‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਨਜਿੰਦਰ ਸਿੰਘ ਸਿਰਸਾ ਦੇ ਬੀਜੇਪੀ ਵਿੱਚ ਸ਼ਾਮਿਲ ਹੋਣ ‘ਤੇ ਕਿਹਾ ਕਿ ਮੇਰੀ ਕੱਲ੍ਹ ਸਿਰਸਾ ਨਾਲ ਗੱਲ ਹੋਈ ਸੀ ਅਤੇ ਮੈਨੂੰ ਲੱਗਾ ਸੀ ਕਿ ਉਨ੍ਹਾਂ ਅੱਗੇ ਪੇਸ਼ਕਸ਼ ਰੱਖੀ ਗਈ ਸੀ ਕਿ ਜਾਂ ਤਾਂ ਬੀਜੇਪੀ ਵਿੱਚ ਸ਼ਾਮਿਲ ਹੋਵੇ ਜਾਂ ਫਿਰ ਜੇਲ੍ਹ ਜਾਵੋ। ਸਿਰਸਾ ਨੇ ਬੀਜੇਪੀ ਵਿੱਚ ਸ਼ਾਮਿਲ ਹੋਣਾ ਮਨਜ਼ੂਰ ਕੀਤਾ ਹੈ।
ਜਥੇਦਾਰ ਨੇ ਕਿਹਾ ਕਿ ਇਹ ਬਿਲਕੁਲ ਉਵੇਂ ਹੀ ਹੋਇਆ ਹੈ ਜਿਵੇਂ ਮੁਗਲਾਂ ਜਾਂ ਵਿਦੇਸ਼ੀ ਹੁਕਮਰਾਨਾਂ ਦੇ ਦੌਰ ਵਿੱਚ ਹੁੰਦਾ ਸੀ। ਫਰਕ ਸਿਰਫ ਇੰਨਾ ਹੁੰਦਾ ਸੀ ਕਿ ਉਦੋਂ ਧਰਮ ਜਾਂ ਜ਼ਿੰਦਗੀ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਕਿਹਾ ਜਾਂਦਾ ਸੀ ਅਤੇ ਅੱਜ ਸਿਰਸਾ ਨੂੰ ਜੇਲ੍ਹ ਜਾਂ ਬੀਜੇਪੀ ਵਿੱਚੋਂ ਇੱਕ ਨੂੰ ਚੁਣਨ ਲਈ ਕਿਹਾ ਗਿਆ ਸੀ ਅਤੇ ਉਨ੍ਹਾਂ ਨੇ ਬੀਜੇਪੀ ਨੂੰ ਚੁਣ ਲਿਆ। ਇਸਦੇ ਲਈ ਦਿੱਲੀ ਦੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਆਗੂ ਵੀ ਜਿਨ੍ਹਾਂ ਨੇ ਸਿਰਸਾ ਦੇ ਬੀਜੇਪੀ ਵਿੱਚ ਜਾਣ ਲਈ ਜ਼ਮੀਨ ਤਿਆਰ ਕੀਤੀ, ਉਹ ਵੀ ਜ਼ਿੰਮੇਵਾਰ ਹਨ ਅਤੇ ਇਹ ਉਨ੍ਹਾਂ ਦੀ ਰਾਜਨੀਤਿਕ ਭੁੱਲ ਵੀ ਹੈ। ਇਹ ਬਿਲਕੁਲ ਗਲਤ ਹੈ।