The Khalas Tv Blog India ਪੰਜਾਬ ’ਚ ਠੱਗ ਨੇ ਵੇਚੀ 135 ਸਾਲ ਪੁਰਾਣੀ ਚਰਚ! 5 ਕਰੋੜ ਦਾ ਲਿਆ ਬਿਆਨਾ
India Punjab Religion

ਪੰਜਾਬ ’ਚ ਠੱਗ ਨੇ ਵੇਚੀ 135 ਸਾਲ ਪੁਰਾਣੀ ਚਰਚ! 5 ਕਰੋੜ ਦਾ ਲਿਆ ਬਿਆਨਾ

ਬਿਉਰੋ ਰਿਪੋਟ: ਜਲੰਧਰ ਵਿੱਚ ਇੱਕ ਠੱਗ ਨੇ 135 ਸਾਲ ਪੁਰਾਣੀ ਗੋਲਕਨਾਥ ਚਰਚ ਵੇਚ ਦਿੱਤੀ। ਮੁਲਜ਼ਮ ਨੇ ਚਰਚ ਲਈ ਜ਼ਮੀਨ ਦਿਵਾਉਣ ਦੇ ਬਦਲੇ ਕਰੀਬ 5 ਕਰੋੜ ਰੁਪਏ ਲਏ। ਇਸ ਦਾ ਪਤਾ ਲੱਗਣ ’ਤੇ ਦੇਰ ਰਾਤ ਸ਼ਰਧਾਲੂਆਂ ਨੇ ਹੰਗਾਮਾ ਕਰ ਦਿੱਤਾ। ