The Khalas Tv Blog Punjab ‘ਗੁਰੂ ਸਾਹਿਬ’ ਨੂੰ ‘ਢਾਲ’ ਬਣਾਉਣ ਦੇ ਇਲਜ਼ਾਮ ‘ਤੇ ਜਥੇਦਾਰ ਸਾਹਿਬ ਦਾ ਵੱਡਾ ਬਿਆਨ ! ਭਾਈ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਦੇ ਨਾਲ ਵੱਡੀ ਇਤਿਹਾਸਿਕ ਨਸੀਹਤ !
Punjab

‘ਗੁਰੂ ਸਾਹਿਬ’ ਨੂੰ ‘ਢਾਲ’ ਬਣਾਉਣ ਦੇ ਇਲਜ਼ਾਮ ‘ਤੇ ਜਥੇਦਾਰ ਸਾਹਿਬ ਦਾ ਵੱਡਾ ਬਿਆਨ ! ਭਾਈ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਦੇ ਨਾਲ ਵੱਡੀ ਇਤਿਹਾਸਿਕ ਨਸੀਹਤ !

ਬਿਉਰੋ ਰਿਪੋਰਟ : ਵੀਰਵਾਰ ਨੂੰ ਅਜਨਾਲਾ ਵਿੱਚ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਹਿੰਸਾ ਅਤੇ ਬੇਅਦਬੀ ਕਰਨ ਦਾ ਇਲਜ਼ਾਮ ਲੱਗ ਰਿਹਾ ਹੈ । ਸਾਰੀਆਂ ਹੀ ਸਿਆਸੀ ਧਿਰਾ ਦੇ ਨਾਲ ਸਤਿਕਾਰ ਕਮੇਟੀ ਨੇ ਵੀ ਉਨ੍ਹਾਂ ਨੂੰ ਘੇਰਿਆ ਹੈ । ਹਾਲਾਂਕਿ ਇਸ ‘ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਇਤਿਹਾਸਕ ਅਤੇ ਵਰਤਮਾਨ ਦੌਰਾਨ ਚੱਲ ਰਹੇ ਮੋਰਚਿਆਂ ਦਾ ਉਦਾਹਰਣ ਦੇਕੇ ਆਪਣੀ ਸਥਿਤੀ ਸਾਫ ਕਰ ਦਿੱਤੀ ਸੀ । ਪਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਚੁੱਪੀ ਨੂੰ ਲੈਕੇ ਵਾਰ-ਵਾਰ ਸਵਾਲ ਚੁੱਕੇ ਜਾ ਰਹੇ ਸਨ । ਹੁਣ ਜਥੇਦਾਰ ਸਾਹਿਬ ਦਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ 2 ਪੁਆਇੰਟ ‘ਤੇ ਜ਼ਰੀਏ ਭਾਈ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਵੀ ਕੀਤੀ ਅਤੇ ਨਸੀਹਤ ਵੀ ਦਿੱਤੀ ਹੈ ।

ਜਥੇਦਾਰ ਸ੍ਰੀ ਅਕਾਲ ਤਖਤ ਦਾ ਬਿਆਨ

ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ‘ਤੇ ਆਪਣਾ ਬਿਆਨ ਦਿੰਦੇ ਹੋਏ ਅਜਨਾਲਾ ਵਿੱਚ ਹੋਈ ਘਟਨਾ ਦਾ ਨਾ ਜ਼ਿਕਰ ਕੀਤਾ ਨਾ ਹੀ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂ ਲਿਆ । ਪਰ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਉਨ੍ਹਾਂ ਨੇ ਦੋਵਾਂ ‘ਤੇ ਆਪਣਾ ਸਟੈਂਡ ਜ਼ਰੂਰ ਸ਼ਪਸ਼ਟ ਕੀਤਾ । ਉਨ੍ਹਾਂ ਨੇ ਲਿਖਿਆ ‘ਕਿ ਜੇਕਰ ਕੋਈ ਜਬਰ ਅਤੇ ਜੁਲਮ ਦੇ ਖਿਲਾਫ਼ ਮਨੁੱਖੀ ਹੱਕਾਂ ਨੂੰ ਕੁਚਲਣ ਦੇ ਖਿਲਾਫ਼ ਜਾਂ ਸਿੱਖਾਂ ਦੇ ਹੱਕ ਹਕੂਕਾਂ ਲਈ ਸ਼ੰਘਰਸ਼ ਕਰਦਾ ਹੈ ਤਾਂ ਉਸ ਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਡੱਟਵੀਂ ਹਮਾਇਤ ਕਰਨੀ ਚਾਹੀਦੀ ਹੈ,ਇਸ ਕਾਰਜ ਵਿੱਚ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਅਸੀਸ ਲੈਣਾ ਵੀ ਜ਼ਰੂਰੀ ਹੈ ।’ ਇੱਥੋਂ ਤੱਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਿਨਾਂ ਭਾਈ ਅੰਮ੍ਰਿਤਸਪਾਲ ਸਿੰਘ ਦਾ ਨਾਂ ਲਏ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਹਨ ਜਦਕਿ ਇਸ ਤੋਂ ਅਗਲੀ ਲਾਈਨਾਂ ਵਿੱਚ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਤਿਹਾਸ ਦਾ ਹਵਾਲਾਂ ਦਿੰਦੇ ਹੋਏ ਨਸੀਹਤ ਵੀ ਦੇ ਰਹੇ ਹਨ । ਉਨ੍ਹਾਂ ਅੱਗੇ ਲਿਖਿਆ ‘ਜਿੱਥੇ ਸੰਘਰਸ਼ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਵਿੱਚ ਕਮੀ ਆਉਣ ਦਾ ਖਦਸ਼ਾ ਹੋਵੇ ਉੱਥੇ ਜ਼ਰੂਰ ਵਿਚਾਰਨਾ ਚਾਹੀਦਾ ਹੈ ਅਤੇ ਸਾਨੂੰ ਪੁਰਾਤਨ ਇਤਿਹਾਸ ਤੋਂ ਸੇਧ ਲੈ ਲੈਣੀ ਚਾਹੀਦੀ ਹੈ’ । ਸਾਫ ਹੈ ਅਕਾਲੀ ਦਲ ਜਿੱਥੇ ਇਸ ਮਾਮਲੇ ਵਿੱਚ ਖੁੱਲ ਕੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਸੂਬੇ ਦੀਆਂ ਹੋਰ ਪਾਰਟੀਆਂ ਵਾਂਗ ਖੜਾ ਹੋ ਗਿਆ ਹੈ ਜਥੇਦਾਰ ਸਾਹਿਬ ਗੋਲਮੋਲ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਜਥੇਦਾਰ ਸਾਹਿਬ ਦੇ ਇਸ ਪੋਸਟ ਤੇ ਲੋਕ ਵੀ ਅਜਿਹਾ ਹੀ ਕੁਮੈਂਟ ਕਰ ਰਹੇ ਹਨ । ਹੁਣ ਤੁਹਾਨੂੰ ਦੱਸਦੇ ਹਾਂ ਆਖਿਰ ਭਾਈ ਅੰਮ੍ਰਿਤਪਾਲ ਸਿੰਘ ਨੇ ਅਜਨਾਲਾ ਵਿੱਚ ਕਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਜਾਹਿਜ਼ ਦੱਸਿਆ ।

