The Khalas Tv Blog Punjab ਜਥੇਦਾਰ ਅਕਾਲ ਤਖਤ ਸਾਹਿਬ ਨੇ ਬਣਾਈ ਸਬ ਕਮੇਟੀ,ਆਹ ਮੈਂਬਰ ਹਨ ਸ਼ਾਮਲ,15 ਦਿਨਾਂ ਵਿੱਚ ਦੇਵੇਗੀ ਰਿਪੋਰਟ
Punjab

ਜਥੇਦਾਰ ਅਕਾਲ ਤਖਤ ਸਾਹਿਬ ਨੇ ਬਣਾਈ ਸਬ ਕਮੇਟੀ,ਆਹ ਮੈਂਬਰ ਹਨ ਸ਼ਾਮਲ,15 ਦਿਨਾਂ ਵਿੱਚ ਦੇਵੇਗੀ ਰਿਪੋਰਟ

ਅੰਮ੍ਰਿਤਸਰ :  ਅਜਨਾਲਾ ਘਟਨਾ ਤੋਂ ਬਾਅਦ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ 9 ਮੈਂਬਰੀ ਸਬ ਕਮੇਟੀ ਦਾ ਗਠਨ ਕਰ ਦਿੱਤਾ ਹੈ।ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧਰਨੇ ਵਾਲੀਆਂ ਥਾਵਾਂ ਤੇ ਲੈ ਕੇ ਜਾਣ ਦੇ ਸੰਬੰਧ ਵਿੱਚ ਸਮੀਖਿਆ ਕਰੇਗੀ ਤੇ ਪੰਦਰਾਂ ਦਿਨਾਂ ਦੇ ਵਿੱਚ ਆਪਣੀ ਰਿਪੋਰਟ ਸੌਂਪੇਗੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਹਰਮੀਤ ਸਿੰਘ ਕਾਲਕਾ ਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਡਾ.ਇੰਦਰਬੀਰ ਸਿੰਘ ਨਿੱਝਰ,ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ,ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ,ਨਿਹੰਗ ਜਥੇਬੰਦੀ ਦੇ ਬਾਬਾ ਬਲਬੀਰ ਸਿੰਘ,ਤਰਨਾ ਦਲ ਨਿਹੰਗ ਜਥੇਬੰਦੀ ਦੇ ਮੁਖੀ ਬਾਬਾ ਗੱਜਣ ਸਿੰਘ,ਬਾਬਾ ਮੇਜਰ ਸਿੰਘ ਨਿਹੰਗ ਵੀ ਇਸ ਕਮੇਟੀ ਵਿੱਚ ਸ਼ਾਮਲ ਹਨ ਤੇ ਅਕਾਲੀ ਦਲ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਇਸ ਕਮੇਟੀ ਦਾ ਕੋ-ਆਰਡੀਨੇਟਰ ਲਗਾਇਆ ਗਿਆ ਹੈ।
ਇਸ ਕਮੇਟੀ ਵੱਲੋਂ 15 ਦਿਨਾਂ ਵਿੱਚ ਜੋ ਵੀ ਰਿਪੋਰਟ ਤਿਆਰ ਕੀਤੀ ਜਾਵੇਗੀ,ਉਸ ਤੇ ਫੈਸਲਾ ਪੰਜ ਪਿਆਰਿਆਂ ਵੱਲੋਂ ਲਿਆ ਜਾਵੇਗਾ।

ਕੁਝ ਦਿਨ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਸਬ ਕਮੇਟੀ ਨੂੰ ਬਣਾਏ ਜਾਣ ਦਾ ਐਲਾਨ ਕੀਤਾ ਹੈ,ਜੋ ਕੀ ਇਸ ਗੱਲ ਦੀ ਜਾਂਚ ਕਰੇਗੀ ਕਿ ਕੀ ਧਰਨੇ ,ਰੋਸ ਮੁਜਾਹਰਿਆਂ ਤੇ ਕਬਜੇ ਵਾਲੀਆਂ ਜਗਾਵਾਂ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦੇ ਨਾਲ ਉਹਨਾਂ ਦੇ ਮਾਨ-ਸਨਮਾਨ ਤੇ ਮਰਿਆਦਾ ਨੂੰ ਠੇਸ ਪਹੁੰਚਣ ਦਾ ਖਦਸ਼ਾ ਹੈ ?

ਜ਼ਿਕਰਯੋਗ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਬੀਤੇ ਦਿਨੀਂ ਅਜਨਾਲਾ ਵਿਖੇ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਦੀ ਰਿਹਾਈ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਲੈ ਕੇ ਥਾਣੇ ਦਾ ਘਿਰਾਓ ਕੀਤਾ ਗਿਆ ਸੀ। ਜਿਸਦੀ ਵਿਰੋਧੀ ਧਿਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਕਈ ਸਵਾਲ ਵੀ ਉੱਠੇ ਹਨ। ਜਿਸ ਮਗਰੋਂ ਹੁਣ ਇਸ ਮਾਮਲੇ ਵਿੱਚ ਪਾਲਕੀ ਸਾਹਿਬ ਥਾਣੇ ਅਤੇ ਧਰਨੇ ਪ੍ਰਦਰਸ਼ਨਾਂ ਵਿੱਚ ਲੈ ਕੇ ਜਾਣ ਬਾਰੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਇੱਕ ਸਬ ਕਮੇਟੀ ਗਠਿਤ ਕੀਤੀ ਹੈ। ਜਿਸ ਨੇ ਇਸ 15 ਦਿਨਾਂ ਵਿੱਚ ਆਪਣੀ ਜਾਂਚ ਪੂਰੀ ਕਰ ਕੇ ਰਿਪੋਰਟ ਦੇਣੀ ਹੈ ।

ਜ਼ਿਕਰਯੋਗ ਹੈ ਕਿ ਅੱਜ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਵੀ ਅਜਨਾਲਾ ਘਟਨਾ ਨੂੰ ਲੈ ਕੇ ਐਸਜੀਪੀਜੀ ਤੇ ਜਥੇਦਾਰ ਨੂੰ ਸਲਾਹ ਦਿਤੀ ਸੀ ਕਿ ਉਹ ਆਪਣੀ ਭੂਮਿਕਾ ਨਿਭਾਉਣ,ਸਰਕਾਰ ਆਪਣੀ ਭੂਮਿਕਾ ਨਿਭਾ ਰਹੀ ਹੈ। ਪੰਜਾਬ ਦੇ ਹਾਲਾਤ ਵਿਗੜਨ ਨਹੀਂ ਦਿੱਤੇ ਜਾਣਗੇ। ਲੋਕਾਂ ਨੂੰ ਮੁੱਖ ਮੰਤਰੀ ਪੰਜਾਬ ਤੇ ਪੰਜਾਬ ਸਰਕਾਰ ‘ਤੇ ਪੂਰਾ ਵਿਸ਼ਵਾਸ ਹੈ।

 

Exit mobile version