‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਕੱਲ੍ਹ ਦਿਲ ਦਾ ਦੌਰਾ ਪੈਣ ਨਾਲ ਅਕਾਲ ਚਲਾਣਾ ਹੋ ਗਿਆ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਉਨ੍ਹਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਥੇਦਾਰ ਵੇਦਾਂਤੀ ਦੇ ਦੇਹਾਂਤ ਨਾਲ ਸਿੱਖ ਕੌਮ ਗੁਰਬਾਣੀ ਵਿਆਕਰਣ ਦੇ ਗਿਆਤਾ ਤੋਂ ਵਾਂਝੀ ਹੋ ਗਈ ਹੈ। ਉਨ੍ਹਾਂ ਦੀ ਮੌਤ ਨਾਲ ਸਿੱਖ ਜਗਤ ਅੰਦਰ ਸੋਗ ਦੀ ਲਹਿਰ ਪਸਰ ਗਈ ਹੈ। ਜਥੇਦਾਰ ਵੇਦਾਂਤੀ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਵਿੱਚੋਂ ਇਕ ਸਨ।
ਵੇਦਾਂਤੀ ਨੇ ਸਾਰੀ ਉਮਰ ਗੁਰਬਾਣੀ ਵਿਆਕਰਨ ਦੇ ਪ੍ਰਚਾਰ ਪ੍ਰਸਾਰ ਵਿੱਚ ਸਮਾਂ ਕੱਟਿਆ ਤੇ ਗੁਰਬਾਣੀ ਦੀਆਂ ਗੁਝੇ ਭੇਦਾਂ ਦੀ ਵਿਆਖਿਆ ਕੀਤੀ। ਉਨ੍ਹਾਂ ਦੀ ਮੌਤ ’ਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਅਰਦਾਸੀਆ ਵਜੋਂ ਸ੍ਰੀ ਦਰਬਾਰ ਸਾਹਿਬ ਭਰਤੀ ਹੋਏ ਸਨ ਵੇਦਾਂਤੀ
ਮਰਹੂਮ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸ੍ਰੀ ਹਰਿਮੰਦਰ ਸਾਹਿਬ ਵਿਚ ਅਰਦਾਸੀਆ ਵਜੋਂ ਭਰਤੀ ਹੋਏ ਸਨ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਲੰਮੇ ਸਮੇਂ ਤੱਕ ਗ੍ਰੰਥੀ ਦੀ ਸੇਵਾ ਵੀ ਨਿਭਾਈ। ਵੇਦਾਂਤੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਰਹੇ ਫਿਰ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਤੈਨਾਤ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਵੇਦਾਂਤੀ ਦੇ ਵੱਲੋਂ ਪੰਥਕ ਮਾਮਲਿਆਂ ਦੇ ਉੱਤੇ ਦਿੱਤੇ ਗਏ ਕੁਝ ਬਿਆਨਾਂ ਤੋਂ ਬਾਅਦ ਉਨ੍ਹਾਂ ਨੂੰ ਅਕਾਲੀ ਦਲ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਸੀ।
ਗਿਆਨੀ ਜੋਗਿੰਦਰ ਸਿੰਘ ਦਰਬਾਰ ਸਾਹਿਬ ਵਿਚ ਬਣੇ ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਵੀ ਮਹੱਤਵਪੂਰਨ ਯੋਗਦਾਨ ਦਿੰਦੇ ਰਹੇ ਹਨ। ਵਿਵਾਦਾਂ ਵਿਚ ਰਹੇ ਡੇਰਾ ਸਿਰਸਾ ਦਾ ਬਾਈਕਾਟ ਵੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਹੀ ਕੀਤਾ ਗਿਆ ਸੀ।