– ਕਮਲਜੀਤ ਸਿੰਘ ਬਨਵੈਤ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਪਿਛਲੇ ਲੰਬੇ ਸਮੇਂ ਤੋਂ ਤਿਹਾੜ ਜੇਲ੍ਹ ਵਿੱਚ ਔਖ ਨਾਲ ਵਕਤ ਗੁਜ਼ਾਰ ਰਹੇ ਹਨ। ਪਿੱਠ ਦੇ ਦਰਦ ਨੇ ਉਨ੍ਹਾਂ ਨੂੰ ਸਾਲਾਂਬੱਧੀ ਪਰੇਸ਼ਾਨ ਕਰੀ ਰੱਖਿਆ ਪਰ ਪ੍ਰਸ਼ਾਸਨ ਨੂੰ ਜਿਵੇਂ ਉਨ੍ਹਾਂ ਦੀ ਤਕਲੀਫ ਦਾ ਅਹਿਸਾਸ ਨਾ ਹੋਵੇ। ਸਿੱਖ ਸੰਗਤਾਂ ਦੀਆਂ ਲੱਖ ਅਪੀਲਾਂ ਦੇ ਬਾਵਜੂਦ ਉਨ੍ਹਾਂ ਨੂੰ ਪੇਨਕਿਲਰ ਦੇ ਕੇ ਸ਼ਾਂਤ ਕੀਤਾ ਜਾਂਦਾ ਰਿਹਾ ਹੈ। ਅੱਜਕੱਲ੍ਹ ਉਨ੍ਹਾਂ ਨੂੰ ਡੇਂਗੂੰ ਨੇ ਘੇਰ ਲਿਆ ਹੈ। ਜੇਲ੍ਹ ਅਧਿਕਾਰੀਆਂ ਵੱਲੋਂ ਰੁਟੀਨ ਦਾ ਬੁਖਾਰ ਮੰਨ ਕੇ ਉਨ੍ਹਾਂ ਨੂੰ ਪੈਰਾਸੀਟਾਮੌਲ (Paracetamol) ਦੇ ਕੇ ਡੰਗ ਟਪਾਇਆ ਜਾਂਦਾ ਰਿਹਾ ਹੈ ਪਰ ਜਦੋਂ ਉਨ੍ਹਾਂ ਦੇ ਪਲੇਟਲੈੱਟਸ ਸਿਰਫ 6 ਹਜ਼ਾਰ ਰਹਿ ਗਏ ਤਾਂ ਦਿੱਲੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ ਮਜ਼ਬੂਰੀ ਵੱਸ ਦਿੱਲੀ ਦੇ ਦੀਨ ਦਿਆਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ, ਜਿੱਥੇ ਉਨ੍ਹਾਂ ਦੇ ਪਲੇਟਲੈੱਟਸ ਵੱਧ ਕੇ 39 ਹਜ਼ਾਰ ਹੋ ਗਏ ਹਨ। ਪਰ ਉਨ੍ਹਾਂ ਦੀ ਸਾਂਭ ਸੰਭਾਲ ਵਾਲਾ ਕੋਈ ਨਹੀਂ। ਇਸਦੇ ਉਲਟ ਉਨ੍ਹਾਂ ਨੂੰ ਬੇੜੀਆਂ ਨਾਲ ਨੂੜ ਕੇ ਮੰਜੇ ‘ਤੇ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਗਿਆ ਹੈ। ਜਥੇਦਾਰ ਹਵਾਰਾ ਦੇ ਧਰਮ ਦੇ ਬਾਪ ਅਤੇ ਕਮੇਟੀ ਦੇ ਮੈਂਬਰ ਬਾਪੂ ਗੁਰਚਰਨ ਸਿੰਘ ਨੇ ‘ਦ ਖ਼ਾਲਸ ਟੀਵੀ ਨੂੰ ਇਹ ਜਾਣਕਾਰੀ ਦਿੰਦਿਆਂ ਦਿੱਲੀ ਸਰਕਾਰ ਉੱਤੇ ਬੇਗਾਨਗੀ ਵਾਲਾ ਵਿਵਹਾਰ ਕਰਨ ਦਾ ਦੋਸ਼ ਲਾਇਆ ਹੈ। ਜਥੇਦਾਰ ਹਵਾਰਾ ਪੰਜਾਬ ਦੇ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੀ ਹੱ ਤਿਆ ਦੇ ਦੋਸ਼ ਹੇਠ ਮੌਤ ਤੱਕ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ ਅਤੇ ਉਨ੍ਹਾਂ ਨੂੰ ਤਿਹਾੜ ਜੇਲ੍ਹ, ਦਿੱਲੀ ‘ਚ ਰੱਖਿਆ ਗਿਆ ਹੈ।
