ਬਿਉਰੋ ਰਿਪੋਰਟ : ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਗੁਰਦੇਵ ਸਿੰਘ ਕਾਉਂਕੇ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਬਿਨਾਂ ਨਾਂ ਲਏ ਅਕਾਲੀ ਦਲ ‘ਤੇ ਗੰਭੀਰ ਸਵਾਲ ਚੁੱਕੇ ਹਨ । ਉਨ੍ਹਾਂ ਕਿਹਾ ਕਿ 25 ਸਾਲ ਤੱਕ ਕਾਉਂਕੇ ਦੀ ਰਿਪੋਰਟ ਮਿੱਟੀ ਵਿੱਚ ਪਈ ਰਹੀ । ਮਾਮਲੇ ਵਿੱਚ ਕੋਈ ਵੀ ਸਾਫ ਜਾਂਚ ਨਹੀ ਹੋ ਪਾਈ,ਕਿਸੇ ਵੀ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਇਸ ‘ਤੇ ਕਾਰਵਾਈ ਕਰੇ,ਪਿਛਲੀ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਗਲਤੀ ਨਾ ਕਰੇ,ਆਪ ਸਰਕਾਰ ਮੁਲਜ਼ਾਂ ਖਿਲਾਫ ਠੋਸ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਵੇ। ਉਧਰ ਸਿੱਖ ਜਥੇਬੰਦੀਆਂ ਦੇ ਇੱਕ ਵਫ਼ਤ ਦੇ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਮੰਗ ਪੱਤਰ ਸੌਂਪ ਕੇ ਜਥੇਦਾਰ ਕਾਉਂਕੇ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ।
ਪ੍ਰਕਾਸ਼ ਸਿੰਘ ਬਾਦਲ ਦਾ ਪੰਥ ਰਤਨ ਅਤੇ ਫ਼ਖਰੇ ਕੌਮ ਵਾਪਲ ਲਿਆ ਜਾਵੇ
ਜਥੇਦਾਰ ਕਾਉਂਕੇ ਮਾਮਲੇ ਵਿੱਚ ਸਿੱਖ ਜਥੇਬੰਦੀਆਂ ਦੇ ਆਗੂ ਭਾਈ ਮੋਹਕਮ ਸਿੰਘ,ਭਾਈ ਮਨਜੀਤ ਸਿੰਘ ਭੋਮਾ,ਭਾਈ ਗੁਰਦੀਪ ਸਿੰਘ ਬਠਿੰਡਾ ਨੇ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿੱਚ ਮੰਗ ਪੱਤਰ ਸੌਂਪਿਆ ਹੈ । ਇਸ ਵਿੱਚ ਮੰਗ ਕੀਤੀ ਗਈ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਨੇ ਆਪਣੇ ਸਮੇਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਰਿਪੋਰਟ ‘ਤੇ ਕੋਈ ਕਾਰਵਾਈ ਨਹੀਂ ਕੀਤੀ ਇਨ੍ਹਾਂ ਦੋਵਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਲਬ ਕੀਤਾ ਜਾਵੇ । ਸਿਰਫ ਇੰਨਾਂ ਹੀ ਨਹੀਂ ਉਨ੍ਹਾਂ ਨੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਅਤੇ ਫ਼ਖਰੇ ਕੌਮ ਐਵਾਰਡ ਵਾਪਸ ਲੈਣ ਦੀ ਵੀ ਅਪੀਲ ਕੀਤੀ ਹੈ ।
