‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿੱਚ ਹਾਹਾਕਾਰ ਮਚਾਈ ਹੋਈ ਹੈ। ਜਿੱਥੇ ਸਰਕਾਰਾਂ ਵੱਲੋਂ ਕਰੋਨਾ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ ਹੈ, ਉੱਥੇ ਹੀ ਲੋਕਾਂ ਵੱਲੋਂ ਕਰੋਨਾ ਵੈਕਸੀਨ ਬਾਰੇ ਡਰ ਵੀ ਪਾਇਆ ਜਾ ਰਿਹਾ ਹੈ, ਕਿਉਂਕਿ ਪਿਛਲੇ ਦਿਨੀਂ ਕਰੋਨਾ ਵੈਕਸੀਨ ਦੇ ਮਾੜੇ ਪ੍ਰਭਾਵ ਪੈਣ ਦੀ ਅਫਵਾਹ ਫੈਲਾਈ ਜਾ ਰਹੀ ਹੈ। ਸਿੱਖ ਕੌਮ ਦੇ ਪੰਜ ਤਖ਼ਤ ਸਾਹਿਬਾਨਾਂ ਵਿੱਚੋਂ ਤਿੰਨ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੇ ਕਰੋਨਾ ਵੈਕਸੀਨ ਲਗਵਾ ਕੇ ਸੰਗਤਾਂ ਨੂੰ ਕਰੋਨਾ ਵੈਕਸੀਨ ਬਾਰੇ ਫੈਲਾਈ ਜਾ ਰਹੀ ਝੂਠੀ ਅਫਵਾਹ ਤੋਂ ਸੁਚੇਤ ਕੀਤਾ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨ ਰਘਬੀਰ ਸਿੰਘ ਨੇ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਵਿੱਚ ਕਰੋਨਾ ਵੈਕਸੀਨ ਲਗਵਾ ਕੇ ਸੰਗਤਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਵੱਧ ਤੋਂ ਵੱਧ ਕਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ। ਜਥੇਦਾਰ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਕਰੋਨਾ ਵੈਕਸੀਨ ਲਗਵਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਰਕਾਰਾਂ ਨੂੰ ਕਰੋਨਾ ਦੀ ਦਹਿਸ਼ਤ ਫੈਲਾਉਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅਮੀਰਾਂ ਨੂੰ ਕਰੋਨਾ ਅਤੇ ਗਰੀਬਾਂ ਨੂੰ ਲਾਕਡਾਊਨ ਤੋਂ ਡਰ ਲੱਗ ਰਿਹਾ ਹੈ। ਇਸ ਲਈ ਸਰਕਾਰਾਂ ਲਾਕਡਾਊਨ ਲਾਉਣ ਤੋਂ ਪਹਿਲਾਂ ਗਰੀਬਾਂ ਬਾਰੇ ਜ਼ਰੂਰ ਸੋਚੇ।