The Khalas Tv Blog India ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਤੋਂ ਪੁੱਛੇ 2 ਸਵਾਲ ! ਜਥੇਦਾਰ ਸ੍ਰੀ ਅਕਾਲ ਤਖਤ ਵੀ ਸਖਤ ਨਰਾਜ਼
India Punjab Religion

ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਤੋਂ ਪੁੱਛੇ 2 ਸਵਾਲ ! ਜਥੇਦਾਰ ਸ੍ਰੀ ਅਕਾਲ ਤਖਤ ਵੀ ਸਖਤ ਨਰਾਜ਼

ਬਿਉਰੋ ਰਿਪੋਰਟ – ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਨੂੰ 2 ਸਵਾਲ ਪੁੱਛ ਦੇ ਹੋਏ ਵੱਡਾ ਹਮਲਾ ਕੀਤਾ ਹੈ । ਉਧਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਹਮਾਇਤ ਵਿੱਚ ਆ ਗਏ ਹਨ ।

ਬਠਿੰਡਾ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ 7 ਮੈਂਬਰੀ ਕਮੇਟੀ ਨੂੰ ਇੰਨਾਂ ਭਗੌੜਿਆਂ ਨੇ ਦਰ-ਕਿਨਾਰ ਕਰ ਦਿੱਤਾ । ਉਨ੍ਹਾਂ ਕਿਹਾ ਬਾਦਲ ਪਰਿਵਾਰ ਹਮੇਸ਼ਾ ਮੇਰੇ ‘ਤੇ ਇਲਜ਼ਾਮ ਲਾਉਂਦਾ ਹੈ ਕਿ ਮੇਰੀ ਬੀਜੇਪੀ ਨਾਲ ਸਾਂਝ ਹੈ। ਬੀਤੇ ਦਿਨ ਸੁਖਬੀਰ ਬਾਦਲ ਦੀ ਧੀ ਦੇ ਵਿਆਹ ਸਮਾਗਮ ਵਿੱਚ ਸਾਰੇ ਬੀਜੇਪੀ ਦੇ ਹੀ ਆਗੂ ਸਨ, ਮੈਂ ਤਾਂ ਇਕ, ਦੋ ਜਣੇ ਨੂੰ ਮਿਲਿਆ ਇਹ ਤਾਂ ਵਿਆਹ ਵਿਚ ਕਿੰਨਿਆਂ ਨੂੰ ਮਿਲੇ ਹਨ। ਸਿਰਫ਼ ਇੰਨਾ ਹੀ ਨਹੀਂ ਗਿਆਨ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੇ ਵੱਲੋਂ 35 ਲੱਖ ਭਰਤੀਆਂ ਦੇ ਦਾਅਵੇ ‘ਤੇ ਵੀ ਸਵਾਲ ਚੁੱਕ ਦੇ ਹੋਏ ਕਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਸਭਾ ਚੋਣਾਂ ਵਿੱਚ ਵੋਟ ਤਾਂ 18 ਲੱਖ ਪਈ ਸੀ ਤੇ ਹੁਣ ਮੈਂਬਰਸ਼ਿਪ ਵਿੱਚ 35 ਲੱਖ ਦੀ ਭਰਤੀ ਕਿਵੇਂ ਹੋ ਗਈ?

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਮੈਨੂੰ ਕਿਸੇ ਗੱਲ ਦੀ ਕੋਈ ਪ੍ਰਵਾਹ ਨਹੀਂ,ਜੇ ਅਕਾਲ ਪੁਰਖ ਦੀ ਕਿਰਪਾ ਹੋਵੇ ਤਾਂ ਕੋਈ ਕਿਸੇ ਦਾ ਅਪਮਾਨ ਨਹੀਂ ਕਰ ਸਕਦਾ। ਮੈਨੂੰ ਅਕਾਲ ਪੁਰਖ ਦੀ ਅਦਾਲਤ ‘ਤੇ ਪੂਰਾ ਭਰੋਸਾ ਤੇ ਉਹੀ ਇਨਸਾਫ਼ ਕਰਨਗੇ। ਬੀਤੇ ਦਿਨ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਪੋਸਟ ਪਾਕੇ ਉਨ੍ਹਾਂ ਨੂੰ ਹਟਾਉਣ ‘ਤੇ ਨਰਾਜ਼ਗੀ ਜ਼ਾਹਿਰ ਕੀਤੀ ਸੀ ।

