ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਨਾਲ ਦੀਵਾਨ ਸੰਬੰਧੀ ਸ਼ਿਕਾਇਤਾਂ ’ਤੇ ਚਰਚਾ ਕੀਤੀ।
ਇਸ ਮੁਲਾਕਾਤ ਵਿੱਚ 20 ਕਾਰਜਕਾਰਨੀ ਮੈਂਬਰਾਂ ਸਮੇਤ ਲਗਭਗ 25 ਮੈਂਬਰ ਹਾਜ਼ਰ ਸਨ। ਜਥੇਦਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੀਵਾਨ ਦੇ ਸਮੂਹ ਮੈਂਬਰਾਂ ਨੂੰ 1 ਸਤੰਬਰ 2025 ਤੱਕ 41 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਅੰਮ੍ਰਿਤਧਾਰੀ ਹੋਣ ਦੀ ਸਥਿਤੀ ਵਿੱਚ ਕੀਤੀ ਕਿਸੇ ਅਵੱਗਿਆ, ਜਿਵੇਂ ਦਾੜੀ ਰੰਗਣ ਜਾਂ ਹੋਰ ਭੁੱਲਾਂ, ਲਈ ਪੰਜ ਪਿਆਰਿਆਂ ਤੋਂ ਸ਼ੁੱਧੀ ਕਰਵਾ ਲੈਣ।
ਜੋ ਮੈਂਬਰ ਅਜਿਹਾ ਨਹੀਂ ਕਰੇਗਾ, ਉਸ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇਗੀ।ਜਥੇਦਾਰ ਨੇ ਕਿਹਾ ਕਿ ਚੀਫ਼ ਖਾਲਸਾ ਦੀਵਾਨ ਸਿੱਖ ਪੰਥ ਦੀ ਮਹੱਤਵਪੂਰਨ ਸੰਸਥਾ ਹੈ, ਜੋ ਪੁਰਾਤਨ ਸਮਿਆਂ ਤੋਂ ਸਿੱਖਿਆ ਅਤੇ ਸਿੱਖੀ ਦੇ ਪ੍ਰਚਾਰ ਲਈ ਕੰਮ ਕਰਦੀ ਹੈ।
ਉਨ੍ਹਾਂ ਦੀਵਾਨ ਨੂੰ ਸਰਹੱਦੀ ਖੇਤਰਾਂ ਵਿੱਚ ਸਿੱਖਿਆ ਦਾ ਵਿਸਥਾਰ ਅਤੇ ਸਿੱਖੀ ਪ੍ਰਚਾਰ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰੇਰਨਾ ਦਿੱਤੀ। ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਸ਼ਤਾਬਦੀ ਸਮਾਗਮਾਂ ’ਤੇ ਟਿੱਪਣੀ ਕਰਦਿਆਂ ਜਥੇਦਾਰ ਨੇ ਕਿਹਾ ਕਿ ਨਗਰ ਕੀਰਤਨ ਅਤੇ ਧਾਰਮਿਕ ਸਮਾਗਮਾਂ ਦੀ ਜ਼ਿੰਮੇਵਾਰੀ ਧਾਰਮਿਕ ਸੰਸਥਾਵਾਂ ਦੀ ਹੈ, ਜਦਕਿ ਸਰਕਾਰ ਨੂੰ ਸੰਗਤਾਂ ਦੀ ਸਹੂਲਤ ਲਈ ਪ੍ਰਬੰਧ ਕਰਨੇ ਚਾਹੀਦੇ ਹਨ।
ਦੀਵਾਨ ਦੇ ਪ੍ਰਧਾਨ ਡਾ. ਨਿੱਜਰ ਨੇ ਕਿਹਾ ਕਿ ਜਥੇਦਾਰ ਨਾਲ ਸਕਾਰਾਤਮਕ ਮਾਹੌਲ ਵਿੱਚ ਗੱਲਬਾਤ ਹੋਈ ਅਤੇ ਮੈਂਬਰਾਂ ਨੂੰ ਭੁੱਲ ਸੁਧਾਰਨ ਲਈ 41 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਦੀਵਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਰਗਦਰਸ਼ਨ ਪ੍ਰਤੀ ਸਮਰਪਿਤ ਹੈ।