The Khalas Tv Blog Punjab ਇੱਕ ਮਹੀਨੇ ‘ਚ ਖੁੱਲ੍ਹ ਸਕਦੈ ਪੰਥ ਦਾ ਆਪਣਾ ਚੈਨਲ !
Punjab

ਇੱਕ ਮਹੀਨੇ ‘ਚ ਖੁੱਲ੍ਹ ਸਕਦੈ ਪੰਥ ਦਾ ਆਪਣਾ ਚੈਨਲ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਦਿਨਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਤੀ ਤੌਰ ਉੱਤੇ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਆਪ ਤਿਆਰ ਕਰੇ, ਲਾਂਚ ਕਰੇ। ਜਿੰਨਾ ਚਿਰ ਨਵੇਂ ਚੈਨਲ ਦੀ ਸਾਰੀ ਕਾਰਵਾਈ ਸਿਰੇ ਨਹੀਂ ਚੜਦੀ, ਉਦੋਂ ਤੱਕ ਸ਼੍ਰੋਮਣੀ ਕਮੇਟੀ ਦਾ ਆਈਟੀ ਵਿੰਗ ਆਪਣੇ ਯੂਟਿਊਬ ਚੈਨਲ, ਵੈੱਬ ਚੈਨਲ ਤੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਸਿੱਖ ਸੰਗਤ ਤੱਕ ਪਹੁੰਚਾਉਣ ਦਾ ਕੰਮ ਸ਼ੁਰੂ ਕਰੇ। ਇਸਦੇ ਲਈ ਇੱਕ ਹਫ਼ਤੇ ਦਾ ਸਮਾਂ ਲੱਗੇਗਾ, ਕਿਉਂਕਿ ਸਾਰਾ ਸਮਾਨ ਜਿਵੇਂ ਕਿ ਕੈਮਰੇ, ਤਾਰਾਂ ਖਰੀਦਣੀਆਂ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਪੇਸ਼ਕਸ਼ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਚੈਨਲ ਖੋਲਣ ਦੇ ਲਈ ਪੈਸਾ ਦੇਣ ਲਈ ਤਿਆਰ ਹੈ। ਜਥੇਦਾਰ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ ਪਰ ਖ਼ਾਲਸਾ ਪੰਥ ਦੀਆਂ ਸੰਸਥਾਵਾਂ ਅਤੇ ਖ਼ਾਲਸਾ ਪੰਥ ਕੋਲ ਪੈਸੇ ਦੀ ਕਮੀ ਨਹੀਂ ਹੈ। ਮੇਰੀ ਇੰਗਲੈਂਡ ਅਤੇ ਯੂਐੱਸ ਦੇ ਸਿੱਖਾਂ ਦੇ ਨਾਲ, ਸ਼੍ਰੋਮਣੀ ਕਮੇਟੀ ਦੇ ਨਾਲ ਇਸ ਮਸਲੇ ਉੱਤੇ ਗੱਲਬਾਤ ਹੋਈ ਹੈ। ਸਮੱਸਿਆ ਪੈਸਾ ਨਹੀਂ ਹੈ ਬਲਕਿ ਸਮੱਸਿਆ ਇਹ ਹੈ ਕਿ ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਕੋਲੋਂ ਜੋ ਮਨਜ਼ੂਰੀਆਂ ਲੈਣੀਆਂ ਹਨ, ਉਹ ਹੈ। ਜਥੇਦਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੈਨਲ ਖੋਲ੍ਹਣ ਦੀ ਮਨਜ਼ੂਰੀ ਲੈ ਕੇ ਦੇਵੇ। ਅਸੀਂ ਉਸ ਚੈਨਲ ਦੇ ਮਾਧਿਅਮ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦੇ ਨਾਲ ਨਾਲ ਧਾਰਮਿਕ ਸਰਗਰਮੀਆਂ ਸੰਗਤ ਵਿੱਚ ਪਹੁੰਚਾਵਾਂਗੇ। ਸਿੱਖ ਕੌਮ ਦੇ ਨਾਲ ਹੋ ਰਹੇ ਅਨਿਆਂ ਨੂੰ ਵੀ ਅਸੀਂ ਇਸ ਚੈਨਲ ਦੇ ਰਾਹੀਂ ਸੰਗਤ ਤੱਕ ਸਕੀਏ। ਇੱਕ ਮਹੀਨੇ ਦੇ ਅੰਦਰ ਜੇ ਕਾਗਜ਼ੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਤਾਂ ਅਸੀਂ ਆਪਣੇ ਚੈਨਲ ਦੇ ਰਾਹੀਂ ਗੁਰਬਾਣੀ ਦਾ ਪ੍ਰਸਾਰਣ ਕਰ ਸਕਾਂਗੇ। ਜਥੇਦਾਰ ਨੇ ਕਿਹਾ ਕਿ ਜੇ ਪੰਥ ਦਾ ਚੈਨਲ ਖੁੱਲ੍ਹ ਗਿਆ ਤਾਂ ਛੇ ਜੂਨ ਨੂੰ ਘੱਲੂਘਾਰਾ ਦਿਵਸ ਦਾ ਸਮਾਗਮ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਵਾਂਗੇ।

Exit mobile version