ਗਿਆਨੀ ਰਘਬੀਰ ਸਿੰਘ ਪੋਸਟ

ਗਿਆਨੀ ਰਘਬੀਰ ਸਿੰਘ ਨੇ ਲਿਖਿਆ ਸੀ ‘ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਘਟਨਾਕ੍ਰਮ ਵਾਪਰ ਰਹੇ ਹਨ, ਮੈਂ ਉਨ੍ਹਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਵਾਚ ਰਿਹਾ ਹਾਂ। ਇਨ੍ਹਾਂ ਹਾਲਾਤਾਂ ਤੋਂ ਮੇਰਾ ਮਨ ਬੇਹੱਦ ਦੁਖੀ ਹੋਇਆ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਅਤੇ ਤਰੀਕਾ ਬਿਲਕੁਲ ਵੀ ਸਹੀ ਨਹੀਂ ਹੈ। ਮਿਤੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਭਾਵਨਾਵਾਂ ਅਤੇ ਪਰੰਪਰਾਵਾਂ ਦੀ ਰੌਸ਼ਨੀ ਵਿਚ ਹੋਏ ਫੈਸਲਿਆਂ ਤੋਂ ਬਾਅਦ ਹੀ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਸਿੰਘ ਸਾਹਿਬਾਨ ਖ਼ਿਲਾਫ਼ ਗਿਣੇ ਮਿਥੇ ਤਰੀਕੇ ਦੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ 18 ਸਾਲ ਪੁਰਾਣੇ ਪਰਿਵਾਰਕ ਮਸਲੇ ਨੂੰ ਗਲਤ ਰੰਗਤ ਦੇ ਕੇ ਮੀਡੀਆ ਟਰਾਇਲ ਚਲਾਇਆ ਗਿਆ। ਇਸ ਸਬੰਧ ਵਿਚ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਮੈਂ ਸ਼੍ਰੋਮਣੀ ਕਮੇਟੀ ਵਲੋ ਜਾਂਚ ਕਮੇਟੀ ਬਿਠਾਉਣ ਵੇਲੇ ਵੀ ਆਖਿਆ ਸੀ ਕਿ ਇਹ ਠੀਕ ਨਹੀ ਹੈ। ਜੇਕਰ ਕਿਸੇ ਵੀ ਤਖਤ ਸਾਹਿਬ ਦੇ ਕਿਸੇ ਜਥੇਦਾਰ ਸਾਹਿਬ ਵਿਰੁੱਧ ਕਿਸੇ ਤਰ੍ਹਾਂ ਦੇ ਦੋਸ਼ਾਂ ਦੀ ਪੜਤਾਲ ਕਰਨ ਦੀ ਲੋੜ ਹੋਵੇ ਤਾਂ ਇਹ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਹੀ ਕਰਵਾ ਸਕਦਾ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਵੀ ਅਹੁਦੇ ਤੋ ਸੇਵਾਮੁਕਤ ਕਰਨਾ ਮੰਦਭਾਗਾ ਹੈ। ਇਸ ਤਰ੍ਹਾਂ ਜਥੇਦਾਰ ਸਾਹਿਬਾਨ ਨੂੰ ਜਲੀਲ ਕਰਕੇ ਸੇਵਾਮੁਕਤ ਕਰਨਾ ਬੇਹੱਦ ਮੰਦਭਾਗਾ ਵਰਤਾਰਾ ਹੈ। ਇਕ ਵਾਰ ਫਿਰ ਆਪਣੀ ਆਤਮਾ ਤੋਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕਰਨਾ ਬੇਹੱਦ ਨਿੰਦਣਯੋਗ ਅਤੇ ਮੰਦਭਾਗਾ ਵਰਤਾਰਾ ਹੈ ਜੋ ਕਿ ਤਖਤ ਸਾਹਿਬਾਨ ਦੀ ਅਜਾਦ ਹੋਂਦ ਹਸਤੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਹੈ।

Exit mobile version