ਸਿਤਮ ਦੀ ਗੱਲ ਇਹ ਹੈ ਕਿ ਜਥੇਦਾਰ ਦੇ ਗੰਭੀਰ ਬਿਮਾਰ ਹੋਣ ‘ਤੇ ਵੀ ਉਨ੍ਹਾਂ ਨਾਲ ਮੁਲਾਕਾਤਾਂ ਦੀ ਇਜਾਜਤ ਨਹੀਂ। ਦਿੱਲੀ ਤੋਂ ਸਿਰਫ ਦਲਜੀਤ ਸਿੰਘ ਨੂੰ ਇੱਕ ਵਾਰ ਮਿਲਣ ਦੀ ਇਜਾਜਤ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 10 ਜਾਣਕਾਰ ਮੁਲਾਕਾਤੀਆਂ ਵਿੱਚ ਸ਼ਾਮਿਲ ਕੀਤੇ ਗਏ ਸਨ ਅਤੇ ਹਫ਼ਤੇ ਵਿੱਚ ਦੋ ਵਾਰ ਤਿੰਨ-ਤਿੰਨ ਜਣਿਆਂ ਨੂੰ ਮਿਲਣ ਦੀ ਇਜਾਜਤ ਸੀ। ਹੁਣ ਜਦੋਂ ਉਹਨਾਂ ਨੂੰ ਮਦਦ ਲਈ ਅਟੈਂਡੈਂਟ ਦੀ ਲੋੜ ਹੈ ਤਾਂ ਅਜਿਹੀ ਕੋਈ ਸਹੂਲਤ ਤਾਂ ਨਹੀਂ ਦਿੱਤੀ ਗਈ ਪਰ ਉਨ੍ਹਾਂ ਦੇ ਵਾਰਡ ਦੇ ਆਲੇ-ਦੁਆਲੇ 100 ਤੋਂ ਵੱਧ ਸੁਰੱਖਿਆ ਮੁਲਾਜ਼ਮਾਂ ਦੀ ਵਾੜ ਜ਼ਰੂਰ ਕਰ ਦਿੱਤੀ ਗਈ ਹੈ। ਹਵਾਰਾ ਕਮੇਟੀ ਵੱਲੋਂ ਅੱਜ ਮੁਤਵਾਜ਼ੀ ਜਥੇਦਾਰ ਦੀ ਤੰਦਰੁਸਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ ਹੈ। ਕਮੇਟੀ ਵੱਲੋਂ ਦਿੱਲੀ ਸਰਕਾਰ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ। ਕਮੇਟੀ ਨੇ ਜੇਲ੍ਹ ਪ੍ਰਸ਼ਾਸਨ ਉੱਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਾਇਆ ਹੈ। ਕਮੇਟੀ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਕਰਕੇ ਮੁਲਾਕਾਤਾਂ ਮੁੜ ਤੋਂ ਸ਼ੁਰੂ ਕਰਨ ਅਤੇ ਉਨ੍ਹਾਂ ਦੀ ਸੰਭਾਲ ਲਈ ਇੱਕ ਅਟੈਂਡੈਂਟ ਨੂੰ ਕੋਲ ਰਹਿਣ ਦੀ ਅਪੀਲ ਕੀਤੀ ਹੈ। ਕਮੇਟੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਦੋਂ ਜਥੇਦਾਰ ਹਵਾਰਾ ਤੁਰਨ-ਫਿਰਨ ਤੋਂ ਅਸਮਰੱਥ ਹਨ ਤਾਂ ਵੀ ਪੁਲਿਸ ਉਨ੍ਹਾਂ ਨਾਲ ਹਮਦਰਦ ਭਰਿਆ ਵਤੀਰਾ ਨਹੀਂ ਅਪਣਾ ਰਹੀ ਹੈ।
ਮਰਹੂਮ ਬੇਅੰਤ ਸਿੰਘ ਦੀ ਸਿਵਲ ਸਕੱਤਰੇਤ ਮੂਹਰੇ 31 ਅਗਸਤ 1995 ਨੂੰ ਹੱ ਤਿਆ ਕਰ ਦਿੱਤੀ ਗਈ ਸੀ। ਸੀਬੀਆਈ ਵੱਲੋਂ ਹੱ ਤਿਆ ਦੇ ਦੋਸ਼ ਹੇਠ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਹਵਾਰਾ ਇਨ੍ਹਾਂ ਵਿੱਚ ਸ਼ਾਮਿਲ ਸਨ। ਗ੍ਰਿਫਤਾਰੀ ਤੋਂ ਬਾਅਦ ਸਾਰਿਆਂ ਨੂੰ ਮਾਡਲ ਜੇਲ੍ਹ, ਬੁੜੈਲ ਵਿੱਚ ਬੰਦ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾ ਦਿੱਤੀ ਸੀ। ਮਾਡਲ ਜੇਲ੍ਹ ਪ੍ਰਸ਼ਾਸਨ ਉੱਤੇ ਵੀ ਬੇਅੰਤ ਹੱ ਤਿਆ ਕਾਂਡ ਦੇ ਮੁਲਜ਼ਮਾਂ ਨਾਲ ਪੱਖਪਾਤ ਦਾ ਵਤੀਰਾ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਹੀ 20 ਅਤੇ 21 ਜਨਵਰੀ 2003 ਦੀ ਰਾਤ ਨੂੰ ਉਹ ਆਪਣੇ ਦੋ ਹੋਰ ਸਾਥੀਆਂ ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਤਾਰਾ ਸਮੇਤ ਜੇਲ੍ਹ ਵਿੱਚੋਂ ਸੁਰੰਗ ਪੁੱਟ ਕੇ ਫਰਾਰ ਹੋ ਗਏ ਸਨ। ਉਨ੍ਹਾਂ ਨੂੰ ਪੁਲਿਸ ਨੇ ਕੁੱਝ ਮਹੀਨਿਆਂ ਬਾਅਦ ਹੀ ਮੁੜ ਗ੍ਰਿਫਤਾਰ ਕਰ ਲਿਆ ਸੀ। ਕੇਂਦਰ ਸਰਕਾਰ ਨੇ ਬੇਅੰਤ ਕ ਤਲ ਕਾਂਡ ਦੇ ਦੋਸ਼ੀਆਂ ਨੂੰ ਇੱਕ ਫੈਸਲੇ ਰਾਹੀਂ ਵੱਖ-ਵੱਖ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ। ਬਲਵੰਤ ਸਿੰਘ ਰਾਜੋਆਣਾ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਹਨ। ਦੂਜੇ ਦੋਸ਼ੀਆਂ ਵਿੱਚੋਂ ਭਿਓਰਾ, ਤਾਰਾ, ਲਖਵਿੰਦਰ ਸਿੰਘ, ਗੁਰਮੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਮਾਡਲ ਜੇਲ੍ਹ ਬੁੜੈਲ ਵਿੱਚ ਰੱਖੇ ਗਏ ਹਨ। ਦੋ ਮੁਲਜ਼ਮ ਬਾਪੂ ਨਸੀਬ ਸਿੰਘ ਅਤੇ ਨਵਜੋਤ ਸਿੰਘ ਨੂੰ ਅਦਾਲਤ ਵੱਲੋਂ ਰਿਹਾਅ ਕਰ ਦਿੱਤਾ ਗਿਆ ਸੀ।
ਬਾਪੂ ਗੁਰਚਰਨ ਸਿੰਘ ਨੇ ਮੁਤਵਾਜ਼ੀ ਜਥੇਦਾਰ ਹਵਾਰਾ ਦੀ ਸਿਹਤ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਦਿੱਲੀ ਸਰਕਾਰ ਨੂੰ ਉਨ੍ਹਾਂ ਨੂੰ ਠੀਕ ਇਲਾਜ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਥੇਦਾਰ ਦੀ ਬਿਮਾਰੀ ਦੀ ਗੰਭੀਰਤਾ ਨੂੰ ਵੇਖਦਿਆਂ ਕਿਸੇ ਚੰਗੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇ। ਉਨ੍ਹਾਂ ਨੇ ਮਰੀਜ਼ ਲਈ ਦਿਨ ਰਾਤ ਵਾਸਤੇ ਇੱਕ ਅਟੈਂਡੈਂਟ ਦੇਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਮੰਗ ਕੀਤੀ ਕਿ ਜਦੋਂ ਜਥੇਦਾਰ ਹਵਾਰਾ ਖਿਲਾਫ ਪੰਜਾਬ ਤੋਂ ਬਾਹਰ ਚੱਲਦੇ ਸਾਰੇ ਕੇਸਾਂ ਦਾ ਨਿਪਟਾਰਾ ਹੋ ਚੁੱਕਾ ਹੈ ਤਾਂ ਉਨ੍ਹਾਂ ਨੂੰ ਬਿਨਾਂ ਦੇਰੀ ਪੰਜਾਬ ਵਿੱਚ ਸ਼ਿਫਟ ਕੀਤਾ ਜਾਵੇ। ਕਮੇਟੀ ਅਗਲੇ ਦਿਨੀਂ ਦਿੱਲੀ ਸਰਕਾਰ ਦੇ ਨਾਲ ਮੁਲਾਕਾਤ ਵੀ ਕਰੇਗੀ ਅਤੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ।
ਸੰ : 9814734035