The Khalas Tv Blog Punjab ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਸਬੰਧੀ ਸਿੱਖ ਜਥਿਆਂ, ਸਿੱਖ ਸਖਸ਼ੀਅਤਾਂ ਅਤੇ ਪ੍ਰਬੰਧਕਾਂ ਵੱਲੋਂ ਲਏ ਗਏ ਸਾਂਝੇ ਅਤੇ ਅਹਿਮ ਫੈਸਲੇ
Punjab Religion

ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਸਬੰਧੀ ਸਿੱਖ ਜਥਿਆਂ, ਸਿੱਖ ਸਖਸ਼ੀਅਤਾਂ ਅਤੇ ਪ੍ਰਬੰਧਕਾਂ ਵੱਲੋਂ ਲਏ ਗਏ ਸਾਂਝੇ ਅਤੇ ਅਹਿਮ ਫੈਸਲੇ

ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕੇ ਚਾਹੇ ਫ਼ਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਦੇ ਦਿਨ ਹੋਣ ਜਾ ਫੇਰ ਹੋਰ ਕੋਈ ਸਿੱਖਾਂ ਨਾਲ ਸੰਬੰਧਿਤ ਸਮਾਗਮ ਹੋਵੇ ਤਾਂ ਕੁਝ ਲੋਕ ਹੁੱਲੜਬਾਜ਼ੀ ਕਰਦੇ ਹਨ ਜੋ ਕੇ ਕਈ ਵਾਰ ਉਹਨਾਂ ਸਣੇ ਹੋਰਨਾਂ ਲੋਕਾਂ ਦੇ ਲਈ ਜਾਨ ਦਾ ਖੌਅ ਬਣ ਜਾਂਦੀ ਹੈ. ਇਸਦੇ ਨਾਲ ਹੀ ਇਹਨਾਂ ਦਿਨਾਂ ਦੀ ਮਹੱਤਤਾ ਅਤੇ ਪਵਿੱਤਰਤਾ ਤੇ ਵੀ ਸਵਾਲ ਉੱਠਣ ਲੱਗ ਜਾਂਦੇ ਹਨ। ਹੁਣ ਇਸੇ ਦੇ ਕਰਕੇ ਹੀ ਮਸਤੂਆਣਾ ਸਾਹਿਬ ‘ਚ ਸਲਾਨਾ ਜੋੜ ਮੇਲੇ ਸਬੰਧੀ ਸਿੱਖ ਜਥਿਆਂ ਵੱਲੋਂ ਕਈ ਅਹਿਮ ਅਤੇ ਸਾਂਝੇ ਫੈਸਲੇ ਲਏ ਗਏ ਹਨ।

ਦਰਅਸਲ ਸਿੱਖ ਜਥਿਆਂ ਵਲੋਂ ਸਾਂਝੀ ਪੱਤਰਕਾਰ ਮਿਲਣੀ ਵਿੱਚ ਮਸਤੂਆਣਾ ਸਾਹਿਬ ਵਿਖੇ ਇਸ ਵਾਰ ਦੇ ਜੋੜ ਮੇਲੇ ਦੇ ਪ੍ਰਬੰਧਾਂ ਸਬੰਧੀ ਅਹਿਮ ਤਬਦੀਲੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਵਲੋਂ ਸਲਾਨਾ ਜੋੜ ਮੇਲੇ ਬਾਰੇ ਸਾਂਝਾ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ। ਜਿਕਰਯੋਗ ਹੈ ਕਿ ਮਸਤੂਆਣਾ ਸਾਹਿਬ ਮਾਲਵੇ ਦੀ ਧਰਤੀ ਉਪਰ ਸਿੱਖੀ ਦਾ ਅਹਿਮ ਕੇਂਦਰ ਹੈ। ਜਿੱਥੇ ਹਰ ਸਾਲ 30, 31 ਜਨਵਰੀ ਅਤੇ 1 ਫਰਵਰੀ ਨੂੰ ਸੰਤ ਬਾਬਾ ਅਤਰ ਸਿੰਘ ਜੀ ਦੀ ਸਲਾਨਾ ਬਰਸੀ ਨੂੰ ਸਿੱਖ ਸੰਗਤ ਦਾ ਭਾਰੀ ਇਕੱਠ ਜੁੜਦਾ ਹੈ।

