The Khalas Tv Blog Punjab ਜੋਗਿੰਦਰਪਾਲ ਜੈਨ ਨੂੰ ਅਦਾਲਤ ਵੱਲੋਂ ਵੱਡੀ ਰਾਹਤ
Punjab

ਜੋਗਿੰਦਰਪਾਲ ਜੈਨ ਨੂੰ ਅਦਾਲਤ ਵੱਲੋਂ ਵੱਡੀ ਰਾਹਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵਿਧਾਨ ਸਭਾ ਹਲਕਾ ਭੋਆ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਜੈਨ ਨੂੰ ਪਠਾਨਕੋਟ ਦੀ ਇੱਕ ਅਦਾਲਤ ਨੇ ਵੱਡੀ ਰਾਹਤ ਦੇ ਦਿੰਦਿਆਂ ਜ਼ਮਾਨਤ ਮਨਜ਼ੂਰ ਕਰ ਲਈ ਹੈ। ਗੈਰ ਕਾਨੂੰਨੀ ਖਣਨ ਦੇ ਮਾਮਲੇ ਵਿੱਚ ਮੁਲਜ਼ਮ ਵਿਰੁੱਧ ਕੇਸ ਦਰਜ ਕਰਕੇ 17 ਜੂਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਅਦਾਲਤ ਵੱਲੋਂ ਉਸਨੂੰ ਚਾਰ ਜੁਲਾਈ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਜੇਲ੍ਹ ਵਿੱਚ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੋ ਰਹੀ ਸੀ।

ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਜੈਨ

ਮਾਨ ਸਰਕਾਰ ਵੱਲੋਂ ਲਗਾਤਾਰ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ ਅਤੇ ਸਾਬਕਾ ਮੰਤਰੀਆਂ ‘ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਖਿਲਾਫ਼ ਹੁਣ ਤੱਕ 28 ਕੇਸ ਦਰਜ ਕੀਤੇ ਜਾ ਚੁੱਕੇ ਹਨ, ਜਿਸ ਵਿੱਚ 45 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਹਾਲਾਂਕਿ 8 ਦੋਸ਼ੀ ਅਜੇ ਵੀ ਫਰਾਰ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 22 ਮਾਮਲੇ ਮਾਈਨਿੰਗ ਅਤੇ ਜੰਗਲਾਤ ਵਿਭਾਗ ਦੇ ਹਨ। ਪੰਜਾਬ ਪੁਲਿਸ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਦੂਜੇ ਨੰਬਰ ਉੱਤੇ ਦੱਸੀ ਜਾ ਰਹੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਲਜ਼ਮਾਂ ਵਿੱਚ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ, ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਜੈਨ ਅਤੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਸ਼ਾਮਲ ਹਨ। ਇਸ ਤੋਂ ਇਲਾਵਾ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੀ ਭਾਲ ਜਾਰੀ ਹੈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਵੀ ਵਿਜੀਲੈਂਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੰਜਾਬ ਸਰਕਾਰ ਵਿੱਚ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਵਿਭਾਗ ਦੇ ਹਰ ਕੰਮ ਵਿੱਚ 1 ਫੀਸਦੀ ਕਮਿਸ਼ਨ ਮੰਗਿਆ। ਵਿਭਾਗ ਦੇ ਅਧਿਕਾਰੀ ਨੇ ਸੀ.ਐਮ. ਭਗਵੰਤ ਮਾਨ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਸਿੰਗਲਾ ਨੂੰ ਕੈਬਨਿਟ ਤੋਂ ਬਰਖਾਸਤ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਸੀ।

ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ

ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦਰੱਖਤ ਕੱਟਣ ਬਦਲੇ 500 ਰੁਪਏ ਦੀ ਰਿਸ਼ਵਤ ਲਈ ਸੀ। ਵਿਜੀਲੈਂਸ ਨੇ ਕਰੀਬ ਡੇਢ ਕਰੋੜ ਦੇ ਘਪਲੇ ਤੋਂ ਬਾਅਦ ਅਮਲੋਹ ‘ਚ ਘਰੋਂ ਸੁੱਤੇ ਪਏ ਉਸ ਨੂੰ ਗ੍ਰਿਫਤਾਰ ਕੀਤਾ। ਆਈਏਐਸ ਅਧਿਕਾਰੀ ਸੰਜੇ ਪੋਪਲੀ ਨੇ ਸੀਵਰੇਜ ਬੋਰਡ ਦੇ ਸੀਈਓ ਹੁੰਦਿਆਂ 7.30 ਕਰੋੜ ਦੇ ਟੈਂਡਰ ਅਲਾਟਮੈਂਟ ਦੇ ਬਦਲੇ 7 ਲੱਖ ਦੀ ਰਿਸ਼ਵਤ ਮੰਗੀ ਸੀ। 3.50 ਲੱਖ ਦੀ ਪਹਿਲੀ ਕਿਸ਼ਤ ਲੈ ਲਈ ਸੀ। ਦੂਜੀ ਕਿਸ਼ਤ ਮੰਗਣ ’ਤੇ ਠੇਕੇਦਾਰ ਨੇ ਸ਼ਿਕਾਇਤ ਕਰ ਦਿੱਤੀ।

ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 95012-00200 ਜਾਰੀ ਕੀਤਾ ਹੋਇਆ ਹੈ। ਕੋਈ ਵੀ ਵਿਅਕਤੀ ਰਿਸ਼ਵਤ ਮੰਗਣ ਜਾਂ ਲੈਣ ਵਾਲੇ ਦੀ ਇਸ ਨੰਬਰ ‘ਤੇ ਆਡੀਓ ਜਾਂ ਵੀਡੀਓ ਭੇਜ ਸਕਦਾ ਹੈ। ਜੇ ਸ਼ਿਕਾਇਤ ਸਹੀ ਪਾਈ ਗਈ ਤਾਂ ਉਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

Exit mobile version