‘ਦ ਖ਼ਾਲਸ ਟੀਵੀ ਬਿਊਰੋ:- ਜੰਮੂ ਕਸ਼ਮੀਰ ਵਿੱਚ ਅੱਤਵਾਦ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਬਣਾਇਆ ਗਿਆ ‘ਟੈਰਰ ਮਾਨੀਟਰਿੰਗ ਗਰੁੱਪ’ਹੁਣ ਪੰਜਾਬ ਵਿੱਚ ਵੀ ਐਕਟਿਵ ਰਹੇਗਾ। ਇਹ ਗਰੁੱਪ ਪੰਜਾਬ ਦੀ ਪੁਲਿਸ ਦੇ ਨਾਲ ਮਿਲ ਕੇ ਅੱਤਵਾਦ ਰੋਕੂ ਕਾਰਵਾਈਆਂ ਨੂੰ ਠਲ੍ਹਣ ਲਈ ਕਾਰਵਾਈ ਕਰੇਗਾ।
ਜਾਣਕਾਰੀ ਮੁਤਾਬਿਕ ਸੁਰੱਖਿਆ ਫ਼ੋਰਸਾਂ ਦੇ ਸੂਤਰਾਂ ਦੇ ਹਵਾਲੇ ਨਾਲ ਤਾਜ਼ਾ ਖ਼ਬਰ ਇਹ ਹੈ ਕਿ ਕੇਂਦਰੀ ਜਾਂਚ ਏਜੰਸੀਆਂ ਅਤੇ ਰਾਜ ਪੁਲਿਸ ਵੱਲੋਂ ਕੀਤੀਆਂ ਤਾਜ਼ਾਂ ਜਾਂਚਾਂ ਅਨੁਸਾਰ ਜੰਮੂ ਕਸ਼ਮੀਰ ਵਿੱਚ ਅੱਤਵਾਦ ਦੇ ਨੈਟਵਰਕ ਨੂੰ ਹਥਿਆਰ ਅਤੇ ਫੰਡ ਪੰਜਾਬ ਦੇ ਬਾਰਡਰ ਰੂਟ ਰਾਹੀਂ ਮੁਹੱਈਆ ਕਰਵਾਏ ਜਾ ਰਹੇ ਹਨ। ਕੇਂਦਰ ਦਾ ਇਹ ‘ਟੈਰਰ ਮੈਨੇਜਿੰਗ ਗਰੁੱਪ’ਪੰਜਾਬ ਪੁਲਿਸ ਦੇ ਸਹਿਯੋਗ ਨਾਲ ‘ਉਵਰਗਰਾਊਂਡ ਵਰਕਰਜ਼’ਨੂੰ ਕਸ਼ਮੀਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਕਾਬੂ ਨੂੰ ਕਰੇਗਾ।
ਇੰਟੈਲੀਜੈਂਸ ਇਨਪੁਟਸ ਦੇ ਹਵਾਲੇ ਨਾਲ ਸੂਤਰਾਂ ਤੋਂ ਖ਼ਬਰ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਖ਼ਾਲਿਸਤਾਨ ਦੀ ਲਹਿਰ ਨੂੰ ਮੁੜ ਸੁਰਜੀਤ ਕਰਨ ਲਈ ਯਤਨਸ਼ੀਲ ਹੈ ਅਤੇ ਇਯ ਲਈ ਉਹ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿੱਚ ਰਹਿੰਦੀਆਂ ਖਾੜਕੂ ਧਿਰਾਂ ਨੂੰ ਸਮਰਥਨ ਦੇ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਟੀ.ਐਮ.ਜੀ. ਪੰਜਾਬ ਪੁਲਿਸ ਨਾਲ ਮਿਲ ਕੇ ਫੰਡਾਂ ਅਤੇ ਹਥਿਆਰਾਂ ਦੀ ਆਮਦ ਨੂੰ ਰੋਕਣ ਦਾ ਯਤਨ ਕਰੇਗੀ ਜਦਕਿ ਦੋਹਾਂ ਸੂਬਿਆਂ ਦੀਆਂ ਸੁਰੱਖ਼ਿਆ ਫ਼ੋਰਸਿਜ਼ ਇਸ ਕੰਮ ਨੂੰ ਅੰਜਾਮ ਦੇਣ ਵਾਲਿਆਂ ਨਾਲ ਨਜਿੱਠਣਗੀਆਂ।
ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਆਪਣੀ ਜੰਮੂ ਕਸ਼ਮੀਰ ਫ਼ੇਰੀ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਰੱਖ਼ਿਆ ਬਲਾਂ ਨੂੰ ਹੁਕਮ ਦਿੱਤੇ ਸਨ ਕਿ ਉਹ ਵਾਦੀ ਵਿੱਚੋਂ ਅੱਤਵਾਦ ਦੇ ਖ਼ਾਤਮੇ ਲਈ ਹਰ ਸੰਭਵ ਕਾਰਵਾਈ ਕਰਨ।