ਬਿਉਰੋ ਰਿਪੋਰਟ : ਹਰਦੀਪ ਸਿੰਘ ਨਿੱਝਰ ਮਾਮਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਸਰਕਾਰ ‘ਤੇ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਨੂੰ 1984 ਨਸਲਕੁਸ਼ੀ ਦੇ ਨਾਲ ਜੋੜਿਆ ਹੈ । ਉਨ੍ਹਾਂ ਨੇ ਕਿਹਾ ਟਰੂਡੋ ਨੇ ਜਿਹੜਾ ਭਾਰਤੀ ਏਜੰਸੀ ‘ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਇਲਜ਼ਾਮ ਲਗਾਇਆ ਹੈ ਉਹ ਬਹੁਤ ਹੀ ਗੰਭੀਰ ਹੈ । ਇਸ ਨੇ ਪੂਰੀ ਦੁਨੀਆ ਵਿੱਚ ਵਸ ਰਹੇ ਸਿੱਖਾਂ ਦੇ ਦਿਲਾਂ ਨੂੰ ਵਲੂੰਦੜ ਕੇ ਰੱਖ ਦਿੱਤਾ ਹੈ ਅਤੇ ਸਿੱਖਾਂ ਨੂੰ ਮੁੜ ਤੋਂ ਸਾਕਾ ਨੀਲਾ ਤਾਰਾ ਅਤੇ 1984 ਵਿੱਚ ਹੋਏ ਸਿੱਖ ਨਸਲਕੁਸ਼ੀ ਦੀ ਯਾਦ ਦਿਵਾਈ ਹੈ । ਜਥੇਦਾਰ ਸਾਹਿਬ ਨੇ ਕਿਹਾ ਟਰੂਡੋ ਦਾ ਇਲਜ਼ਾਮ ਪੰਜਾਬ ਵਿੱਚ ਬੇਗੁਨਾਹ ਸਿੱਖ ਨੌਜਵਾਨਾਂ ਦੇ ਕਤਲ ਦੀ ਯਾਦ ਵੀ ਦਿਵਾਉਂਦਾ ਹੈ ਅਤੇ ਸਿੱਖਾਂ ਦੇ ਜ਼ਖ਼ਮ ਮੁੜ ਤੋਂ ਉਬਰ ਗਏ ਹਨ ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਜੇਕਰ ਭਾਰਤੀ ਏਜੰਸੀਆਂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਸ਼ਾਮਲ ਹਨ ਤਾਂ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਖੇਤ ਦੀ ਰਾਖੀ ਕੌਣ ਕਰੇਗਾ। ਉਨ੍ਹਾਂ ਕਿਹਾ ਭਾਰਤ ਸਰਕਾਰ ਕੈਨੇਡਾ ਦੇ ਇਲਜ਼ਾਮਾਂ ‘ਤੇ ਆਪਣੀ ਸਥਿਤੀ ਸਪਸ਼ਟ ਕਰੇ ਤਾਂਕੀ ਸਿੱਖਾ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਇਆ ਜਾ ਸਕੇ,ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਸਿੱਖ ਭਾਈਚਾਰਾ ਵਿਦੇਸ਼ ਵਿੱਚ ਜਾਕੇ ਵਸਿਆ ਹੈ। ਉੱਥੇ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਕਾਮਯਾਬੀ ਹਾਸਲ ਕੀਤੀ ਹੈ । ਇਸ ਇਲਜ਼ਾਮ ਨਾਲ ਸਿੱਖਾਂ ਦੇ ਦਿਲਾਂ ‘ਤੇ ਵੱਡੀ ਠੇਸ ਪਹੁੰਚੀ ਹੈ।
ਜਥੇਦਾਰ ਸਾਹਿਬ ‘ਤੇ ਬੀਜੇਪੀ ਦਾ ਬਿਆਨ
ਬੀਜੇਪੀ ਦੇ ਆਗੂ ਆਰਪੀ ਸਿੰਘ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਬਿਆਨ ‘ਤੇ ਕਿਹਾ ਕਿ ਮੇਰੀ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਸਬੂਤ ਮੰਗਣ । ਇਸ ਤਰ੍ਹਾਂ ਕੋਈ ਵੀ ਕਿਸੇ ‘ਤੇ ਇਲਜ਼ਾਮ ਲਗਾ ਸਕਦਾ ਹੈ। ਉਨ੍ਹਾਂ ਨੇ ਕਿਹਾ ਭਾਰਤ ਸਰਕਾਰ ਤਾਂ ਹੀ ਕਾਰਵਾਈ ਕਰੇਗੀ ਜਦੋਂ ਕੋਈ ਸਬੂਤ ਦਿੱਤਾ ਜਾਵੇਗਾ । ਬਿਨਾਂ ਵਜ੍ਹਾ ਇਲਜ਼ਾਮਾਂ ਦੇ ਕੋਈ ਮਾਇਨੇ ਨਹੀਂ ਹੈ। ਉਹ ਸਿੱਖ ਕੌਮ ਦੇ ਜਥੇਦਾਰ ਹਨ ਉਹ ਟਰੂਡੋ ਤੋਂ ਸਬੂਤ ਮੰਗ ਸਕਦੇ ਹਨ । ਸਿਰਫ਼ ਇਲਜ਼ਾਮਾਂ ਦੇ ਅਧਾਰ ‘ਤੇ ਕੋਈ ਗੱਲ ਨਹੀਂ ਮੰਨੀ ਜਾ ਸਕਦੀ ਹੈ। ਆਰ.ਪੀ ਸਿੰਘ ਨੇ ਦਾਅਵਾ ਕੀਤਾ ਕਿ ਸਿਰਫ਼ ਕੁਝ ਲੋਕ ਹਨ ਜਿਹੜੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ । ਉਧਰ ਆਲ ਇੰਡੀਆ ਐਂਟੀ ਟੈਰਰਿਸਟ ਫਰੰਡ ਦੇ ਮੁਖੀ ਮਨਜਿੰਦਰ ਸਿੰਘ ਬਿੱਟਾ ਨੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਟਰੂਡੋ ਦੇ ਬਿਆਨਾਂ ਦੀ ਨਿਖੇਦੀ ਕਰਨ। ਉਨ੍ਹਾਂ ਕਿਹਾ ਟਰੂਡੋ ਦੇ ਇਲਜ਼ਾਮਾਂ ਦਾ ਜਵਾਬ ਦੇਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ।