The Khalas Tv Blog Punjab ਜਥੇਦਾਰ ਦੇ ਵੱਡੇ ਐਲਾਨ, ਹੁਣ ਸਿੱਖ ਕਰਨਗੇ ਫੈਸਲਾ
Punjab

ਜਥੇਦਾਰ ਦੇ ਵੱਡੇ ਐਲਾਨ, ਹੁਣ ਸਿੱਖ ਕਰਨਗੇ ਫੈਸਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 401ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੰਗਤ ਨੂੰ ਵਧਾਈ ਦਿੰਦਿਆਂ ਸਿੱਖ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਫਲਸਫੇ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣ ਲਈ ਕਮਰਕੱਸੇ ਕਰਨ ਦੀ ਅਪੀਲ ਕੀਤੀ। ਜਥੇਦਾਰ ਨੇ ਅਮਰੀਕਾ ਵਿੱਚ ਰਹਿੰਦੇ ਥਮਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਕੀਤੀ ਗਈ ਛੇੜਛਾੜ ਮਾਮਲੇ ਨੂੰ ਲੈ ਕੇ ਤਿੰਨ ਤਰੀਕ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਵੱਡਾ ਪੰਥਕ ਇਕੱਠ ਸੱਦਿਆ ਹੈ। ਜਥੇਦਾਰ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ SGPC ਦੇ ਮੈਂਬਰ ਪਿਛਲੇ ਤਿੰਨ ਚਾਰ ਦਿਨਾਂ ਤੋਂ ਸੰਪਰਦਾਵਾਂ ਦੇ ਮੁਖੀਆਂ, ਜਥੇਬੰਦੀਆਂ ਨੂੰ ਘਰ ਘਰ ਜਾ ਕੇ ਪੱਤਰ ਦੇ ਰਹੇ ਹਨ। ਉਨ੍ਹਾਂ ਨੇ ਸਾਰੀਆਂ ਸੰਪਰਦਾਵਾਂ, ਜਥੇਬੰਦੀਆਂ ਨੂੰ ਇਸ ਪੰਥਕ ਇਕੱਠ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਜਥੇਦਾਰ ਨੇ ਉਸ ਦਿਨ ਇਸ ਮਾਮਲੇ ਉੱਤੇ ਠੋਸ ਫੈਸਲਾ ਲੈਣ ਦਾ ਦਾਅਵਾ ਕੀਤਾ ਹੈ। ਜਥੇਦਾਰ ਨੇ ਕਿਹਾ ਕਿ ਇਸ ਗੱਲ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਛੇੜਛਾੜ ਕਰੇ।

ਜਥੇਦਾਰ ਨੇ ਕਿਹਾ ਕਿ ਥਮਿੰਦਰ ਸਿੰਘ 2009 ਵਿੱਚ ਆਪਣੀ ਮਰਜ਼ੀ ਦੇ ਨਾਲ ਹੀ ਚੀਨ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਛਪਵਾਉਂਦੇ ਹਨ , ਜਿਸ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਖਿਲਾਫ 295 ਦਾ ਮੁਕੱਦਮਾ ਦਰਜ ਕਰਦੀ ਹੈ ਅਤੇ ਉਹ ਹਾਈਕੋਰਟ ਵਿੱਚ ਅਪੀਲ ਕਰਦਾ ਹੈ ਕਿ SGPC ਕੋਲ ਕਾਪੀਰਾਈਟ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਈ ਕਿਤਾਬ ਨਹੀਂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਸਾਰ ਭਰ ਦੇ ਸਿੱਖਾਂ ਦੇ ਗੁਰੂ ਹਨ। ਤੇ ਹੁਣ ਉਸ ਵੱਲੋਂ ਆਪਣੀ ਮਰਜ਼ੀ ਦੇ ਨਾਲ ਆਫਲਾਈਨ ਅਤੇ ਆਨਲਾਈਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪੇ ਗਏ ਹਨ, ਜਿੱਥੇ ਉਸਨੇ ਮਰਜ਼ੀ ਦੇ ਨਾਲ ਬਿੰਦੀਆਂ ਲਾਈਆਂ ਹਨ। ਰਾਗਮਾਲਾ ਇੱਕ ਅੰਗ ਖਾਲੀ ਛੱਡ ਕੇ ਬਾਅਦ ਵਿੱਚ ਲਿਖੀ ਹੈ ਅਤੇ ਉਸ ਉੱਪਰ ਅੰਕ ਨਹੀਂ ਪਾਇਆ।

