ਬਿਊਰੋ ਰਿਪੋਰਟ (ਚੰਡੀਗੜ, 10 ਨਵੰਬਰ 2025): ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੀ ਹੱਦ ਅੰਦਰ ਹਰਿਆਣਾ ਅਤੇ ਚੰਡੀਗੜ ਪੁਲਿਸ ਦੀ ਤਾਇਨਾਤੀ ਤੇ ਪੰਜਾਬ ਸਰਕਾਰ ਤੋਂ ਜਵਾਬ ਦੀ ਮੰਗ ਕੀਤੀ ਹੈ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਕਾਇਦਾ ਇੱਕ ਵੀਡਿਓ ਜਾਰੀ ਕਰਦੇ ਹੋਏ ਸਵਾਲ ਕੀਤਾ ਹੈ ਕਿ, ਇਹ ਦੱਸਿਆ ਜਾਵੇ ਕਿ ਹਰਿਆਣਾ ਅਤੇ ਚੰਡੀਗੜ ਪੁਲਿਸ ਦੀ ਪੰਜਾਬ ਦੀ ਹੱਦ ਅੰਦਰ ਤਾਇਨਾਤੀ ਕਿਵੇਂ ਅਤੇ ਕਿਸਦੇ ਹੁਕਮਾਂ ਉੱਪਰ ਕੀਤੀ ਗਈ।
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਪੰਜਾਬ ਸਰਕਾਰ ਅੱਜ ਕੇਂਦਰ ਦੀ ਕਠਪੁਤਲੀ ਬਣ ਚੁੱਕੀ ਹੈ। ਬੀਬੀਐਮਬੀ ਉੱਪਰ ਕੇਂਦਰ ਦੇ ਕਬਜੇ ਤੋਂ ਬਾਅਦ ਹੁਣ ਪੰਜਾਬ ਦੀ ਸਰਜ਼ਮੀਨ ਉਪਰ ਹਰਿਆਣਾ ਅਤੇ ਚੰਡੀਗੜ ਪੁਲਿਸ ਦੀ ਤਾਇਨਾਤੀ ਸਾਬਿਤ ਕਰਦੀ ਹੈ ਕਿ ਇੱਕ ਕਮਜੋਰ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਕਦੇ ਸੂਬੇ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦਾ।
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਕਰਵਾਇਆ ਕਿ, ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ ਤੋਂ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਦੇ ਹੋਏ ਵਿਧਾਨ ਸਭਾ ਲਈ ਵੱਖਰੀ ਜਗ੍ਹਾ ਦੀ ਮੰਗ ਕਰਦੇ ਹੋਏ ਟਵੀਟ ਕਰ ਚੁੱਕੇ ਹਨ।