ਪਿਛਲੇ ਸਾਲ ਜੋੜ ਮੇਲੇ ਦੇ ਮਹੌਲ ਨੂੰ ਗੁਰਮਤਿ ਅਨੁਸਾਰੀ ਬਣਾਉਣ ਲਈ ਕਾਫੀ ਅਹਿਮ ਸੁਧਾਰ ਕੀਤੇ ਗਏ ਅਤੇ ਇਸ ਜੋੜ ਮੇਲੇ ਤੋਂ ਪ੍ਰੇਰਨਾ ਲੈ ਕੇ ਹੋਰਨਾਂ ਅਸਥਾਨਾਂ ਉਪਰ ਵੀ ਸੁਧਾਰ ਦੇ ਯਤਨ ਹੋਏ। ਇਸ ਸਾਲ ਇਸ ਮੁਹਿੰਮ ਵਿਚ ਜਿਥੇ ਇਲਾਕੇ ਦੇ ਕਰੀਬ ਪੰਜਾਹ ਪਿੰਡਾਂ ਦਾ ਸਹਿਯੋਗ ਹੈ ਉਥੇ ਵੀਹ ਦੇ ਕਰੀਬ ਹੋਰ ਸਿੱਖ ਜਥਿਆਂ ਅਤੇ ਸਖਸ਼ੀਅਤਾਂ ਨੇ ਵੀ ਸ਼ਮੂਲੀਅਤ ਕੀਤੀ ਹੈ।

ਪੱਤਰਕਾਰ ਮਿਲਣੀ ਵਿੱਚ ਸਿੱਖ ਜਥਾ ਮਾਲਵਾ ਤੋਂ ਭਾਈ ਮਲਕੀਤ ਸਿੰਘ ਭਵਾਨੀਗੜ੍ਹ, ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਬਾਬਾ ਹਰਜਿੰਦਰ ਸਿੰਘ ਬਾਘਾ ਪੁਰਾਣਾ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋੜ ਮੇਲੇ ਦੌਰਾਨ ਦੁਨਿਆਵੀ ਬਜ਼ਾਰ ਨੂੰ ਹਦੂਦ ਤੋਂ ਬਾਹਰ ਰੱਖਿਆ ਜਾਵੇਗਾ, ਟਰੈਕਟਰਾਂ ਅਤੇ ਡੀਜੇ ਉਪਰ ਪਾਬੰਦੀ ਰਹੇਗੀ, ਪੰਡਾਲ ਦੀ ਆਵਾਜ ਸਿਰਫ਼ ਪੰਡਾਲ ਤੱਕ ਸੀਮਤ ਕਰਨ ਤੋਂ ਇਲਾਵਾ ਲੰਗਰਾਂ ਵਿਚ ਵੀ ਸਪੀਕਰ ਨਹੀਂ ਲਗਾਏ ਜਾਣਗੇ। ਇਸ ਤੋਂ ਇਲਾਵਾ ਝੂਲੇ ਵੀ ਮੁਕੰਮਲ ਤੌਰ ’ਤੇ ਬੰਦ ਹੋਣਗੇ। ਮੱਸਿਆ ਦੇ ਦਿਨ ਤੋਂ ਲੈ ਕੇ 1 ਫਰਵਰੀ ਤੱਕ ਸੰਗਤ ਪਹਿਰੇਦਾਰੀ ਕਰੇਗੀ।

ਜਸਵੰਤ ਸਿੰਘ ਖਹਿਰਾ, ਸਕੱਤਰ ਅਕਾਲ ਕਾਲਜ ਕੌਂਸਲ ਨੇ ਦੱਸਿਆ ਕਿ ਪ੍ਰਬੰਧਕ ਇਸ ਕਾਰਜ ਵਿਚ ਸਿੱਖ ਜਥਿਆਂ ਅਤੇ ਸੰਗਤਾਂ ਦੇ ਨਾਲ ਹਨ, ਜੋੜ ਮੇਲੇ ਦਾ ਮਹੌਲ ਗੁਰਮਤਿ ਅਨੁਸਾਰੀ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

Exit mobile version