ਭਾਈ ਅੰਮ੍ਰਿਤਪਾਲ ਸਿੰਘ ਨੇ 5 ਉਦਾਹਰਣ ਦਿੱਤੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਅਜਨਾਲਾ ਵਿੱਚ ਕੀਤੇ ਗਏ ਪ੍ਰਦਰਸ਼ਨ ਨੂੰ ਲੈਕੇ ਸਵਾਲਾਂ ਵਿੱਚ ਘਿਰੇ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੇ ਇਸ ਕਦਮ ਨੂੰ ਜਾਇਜ਼ ਦੱਸਿਆ । ਉਨ੍ਹਾਂ ਕਿਹਾ ਅਸੀਂ ਵਹੀਰ ਦੇ ਰੂਪ ਵਿੱਚ ਅਜਨਾਲਾ ਆਏ ਸੀ । ਜਦੋਂ ਮੁਕਤਸਰ ਦੇ ਮੇਲੇ ਵਿੱਚ ਗਏ ਸੀ ਤਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੀ ਅਗਵਾਈ ਵਿੱਚ ਗਏ ਸੀ । ਉਨ੍ਹਾਂ ਕਿਹਾ ਅਜਨਾਲਾ ਵਿੱਚ ਵੀ ਉੁਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਨਹੀਂ ਬਣਾਇਆ ਬਲਕਿ ਉਹ ਆਪ ਅੱਗੇ ਲੱਗੇ ਸਨ ਅਤੇ ਥਾਣੇ ਵਿੱਚ ਗਏ ਸੀ । ਅੰਮ੍ਰਿਤਪਾਲ ਸਿੰਘ ਨੇ ਇਤਿਹਾਸ ਅਤੇ ਵਰਤਮਾਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਵਿੱਚ ਚੱਲ ਰਹੇ ਮੋਰਚਿਆਂ ਦਾ ਉਦਾਹਰਣ ਦਿੰਦੇ ਹੋਏ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਇਆ । ਉਨ੍ਹਾਂ ਕਿਹਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੰਗ ਦੇ ਲਈ ਭੇਜਿਆ ਸੀ ਤਾਂ ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਨਹੀਂ ਦਿੱਤੀ ਗਈ ਸੀ ਇਸੇ ਲਈ ਉਨ੍ਹਾਂ ਨੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਭੇਜਿਆ ਸੀ । ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਨੇ ਪੁੱਛਿਆ ਫਿਰ ‘ਮੱਸੇ ਰੰਗੜ ਦਾ ਸਿਰ ਅੰਦਰ ਕਿਉਂ ਵੱਢਿਆ ਗਿਆ ਸੀ ? ਉਨ੍ਹਾਂ ਨੇ ਕਿਹਾ ਫਿਰ ਕੁਝ ਲੋਕ ਕਹਿਣਗੇ ਕੀ ਸੰਤਾਂ ਨੇ ਗੁਰਦੁਆਰਾ ਸਾਹਿਬ ਵਿੱਚ ਜੰਗ ਕਿਉਂ ਲੜੀ ? ਕਿਸਾਨੀ ਅੰਦੋਲਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਉਂ ਹੋਇਆ ? ਬਰਗਾੜੀ ਅਤੇ ਬਹਿਬਲਕਲਾਂ ਮੋਰਚੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਉਂ ? ਇਸੇ ਤਰ੍ਹਾਂ ਕੌਮੀ ਇਨਸਾਫ ਮੋਰਚੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੌਰਾਨ ਆਖਿਰ ਕੋਈ ਕਿਉਂ ਨਹੀਂ ਬੋਲ ਦਾ ਹੈ ? ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕੁਝ ਪੰਥਕ ਧਿਰਾਂ ਉਨ੍ਹਾਂ ਤੋਂ ਚਿੜਦੀਆਂ ਹਨ ਇਸੇ ਲਈ ਉਹ ਅਜਿਹੇ ਸਵਾਲ ਖੜੇ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਨੇ ਨੌਜਵਾਨਾਂ ਦੀ ਬਾਹ ਨਹੀਂ ਫੜੀ ।

Exit mobile version