ਜਦੋਂ ਹੀ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਇਆ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਸਿੱਖ ਪੰਥ ਦੇ ਵਿਦਵਾਨਾਂ ਦੀ ਕਮੇਟੀ ਬਣਾ ਕੇ ਇੱਕ ਹਫ਼ਤੇ ਦੇ ਅੰਦਰ ਉਹਦੇ ਵੱਲੋਂ ਲਿਖੇ ਗਏ ਪਾਵਨ ਸਰੂਪ ਨੂੰ ਦੇਖ ਕੇ ਰਿਪੋਰਟ ਕਰਨ ਦਾ ਆਦੇਸ਼ ਦਿੱਤਾ। ਇੱਕ ਹਫ਼ਤੇ ਦੇ ਅੰਦਰ ਸਬ ਕਮੇਟੀ ਨੇ ਇਸ ਬਾਰੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸੌਂਪੀ। ਉਸੇ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਸ ਵਿਅਕਤੀ ਨੂੰ 30 ਅਪ੍ਰੈਲ ਤੱਕ ਆਪਣਾ ਕੰਮ ਬੰਦ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਵਾਬ ਦੇਣ ਦੇ ਆਦੇਸ਼ ਦਿੱਤੇ ਗਏ ਕਿ ਉਸਨੇ ਇਹ ਘਿਨੌਣਾ ਕਾਰਜ ਕਿਉਂ ਅਤੇ ਕਿਸਦੇ ਕਹਿਣ ਉੱਤੇ ਕਰ ਰਿਹਾ ਹੈ। ਪਰ ਉਹ ਸੋਸ਼ਲ ਮੀਡੀਆ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਂ ਕੋਈ ਚਿੱਠੀ ਵਾਇਰਲ ਕਰ ਰਿਹਾ ਹੈ, ਜਿਸ ਵਿੱਚ ਉਸਨੇ ਆਪਣਾ ਝੂਠਾ ਸੱਚਾ ਸਪੱਸ਼ਟੀਕਰਨ ਦੇਣ ਦਾ ਯਤਨ ਕੀਤਾ ਹੈ ਜੋ ਤਸੱਲੀਯੋਗ ਨਹੀਂ ਹੈ। ਪਰ ਅਧਿਕਾਰਤ ਤੌਰ ਉੱਤੇ ਉਸਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਸਪੱਸ਼ਟੀਕਰਨ ਹਾਲੇ ਤੱਕ ਨਹੀਂ ਭੇਜਿਆ ਹੈ।

ਜਥੇਦਾਰ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਵੈਰੀਆਂ ਦਾ ਅਗਲਾ ਨਿਸ਼ਾਨਾ ਸਿੱਖਾਂ ਦੀ ਰੀੜ ਦੀ ਹੱਡੀ, ਸਿਰਮੌਰ ਸੰਸਥਾ SGPC ਹੈ। ਸਾਨੂੰ ਇਸ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਇਸ ਮਾਮਲੇ ਉੱਤੇ ਪੰਥ ਦੀਆਂ ਸੰਪਰਦਾਵਾਂ, ਜਥੇਬੰਦੀਆਂ ਨੂੰ ਧਿਆਨ ਦੇਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਕੁੱਝ ਮਸਲੇ ਭਾਰਤ ਸਰਕਾਰ ਕੋਲ ਪੈਂਡਿੰਗ ਪਏ ਹਨ, ਜੋ ਵਾਅਦੇ 1947 ਵੇਲੇ ਸਿੱਖਾਂ ਨਾਲ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇ ਪਰ ਸਰਕਾਰ ਨੇ ਉਦੋਂ ਦਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸਰਕਾਰ ਨੇ ਸਿੱਖਾਂ ਨੂੰ ਦੇਣਾ ਤਾਂ ਕੀ ਸੀ, ਬਲਕਿ ਸਿੱਖਾਂ ਕੋਲ ਜੋ ਸੀ, ਉਹ ਵੀ ਸਿੱਖਾਂ ਤੋਂ ਖੋਹ ਲਿਆ। ਜਥੇਦਾਰ ਨੇ ਮੌਜੂਦਾ ਸਰਕਾਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜਿਹੜੀ ਗਲਤੀ ਕਾਂਗਰਸ ਸਰਕਾਰ ਨੇ ਸਿੱਖਾਂ ਨਾਲ ਧ੍ਰੋਹ ਕਰਕੇ ਰੱਖੀ ਸੀ, ਉਹਨਾਂ ਗਲਤੀਆਂ ਨੂੰ ਮੌਜੂਦਾ ਸਰਕਾਰਾਂ ਨੂੰ ਦਰੁਸਤ ਕਰਨਾ ਪਵੇਗਾ।

