ਬਿਊਰੋ ਰਿਪੋਰਟ : ਜਲੰਧਰ ਦੀ ਨਿਊ ਗੀਤਾ ਕਲੋਨੀ ਦੇ ਲੋਕ ਰੋਜ਼ਾਨਾ ਚੋਰੀ ਦੀਆਂ ਵਾਰਦਾਤਾਂ ਤੋਂ ਕਾਫੀ ਪਰੇਸ਼ਾਨ ਸਨ । ਉਨ੍ਹਾਂ ਨੇ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਚੋਰ ਨਹੀਂ ਫੜੇ ਗਏ । ਇੱਕ NRI ਦੇ ਬੰਦ ਮਕਾਨ ਵਿੱਚ ਤਾਂ 3 ਵਾਰ ਲਗਾਤਾਰ ਚੋਰੀ ਦੀ ਵਾਰਦਾਤਾਂ ਹੋਇਆ ਪਰ ਸ਼ਿਕਾਇਤ ਦੇ ਬਾਵਜੂਦ ਚੋਰ ਪੁਲਿਸ ਦੇ ਕਾਬੂ ਵਿੱਚ ਨਹੀਂ ਆਇਆ ਤਾਂ ਲੋਕਾਂ ਨੇ ਚੋਰਾਂ ਨੂੰ ਫੜਨ ਦੇ ਲਈ ਆਪ ਹੀ ਮੁਹਿੰਮ ਛੇੜ ਦਿੱਤੀ ਅਤੇ ਇਸ ਦਾ ਅਸਰ ਵੀ ਹੋਇਆ। ਚੋਰ ਵੀ ਕਾਬੂ ਆ ਗਏ ਅਤੇ ਵੱਡਾ ਖੁਲਾਸਾ ਵੀ ਹੋਇਆ।
ਲੋਕਾਂ ਨੇ ਚਲਾਈ ਇਹ ਮੁਹਿੰਮ
ਜਦੋਂ ਲਗਾਤਾਰ ਚੋਰਾਂ ਨੂੰ ਫੜਨ ਵਿੱਚ ਪੁਲਿਸ ਨਾਕਾਮਯਾਬ ਰਹੀ ਤਾਂ ਲੋਕਾਂ ਨੇ ਆਪ ਚੋਰਾਂ ਦਾ ਪਤਾ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ । ਇਸ ਦੇ ਵਿੱਚ ਉਨ੍ਹਾਂ ਨੇ ਪੁਲਿਸ ਨੂੰ ਨਾਲ ਸ਼ਾਮਲ ਕੀਤਾ । ਪੂਰੇ ਮੁਹੱਲੇ ਵਿੱਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ । ਲੋਕ ਨੇ ਹਰ ਇੱਕ ਘਰ ਦੀ ਤਲਾਸ਼ੀ ਸ਼ੁਰੂ ਕੀਤੀ। ਉਨ੍ਹਾਂ ਨੂੰ ਸ਼ੱਕ ਸੀ ਚੋਰ ਘਰ ਦਾ ਭੇਦੀ ਹੀ ਹੋ ਸਕਦਾ ਹੈ । ਲੋਕਾਂ ਦਾ ਸ਼ੱਕ ਗਲਤ ਨਹੀਂ ਸੀ । ਜਦੋਂ ਤਲਾਸ਼ੀ ਮੁਹਿੰਮ ਦੇ ਤਹਿਤ ਪੁਲਿਸ ਅਤੇ ਸਥਾਨਕ ਲੋਕ ਚੌਥੇ ਘਰ ਪਹੁੰਚੇ ਤਾਂ ਵੱਡਾ ਖੁਲਾਸਾ ਹੋ ਗਿਆ । ਇਸੇ ਘਰ ਤੋਂ ਹੀ ਚੋਰੀ ਦਾ ਸਮਾਨ ਬਰਾਮਦ ਹੋ ਗਿਆ । ਘਰ ਦੀ ਮਹਿਲਾ ਨੇ ਕਿਹਾ ਉਸ ਦਾ ਪਤੀ ਅਤੇ ਉਸ ਦੇ 2 ਸਾਥੀ ਮਿਲ ਕੇ ਚੋਰੀ ਕਰਦੇ ਸਨ ।
