The Khalas Tv Blog Punjab ‘ਪੰਥ ਦੇ ਨਿਧੜਕ ਜਰਨੈਲ ਸਿੰਘ ਸਾਹਿਬ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ’ ਕਿਤਾਬ ਹੋਈ ਸੰਗਤ ਅਰਪਣ
Punjab Religion

‘ਪੰਥ ਦੇ ਨਿਧੜਕ ਜਰਨੈਲ ਸਿੰਘ ਸਾਹਿਬ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ’ ਕਿਤਾਬ ਹੋਈ ਸੰਗਤ ਅਰਪਣ

‘ਦ ਖ਼ਾਲਸ ਬਿਊਰੋ :- ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਡਾ.ਪਰਮਜੀਤ ਸਿੰਘ ਸਰੋਆ ਵੱਲੋਂ ਲਿਖੀ ਗਈ ਕਿਤਾਬ ‘ਪੰਥ ਦੇ ਨਿਧੜਕ ਜਰਨੈਲ ਸਿੰਘ ਸਾਹਿਬ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ’ ਨੂੰ ਸੰਗਤ ਅਰਪਣ ਕੀਤਾ। ਜਥੇਦਾਰ ਹਰਪ੍ਰੀਤ ਸਿੰਘ ਨੇ ਸਰੋਆ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਪੰਥਕ ਹਿੱਤਾਂ ਅਤੇ ਸਰੋਕਾਰਾਂ ਦੀ ਪਹਿਰੇਦਾਰ ਹੈ। ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੇ ਵੀ ਪੰਥਕ ਹਿੱਤਾਂ ਦੀ ਨਿਰੰਤਰਤਾ ਨਾਲ ਪਹਿਰੇਦਾਰੀ ਕੀਤੀ। ਇਸ ਪੁਸਤਕ ਰਾਹੀਂ ਉਨ੍ਹਾਂ ਦੇ ਜੀਵਨ ਅਤੇ ਸੇਵਾਂ ਕਾਰਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ, ਜਿਸਦੀ ਮੈਂ ਸ਼ਲਾਘਾ ਕਰਦਾ ਹਾਂ।

ਡਾ.ਪਰਮਜੀਤ ਸਿੰਘ ਸਰੋਆ ਨੇ ਕਿਹਾ ਕਿ ‘1927 ਈ: ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਜਨੋਹਾ ਪਿੰਡ ਵਿੱਚ ਜਨਮੇ ਜਥੇਦਾਰ ਗੁਰਦਿਆਲ ਸਿੰਘ ਨੇ ਸਾਰਾ ਜੀਵਨ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਦਿਆਂ ਬਤੀਤ ਕੀਤਾ। ਉਨ੍ਹਾਂ ਨੇ ਆਪਣਾ ਧਾਰਮਿਕ ਜੀਵਨ ਪਿੰਡ ਦੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸ਼ੁਰੂ ਕਰਕੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ, 1972 ਵਿੱਚ ਬਤੌਰ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ 1980 ਈ: ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵਜੋਂ ਨਿਭਾਈਆਂ ਸੇਵਾਵਾਂ ਨੂੰ ਅੱਜ ਵੀ ਮਿਸਾਲੀ ਤੌਰ ‘ਤੇ ਯਾਦ ਕੀਤਾ ਜਾਂਦਾ ਹੈ।

ਜਥੇਦਾਰ ਅਜਨੋਹਾ ਨੇ ਆਪਣੇ ਸੇਵਾ ਕਾਲ ਦੌਰਾਨ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕਰਦਿਆਂ “ਸਿੱਖ ਇੱਕ ਵੱਖਰੀ ਕੌਮ ਹੈ” ਵਰਗੇ ਇਤਿਹਾਸਕ ਫੈਸਲੇ ਲਏ। ਦੁਨਿਆਵੀ ਅਦਾਲਤਾਂ ਦੇ ਸੰਮਨ ਨੂੰ ਲੈਣ ਤੋਂ ਇਨਕਾਰ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਰੁਤਬੇ ਨੂੰ ਕਾਇਮ ਰੱਖਿਆ। ਅਕਾਲੀ ਧੜਿਆਂ ਵਿੱਚ ਏਕਤਾ ਦੀ ਪ੍ਰਕਿਰਿਆ ਆਰੰਭੀ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਨਾਲ ਅਥਾਹ ਪਿਆਰ ਅਤੇ ਮੇਲ-ਮਿਲਾਪ ਨਾਲ ਧਰਮ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਦੀ ਲਹਿਰ ਆਰੰਭ ਕੀਤੀ।’ ਡਾ.ਸਰੋਆ ਨੇ ਦੱਸਿਆ ਕਿ ਇਸ ਪੁਸਤਕ ਨੂੰ ਭਾਈ ਚਤਰ ਸਿੰਘ ਜੀਵਨ ਸਿੰਘ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।

Exit mobile version