The Khalas Tv Blog Punjab 1984 ਸਿੱਖ ਕਤਲੇਆਮ ਦੀ ਬਰਸੀ ਨੂੰ ਸਮਰਪਿਤ ਬੰਦੀਛੋੜ ਦਿਵਸ ’ਤੇ ਜਥੇਦਾਰ ਵੱਲੋਂ ਸਿਰਫ਼ ਘਿਉ ਦੇ ਦੀਵੇ ਬਾਲਣ ਦਾ ਹੁਕਮ
Punjab Religion

1984 ਸਿੱਖ ਕਤਲੇਆਮ ਦੀ ਬਰਸੀ ਨੂੰ ਸਮਰਪਿਤ ਬੰਦੀਛੋੜ ਦਿਵਸ ’ਤੇ ਜਥੇਦਾਰ ਵੱਲੋਂ ਸਿਰਫ਼ ਘਿਉ ਦੇ ਦੀਵੇ ਬਾਲਣ ਦਾ ਹੁਕਮ

ਬਿਉਰੋ ਰਿਪੋਰਟ (ਅੰਮ੍ਰਿਤਸਰ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇੱਕ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ 40 ਸਾਲ ਪੂਰੇ ਹੋਣ ਦੇ ਮੱਦੇਨਜ਼ਰ ਸਿੱਖ ਕੌਮ ਨੂੰ ਆਦੇਸ਼ ਕੀਤਾ ਹੈ ਕਿ ਇੱਕ ਨਵੰਬਰ ਨੂੰ ਬੰਦੀਛੋੜ ਦਿਵਸ ਮੌਕੇ ਬੰਦੀਛੋੜ ਦਾਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਕੇਵਲ ਘਿਓ ਦੇ ਦੀਵਿਆਂ ਦੀ ਹੀ ਦੀਪਮਾਲਾ ਕੀਤੀ ਜਾਵੇ ਅਤੇ ਬਿਜਲਈ ਸਜਾਵਟਾਂ ਨਾ ਕੀਤੀਆਂ ਜਾਣ।

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ 1 ਨਵੰਬਰ 1984 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਦੇ 110 ਸ਼ਹਿਰਾਂ ਵਿੱਚ ਇੱਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕਾਂਗਰਸ ਹਕੂਮਤ ਦੀ ਸਰਪ੍ਰਸਤੀ ਹੇਠ ਸਿੱਖਾਂ ਦਾ ਬੇਰਹਿਮੀ ਦੇ ਨਾਲ ਕਤਲੇਆਮ ਕੀਤਾ ਗਿਆ ਸੀ, ਜੋ ਸਿੱਖ ਨਸਲਕੁਸ਼ੀ ਸੀ।

ਉਨ੍ਹਾਂ ਕਿਹਾ ਕਿ 1 ਨਵੰਬਰ 2024 ਨੂੰ ਸਿੱਖ ਨਸਲਕੁਸ਼ੀ ਦੇ 40 ਵਰ੍ਹੇ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 40 ਸਾਲਾਂ ਦੌਰਾਨ ਸਿੱਖਾਂ ਨੇ ਭਾਰਤੀ ਹਕੂਮਤ ਦੀ ਸਰਪ੍ਰਸਤੀ ਹੇਠ ਹੋਏ ਆਪਣੇ ਨਰਸੰਘਾਰ ਦੇ ਬਹੁਪੱਖੀ ਪ੍ਰਭਾਵਾਂ ਵਿਚੋਂ ਉਭਰਦਿਆਂ ਆਪਣੇ ਕੌਮੀ ਬਿਰਤਾਂਤ ਨੂੰ ਮੁੜ ਸਥਾਪਿਤ ਕਰਨ ਲਈ ਜਿਹੜਾ ਸੰਘਰਸ਼ਸ਼ੀਲ ਪੈਂਡਾ ਤਹਿ ਕੀਤਾ ਹੈ, ਉਹ ਵੀ ਅਦੁੱਤੀ ਅਤੇ ਲਾ-ਮਿਸਾਲ ਹੈ।

ਉਨ੍ਹਾਂ ਕਿਹਾ ਕਿ ਨਵੰਬਰ ‘84 ਇਕ ਐਸਾ ਨਾਸੂਰ ਹੈ ਜੋ ਰਹਿੰਦੀ ਦੁਨੀਆ ਤੱਕ ਸਿੱਖ ਮਾਨਸਿਕਤਾ ਵਿੱਚ ਤਾਜ਼ਾ ਰਹੇਗਾ। ਉਨ੍ਹਾਂ ਕਿਹਾ ਕਿ 1 ਨਵੰਬਰ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਮਦ ਦੀ ਯਾਦ ਵਿੱਚ ਬੰਦੀਛੋੜ ਦਿਵਸ ਵੀ ਹੈ।

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਵਾਰ ਬੰਦੀਛੋੜ ਦਿਵਸ ਮੌਕੇ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੀ ਬਿਜਲਈ ਸਜਾਵਟ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਸ਼ਵ ਭਰ ਵਿਚ ਵੱਸਦੀਆਂ ਸਿੱਖ ਸੰਗਤਾਂ ਵਲੋਂ ਇੱਕ ਨਵੰਬਰ ਵਾਲੇ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਾਵਨ ਯਾਦ ਵਿਚ ਬੰਦੀਛੋੜ ਦਿਵਸ ਮਨਾਉਂਦਿਆਂ ਗੁਰਦੁਆਰਾ ਸਾਹਿਬਾਨ ਅਤੇ ਘਰਾਂ ਵਿੱਚ ਸਿਰਫ ਘਿਓ ਦੇ ਦੀਵਿਆਂ ਦੀ ਹੀ ਦੀਪਮਾਲਾ ਕੀਤੀ ਜਾਵੇ ਅਤੇ ਕਿਸੇ ਤਰ੍ਹਾਂ ਦੀ ਬਿਜਲਈ ਸਜਾਵਟ ਨਾ ਕੀਤੀ ਜਾਵੇ।

Exit mobile version