਦੀ ਦੇ ਫੈਸਲੇ ਨੂੰ ਬਰਕਰਾਰ ਰੱਖਣਾ ਅਤੇ ਚੋਣ ਬਾਂਡ ਸਕੀਮ ਨੂੰ ਗੈਰ-ਸੰਵਿਧਾਨਕ ਘੋਸ਼ਿਤ ਕਰਨਾ ਸ਼ਾਮਲ ਹੈ। ਸੀਨੀਆਰਤਾ ਸੂਚੀ ਵਿੱਚ ਜਸਟਿਸ ਗਵਈ ਤੋਂ ਬਾਅਦ ਜਸਟਿਸ ਸੂਰਿਆਕਾਂਤ ਦਾ ਨੰਬਰ ਆਉਂਦਾ ਹੈ। ਸੰਭਾਵਨਾ ਹੈ ਕਿ ਉਨ੍ਹਾਂ ਨੂੰ 53ਵਾਂ ਚੀਫ਼ ਜਸਟਿਸ ਬਣਾਇਆ ਜਾਵੇਗਾ।

 

Exit mobile version