The Khalas Tv Blog International ਜਥੇਦਾਰ ਗੜਗੱਜ ਨੇ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ
International Punjab Religion

ਜਥੇਦਾਰ ਗੜਗੱਜ ਨੇ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸਿੱਖ ਜਥੇ ਨਾਲ ਪਾਕਿਸਤਾਨ ਗਏ ਹੋਏ ਸਨ। ਲੰਘੇ ਕੱਲ੍ਹ ਸੰਧਿਆ ਵੇਲੇ ਉਹ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਲਹਿੰਦੇ ਪੰਜਾਬ ਦੇ ਮੰਤਰੀ ਸ. ਰਮੇਸ਼ ਸਿੰਘ ਅਰੋੜਾ, ਮੁੱਖ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਸਮੇਤ ਸਥਾਨਕ ਸਿੱਖਾਂ ਤੇ ਸੇਵਾਦਾਰਾਂ ਨੇ ਫੁੱਲਾਂ ਦੇ ਗੁਲਦਸਤੇ ਨਾਲ ਜਥੇਦਾਰ ਗੜਗੱਜ ਦਾ ਸੁਆਗਤ ਕੀਤਾ।

ਨਤਮਸਤਕ ਹੋਣ ਉਪਰੰਤ ਜਥੇਦਾਰ ਗੜਗੱਜ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦ ਖੁੱਲ੍ਹਣ ਅਤੇ ਭਾਰਤ-ਪਾਕਿਸਤਾਨ ਵਿਚਕਾਰ ਅਮਨ-ਸ਼ਾਂਤੀ ਲਈ ਅਰਦਾਸ ਕੀਤੀ। ਉਨ੍ਹਾਂ ਨੇ ਪਿਛਲੇ ਹੜ੍ਹਾਂ ਦੌਰਾਨ ਗੁਰਦੁਆਰੇ ਵਿੱਚ ਆਏ ਪਾਣੀ ਤੇ ਉਸ ਨੂੰ ਕੱਢਣ ਬਾਰੇ ਸ. ਰਮੇਸ਼ ਸਿੰਘ ਅਰੋੜਾ ਤੋਂ ਜਾਣਕਾਰੀ ਲਈ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ, ਔਕਾਫ਼ ਬੋਰਡ ਤੇ ਲਹਿੰਦੇ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਪਾਣੀ ਕੱਢ ਕੇ ਗੁਰਦੁਆਰਾ ਖੋਲ੍ਹਣ ’ਤੇ ਤਸੱਲੀ ਪ੍ਰਗਟਾਈ।ਉਨ੍ਹਾਂ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਨੂੰ ਵੱਧ ਤੋਂ ਵੱਧ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਦੀ ਅਪੀਲ ਕੀਤੀ।

ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਹੁਣ ਸਥਿਤੀ ਸੁਖਾਵੀਂ ਹੈ, ਤਾਂ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਲਾਂਘਾ ਜਲਦ ਖੋਲ੍ਹਿਆ ਜਾਵੇ ਤਾਂ ਜੋ ਸੰਗਤਾਂ ਗੁਰੂ ਘਰ ਵਿੱਚ ਸ਼ਰਧਾ ਭੇਟ ਕਰ ਸਕਣ।ਗਿਆਨੀ ਗੋਬਿੰਦ ਸਿੰਘ ਨੇ ਜਥੇਦਾਰ ਗੜਗੱਜ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸ. ਜਸਕਰਨ ਸਿੰਘ ਲੇਖਕ ਤੇ ਮੀਡੀਆ ਸਲਾਹਕਾਰ ਵੀ ਮੌਜੂਦ ਸਨ।

 

Exit mobile version