1997 ਵਿੱਚ ਅਕਾਲੀ ਦਲ ਦੀ ਸਰਕਾਰ ਬਣੀ ਸੀ,1998 ਵਿੱਚ ਤਤਕਾਲੀ ADGP ਬੀਪੀ ਤਿਵਾੜੀ ਤਿਵਾੜੀ ਅਧੀਨ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਫਰਜ਼ੀ ਐਨਕਾਉਂਟਰ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਸਨ। ADGP ਨੇ ਆਪਣੀ ਰਿਪੋਰਟ 1999 ਵਿੱਚ ਸੌਂਪ ਦਿੱਤੀ ਸੀ,ਜਿਸ ਵਿੱਚ ਕਿਹਾ ਗਿਆ ਸੀ ਕਿ ਜਥੇਦਾਰ ਕਾਉਂਕੇ ਦੀ ਗ੍ਰਿਫਤਾਰੀ ਗਲਤ ਤਰੀਕੇ ਨਾਲ ਹੋਈ ਹੈ,ਜਾਂਚ ਦੇ ਨਾਂ ‘ਤੇ ਪੰਜਾਬ ਹਰਿਆਣਾ ਹਾਈਕੋਰਟ ਨੂੰ ਗੁੰਮਰਾਹ ਕੀਤਾ ਗਿਆ । ਗਲਤ ਤਰੀਕੇ ਨਾਲ ਪੁਲਿਸ ਮੁਲਜ਼ਮਾਂ ਨੂੰ ਇਨਾਮ ਦੇ ਰੂਪ ਵਿੱਚ ਸਮੇਂ ਤੋਂ ਪਹਿਲਾਂ ਪ੍ਰਮੋਸ਼ਨ ਦਿੱਤੇ ਗਏ। ਇੰਨਾਂ ਪੁਲਿਸ ਮੁਲਾਜ਼ਮਾਂ ਖਿਲਾਫ ਜਾਂਚ ਕੀਤੀ ਜਾਵੇ। ਰਿਪੋਰਟ ਵਿੱਚ ਤਤਕਾਲੀ ਡੀਜੀਪੀ ਕੇਪੀਐੱਸ ਗਿੱਲ ਦੀ ਭੂਮਿਕਾ ਵੀ ਸਵਾਲਾਂ ਵਿੱਚ ਸੀ। ਪਰ 24 ਸਾਲ ਇਸ ਰਿਪੋਰਟ ਨੂੰ ਨਸ਼ਰ ਨਹੀਂ ਕੀਤਾ ਗਿਆ। ਇਸ ਦੌਰਾਨ 13 ਸਾਲ ਤੱਕ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਰਹੀ ਜਿਸ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। 10 ਸਾਲ ਤੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਪਰ ਕਿਸੇ ਵੀ ਸਰਕਾਰ ਨੇ ਰਿਪੋਰਟ ‘ਤੇ ਕੋਈ ਐਕਸ਼ਨ ਨਹੀਂ ਲਿਆ ।
ਬੀਤੇ ਹਫਤੇ ਪੰਜਾਬ ਮਨੁੱਖੀ ਅਧਿਕਾਰ ਜਥੇਦਾਰ ਨੇ 24 ਸਾਲ ਬਾਅਦ ਬੀਪੀ ਤਿਵਾੜੀ ਦੀ ਰਿਪੋਰਟ ਨੂੰ ਜਨਤਕ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਰਿਪੋਰਟ ਭੇਜੀ ਹੈ ਜਿਸ ਤੋਂ ਬਾਅਦ SGPC ਨੇ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਇਸ ‘ਤੇ ਕਾਰਵਾਈ ਸ਼ੁਰੂ ਕੀਤੀ ਹੈ। 1 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਪਰਿਵਾਰ ਨੂੰ ਸਿਰੋਪਾ ਭੇਟ ਵੀ ਕੀਤੇ ਗਏ ਹਨ । ਇਸ ਮਾਮਲੇ ਵਿੱਚ ਹੁਣ ਮਾਨ ਸਰਕਾਰ ਕੋਲੋ ਵੀ ਕਾਰਵਾਈ ਦੀ ਮੰਗ ਹੋ ਰਹੀ ਹੈ। ਪਰ ਹੁਣ ਤੱਕ ਇਸ ਮਾਮਲੇ ਨੂੰ ਲੈਕੇ ਸਰਕਾਰ ਵੱਲੋਂ ਕੋਈ ਜਵਾਬ ਸਾਹਮਣੇ ਨਹੀਂ ਆਇਆ ਹੈ ।