ਮਹਿਲਾ ਦਰਵਾਜ਼ਾ ਖੋਲਣ ਤੋਂ ਬਾਅਦ ਘਬਰਾ ਗਈ
ਜਿਸ NRI ਦੇ ਘਰ 3 ਵਾਰ ਚੋਰੀ ਹੋਈ ਸੀ ਉਸ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਮੁਹੱਲੇ ਦੇ ਚੌਥੇ ਘਰ ਦਾ ਗੇਟ ਖੋਲਿਆ ਤਾਂ ਮਹਿਲਾ ਉਨ੍ਹਾਂ ਨੂੰ ਵੇਖ ਕੇ ਘਬਰਾ ਗਈ । ਜਦੋਂ ਮੁਹੱਲੇ ਵਾਲਿਆਂ ਨੇ ਘਰ ਦੀ ਤਲਾਸ਼ੀ ਲਈ ਤਾਂ AC ਨੂੰ ਕੰਬਲ ਦੇ ਨਾਲ ਲੁਕਾਇਆ ਹੋਇਆ ਸੀ । ਚੋਰੀ ਦਾ ਹੋਰ ਕੀਮਤੀ ਸਮਾਨ ਵੀ ਘਰ ਦੇ ਅੰਦਰੋਂ ਮਿਲਿਆ । ਹਰਦੀਪ ਨੇ ਦੱਸਿਆ ਹਾਲਾਂਕਿ ਪੂਰਾ ਸਮਾਨ ਬਰਾਮਦ ਨਹੀਂ ਹੋਇਆ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਾਫੀ ਸਮਾਨ ਵੇਚ ਦਿੱਤਾ ਗਿਆ ਹੈ ।
ਇਸ ਤਰ੍ਹਾਂ ਹੁੰਦੀ ਸੀ ਚੋਰੀ
ਜਿਸ ਘਰ ਤੋਂ ਸਮਾਨ ਮਿਲਿਆ ਉਸ ਦੇ ਗੁਆਂਢੀ ਨੇ ਦੱਸਿਆ ਹੈ ਉਸ ਘਰ ਵਿੱਚ ਰਹਿਣ ਵਾਲੇ ਕਿਰਾਏਦਾਰ ਨੇ ਰਾਤ ਨੂੰ ਆਪਣੇ ਸਾਥੀਆਂ ਦੇ ਨਾਲ ਸਕੂਟਰ ‘ਤੇ ਕਈ ਚੱਕਰ ਲਗਾਏ ਸਨ । ਉਹ ਕੱਪੜੇ ਵਿੱਚ ਲੁਕਾ ਕੇ ਸਕੂਟਰ ‘ਤੇ ਸਮਾਨ ਲਿਜਾ ਰਹੇ ਸਨ। ਛੋਟਾ-ਮੋਟਾ ਸਮਾਨ ਉਨ੍ਹਾਂ ਨੇ ਰਾਤ ਨੂੰ ਹੀ ਟਿਕਾਣੇ ਲਾ ਲਿਆ ਸੀ । AC ਅਤੇ ਹੋਰ ਭਾਰੀ ਸਮਾਨ ਟਿਕਾਣੇ ਨਹੀਂ ਲੱਗਾ ਸਕੇ ਸਨ । NRI ਦੇ ਭਰਾ ਨੇ ਦੱਸਿਆ ਗੁਆਂਢੀ ਦੇ ਘਰੋਂ ਮਿਲੇ AC ਦੀ ਪਛਾਣ ਕਰ ਲਈ ਗਈ ਹੈ।