The Khalas Tv Blog India ਰਾਜਸਥਾਨ ਦੇ ਸਿੱਖ ਖ਼ਿਲਾਫ ਮਾਮਲਾ ਹੋਇਆ ਦਰਜ, ਗਿਆਨੀ ਰਘਬੀਰ ਸਿੰਘ ਨੇ ਦਿੱਤਾ ਕਰੜਾ ਬਿਆਨ
India Punjab

ਰਾਜਸਥਾਨ ਦੇ ਸਿੱਖ ਖ਼ਿਲਾਫ ਮਾਮਲਾ ਹੋਇਆ ਦਰਜ, ਗਿਆਨੀ ਰਘਬੀਰ ਸਿੰਘ ਨੇ ਦਿੱਤਾ ਕਰੜਾ ਬਿਆਨ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਰਾਜਸਥਾਨ ਦੇ ਉੱਘੇ ਸਿੱਖ ਆਗੂ ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਮੁੱਖ ਸੇਵਾਦਾਰ ਤੇਜਿੰਦਰਪਾਲ ਸਿੰਘ ਟਿੰਮਾ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੇ ਨਾਂਅ ਹੇਠ ਦੇਸ਼ ਵਿਚ ਲਾਗੂ ਕੀਤੀ ਨਵੀਂ ਕਾਨੂੰਨ ਪ੍ਰਣਾਲੀ ਤਹਿਤ ਸ੍ਰੀ ਗੰਗਾਨਗਰ ਪੁਲਿਸ ਵੱਲੋਂ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਦੇਸ਼ ਅੰਦਰ ਘੱਟ-ਗਿਣਤੀਆਂ ਤੇ ਸਿੱਖਾਂ ਵਿਚ ਅਤਿ ਦਰਜੇ ਦੀ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲੀ ਨਜਾਇਜ਼ ਕਾਰਵਾਈ ਕਰਾਰ ਦਿੱਤਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਦੇਸ਼ ਵਿਚ ਲਾਗੂ ਕੀਤੀ ਗਈ ਨਵੀਂ ਕਾਨੂੰਨ ਪ੍ਰਣਾਲੀ ਤਹਿਤ ਸਭ ਤੋਂ ਪਹਿਲਾ ਦੇਸ਼ ਧਰੋਹ ਦਾ ਮੁਕੱਦਮਾ ਇਕ ਸਿੱਖ ‘ਤੇ ਦਰਜ ਕਰਕੇ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦੇਣ ਵਾਲੇ ਨੋਟੀਫਿਕੇਸ਼ਨ ਦੀ ਤਰਜ਼ ‘ਤੇ ਇਕ ਵਾਰ ਮੁੜ ਸਿੱਖਾਂ ਨੂੰ ਜ਼ਲਾਲਤ ਦਾ ਅਹਿਸਾਸ ਕਰਵਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਤੇਜਿੰਦਰਪਾਲ ਸਿੰਘ ਟਿੰਮਾ ‘ਤੇ ਖਾਲਿਸਤਾਨ ਦੀ ਹਮਾਇਤ ਵਿਚ ਲਿਖਣ/ਬੋਲਣ ਕਾਰਨ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨਾ ਹੀ ਆਪਣੇ ਆਪ ਵਿਚ ਭਾਰਤੀ ਸੰਵਿਧਾਨ ਦੀ ਉਲੰਘਣਾ ਹੈ, ਕਿਉਂਕਿ ਦੇਸ਼ ਦਾ ਸੰਵਿਧਾਨ ਹੀ ਹਰੇਕ ਮਨੁੱਖ ਨੂੰ ਜਮਹੂਰੀਅਤ ਦੇ ਦਾਇਰੇ ਵਿਚ ਰਹਿ ਕੇ ਸ਼ਾਂਤਮਈ ਤਰੀਕੇ ਨਾਲ ਆਜ਼ਾਦੀ ਜਾਂ ਵੱਖਰਾ ਰਾਜ ਮੰਗਣ ਦਾ ਹੱਕ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵੱਖਰਾ ਰਾਜ ਮੰਗਣਾ ਜਾਂ ਉਸ ਦੀ ਹਮਾਇਤ ਕਰਨਾ ਹੀ ਦੇਸ਼ ਧਰੋਹ ਹੈ ਤਾਂ ਫਿਰ ਹਿੰਦੂ ਰਾਸ਼ਟਰ ਦੀ ਮੰਗ ਦੇ ਨਾਂਅ ‘ਤੇ ਫਿਰਕਾਪ੍ਰਸਤੀ ਫੈਲਾਉਣ ਵਾਲਿਆਂ ਵਿਰੁੱਧ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਿਉਂ ਨਹੀਂ ਕੀਤਾ ਜਾਂਦਾ? ਉਨ੍ਹਾਂ ਕਿਹਾ ਕਿ ਟਿੰਮਾ ਦੇ ਖ਼ਿਲਾਫ਼ ਨਜਾਇਜ਼ ਦਰਜ ਕੀਤੇ ਦੇਸ਼ ਧਰੋਹ ਦੇ ਮੁਕੱਦਮੇ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਦੇ ਬਾਵਜੂਦ ਦੇਸ਼ ਦਾ ਹਰ ਨਵਾਂ ਕਾਨੂੰਨ ਸਭ ਤੋਂ ਪਹਿਲਾਂ ਸਿੱਖਾਂ ਖ਼ਿਲਾਫ਼ ਹੀ ਵਰਤਿਆ ਜਾਂਦਾ ਹੈ।

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਅੰਦਰ ਅਲਹਿਦਗੀ ਦਾ ਅਹਿਸਾਸ ਕਰਵਾਉਣਾ ਕਿਸੇ ਵੀ ਤਰ੍ਹਾਂ ਦੇਸ਼ ਦੇ ਵੱਡੇ ਹਿੱਤਾਂ ਵਿਚ ਨਹੀਂ ਹੈ ਅਤੇ ਭਾਰਤ ਸਰਕਾਰ ਨੂੰ ਤੁਰੰਤ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਰਵੱਈਆ ਤਿਆਗ ਕੇ ਤੇਜਿੰਦਰਪਾਲ ਸਿੰਘ ਟਿੰਮਾ ਦੇ ਖ਼ਿਲਾਫ਼ ਦਰਜ ਮੁਕੱਦਮਾ ਰੱਦ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ –  ਲਹਿੰਦੇ ਪੰਜਾਬ ਤੋਂ ਆਏ ਸਿੱਖ ਪਰਿਵਾਰਾਂ ਦੇ ਹਰਿਆਣਾ ਸਰਕਾਰ ਨੇ ਤੋੜੇ ਘਰ! SGPC ਵੱਲੋਂ ਪਰਿਵਾਰਾਂ ਨੂੰ 1-1 ਲੱਖ ਦੀ ਮਦਦ

 

Exit mobile version