The Khalas Tv Blog International ‘ਨਿਸ਼ਾਨ ਸਾਹਿਬ ਦਾ ਰੰਗ ਬਦਲਣ ਦਾ ਫ਼ੈਸਲਾ ਮੇਰਾ ਨਹੀਂ!’ 88 ਸਾਲ ਪਹਿਲਾਂ ਦੇ ਫ਼ੈਸਲੇ ਨੂੰ ਲਾਗੂ ਕੀਤਾ
International Punjab Religion

‘ਨਿਸ਼ਾਨ ਸਾਹਿਬ ਦਾ ਰੰਗ ਬਦਲਣ ਦਾ ਫ਼ੈਸਲਾ ਮੇਰਾ ਨਹੀਂ!’ 88 ਸਾਲ ਪਹਿਲਾਂ ਦੇ ਫ਼ੈਸਲੇ ਨੂੰ ਲਾਗੂ ਕੀਤਾ

ਅੰਮ੍ਰਿਤਸਰ: ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖ ਰਹਿਤ ਮਰਯਾਦਾ ਮੁਤਾਬਿਕ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਠੀਕ ਕਰਨ ਦੇ ਸਬੰਧ ਵਿਚ ਉਨ੍ਹਾਂ ਦੇ ਹਵਾਲੇ ਨਾਲ ਫੈਲਾਈਆਂ ਜਾ ਰਹੀਆਂ ਗੁੰਮਰਾਹਕੁੰਨ ਖ਼ਬਰਾਂ ਦਾ ਖੰਡਨ ਕੀਤਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਲੋਂ ਜਾਰੀ ਲਿਖਤੀ ਬਿਆਨ ਵਿੱਚ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਹੈ ਕਿ ਲੰਘੇ ਦਿਨੀਂ ਇੰਗਲੈਂਡ ਦੌਰੇ ਦੌਰਾਨ ਉਨ੍ਹਾਂ ਨੂੰ ਕੁਝ ਸਿੰਘ ਮਿਲੇ ਸਨ, ਜਿਨ੍ਹਾਂ ਨੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਸਬੰਧੀ ਸਵਾਲ ਕੀਤੇ ਸਨ।

ਇਸ ਸਬੰਧੀ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਸਿੰਘਾਂ ਨੂੰ ਦੱਸਿਆ ਸੀ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਦਲਣ ਸਬੰਧੀ ਪੰਜ ਸਿੰਘ ਸਾਹਿਬਾਨ ਨੇ ਨਵਾਂ ਜਾਂ ਕੋਈ ਵੱਖਰਾ ਫੈਸਲਾ ਨਹੀਂ ਕੀਤਾ ਬਲਕਿ 1936 ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ’ਬਸੰਤੀ ਜਾਂ ਸੁਰਮਈ’ ਰੰਗ ਦੇ ਹੋਣੇ ਚਾਹੀਦੇ ਹਨ। ਇਸ ਕਰਕੇ ਸਿੱਖ ਰਹਿਤ ਮਰਯਾਦਾ ਦੇ ਅਨੁਸਾਰ ਨਿਸ਼ਾਨ ਸਾਹਿਬ ਦਾ ਰੰਗ ਸਹੀ ਕੀਤਾ ਗਿਆ ਹੈ।

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਸਿੰਘਾਂ ਨੂੰ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਨੂੰ ਲੈ ਕੇ ਸੰਗਤ ਵੱਲੋਂ ਪ੍ਰਗਟਾਈ ਜਾ ਰਹੀ ਦੁਬਿਧਾ ਨੂੰ ਦੂਰ ਕਰਨ ਦੇ ਸਬੰਧ ਵਿੱਚ, 15 ਜੁਲਾਈ 2024 ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਹੋਇਆ ਆਦੇਸ਼ ਪੱਤਰ ਪੜ੍ਹ ਕੇ ਵੀ ਸੁਣਾਇਆ ਸੀ।

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਹਵਾਲੇ ਨਾਲੇ ਸੱਚਾਈ ਤੋਂ ਦੂਰ ਫੈਲਾਈਆਂ ਜਾ ਰਹੀਆਂ ਖ਼ਬਰਾਂ ਬਿਲਕੁਲ ਝੂਠੀਆਂ ਅਤੇ ਗੁੰਮਰਾਹਕੁੰਨ ਹਨ ਅਤੇ ਸੰਗਤ ਸੁਚੇਤ ਰਹੇ।

Exit mobile version