ਜਥੇਦਾਰ ਨੇ ਕਿਹਾ ਕਿ ਅੱਜ ਸਾਡੀ ਹਾਲਤ ਇੰਨੀ ਪਤਲੀ ਹੋ ਗਈ ਹੈ ਕਿ ਜੇ ਜਥੇਦਾਰ ਕਿਸੇ ਭਗਵੇ ਕੱਪੜਿਆਂ ਵਾਲਿਆਂ ਨਾਲ ਫੋਟੋ ਕਰਵਾ ਲਵੇ ਤਾਂ ਕੁੱਝ ਸਿਰਫਿਰੇ ਰੌਲਾ ਪਾ ਦਿੰਦੇ ਹਨ ਕਿ ਇਹ ਆਰਐੱਸਐੱਸ ਨਾਲ ਰਲੇ ਹੋਏ ਹਨ ਭਾਵੇਂ ਉਹਦਾ ਉਸ ਨਾਲ ਕੋਈ ਮੱਤਭੇਦ ਹੀ ਹੋਵੇ। ਆਪਣੇ ਬੱਚਿਆਂ ਨੂੰ ਪੰਜਾਬ ਨਾਲ ਜੋੜਨ ਲਈ, ਪੰਥ ਨਾਲ ਜੋੜਨ ਲਈ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਾਲ ਜੋੜਨ ਲਈ ਵਿਦੇਸ਼ ਵੱਸਦੇ ਸਿੱਖਾਂ ਨੂੰ ਪਹਿਲ ਕਰਨੀ ਪਵੇਗੀ ਨਹੀਂ ਤਾਂ ਸਾਡੀ ਚੌਥੀ ਜਨਰੇਸ਼ਨ ਖਤਮ ਹੋ ਜਾਵੇਗੀ। ਪਰ ਅੱਜ ਸਾਡਾ ਤਾਂ ਪ੍ਰਚਾਰ ਵੀ ਏਦਾਂ ਦਾ ਹੋ ਗਿਆ ਹੈ, ਸ਼ਰਧਾ ਤੋੜਨ ਵਾਲੀਆਂ ਕਥਾ ਸੁਣਾਈਆਂ ਜਾ ਰਹੀਆਂ ਹਨ, ਸਰੋਵਰ ਉੱਤੇ ਸਵਾਲ ਚੁੱਕੇ ਜਾ ਰਹੇ ਹਨ, ਤਖ਼ਤਾਂ ਨੂੰ ਇਮਾਰਤਾਂ ਕਿਹਾ ਜਾ ਰਿਹਾ ਹੈ। ਜੇ ਸੰਸਥਾਵਾਂ ਹੀ ਨਾ ਰਹੀਆਂ ਤਾਂ ਅਸੀਂ ਆਪਣੇ ਸਿੱਖ ਇਤਿਹਾਸ ਨੂੰ ਕਿਵੇਂ ਬਚਾਵਾਂਗੇ। ਜਥੇਦਾਰ ਨੇ ਇਨ੍ਹਾਂ ਸੰਸਥਾਵਾਂ ਨੂੰ ਬਚਾਉਣ ਲਈ ਸਿੱਖ ਸੰਗਤ ਨੂੰ ਅੱਗੇ ਆਉਣ ਦੀ ਅਪੀਲ ਕੀਤੀ।

ਜਥੇਦਾਰ ਨੇ ਕਿਹਾ ਕਿ ਅੱਜ ਸਾਡੇ ਉੱਤੇ ਚਾਰਾਂ ਪਾਸਿਆਂ ਤੋਂ ਹਮਲੇ ਹੋ ਰਹੇ ਹਨ। ਮੁਗਲਾਂ ਵੇਲੇ ਤਾਂ ਸਿੱਧੇ ਹਮਲੇ ਹੁੰਦੇ ਸਨ ਪਰ ਅੱਜ ਲੁਕਵੇਂ ਹਮਲੇ ਹੋ ਰਹੇ ਹਨ। ਸਿੱਧੇ ਹਮਲੇ ਦਾ ਮੁਕਾਬਲਾ ਤਾਂ ਅਸੀਂ ਤਲਵਾਰ ਨਾਲ ਕਰਦੇ ਸੀ ਅਤੇ ਫਤਿਹ ਵੀ ਹਾਸਿਲ ਕਰਦੇ ਸੀ ਪਰ ਅੱਜ ਜੋ ਲੁਕਵੇਂ ਹਮਲੇ ਹੋ ਰਹੇ ਹਨ, ਉਨ੍ਹਾਂ ਵਾਸਤੇ ਅਸੀਂ ਇੱਕਜੁੱਟ ਹੋ ਕੇ ਤਿਆਰੀ ਨਹੀਂ ਕੱਸੀ ਹੈ। ਜਥੇਦਾਰ ਨੇ ਸੰਗਤ ਨੂੰ ਕਮਜ਼ੋਰ ਨਾ ਪੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਸੰਗਤ ਨੂੰ ਖੰਡੇ ਬਾਟੇ ਦੀ ਪਾਹੁਲ ਛਕਣ ਦੀ ਨਸੀਹਤ ਵੀ ਦਿੱਤੀ।

Exit mobile version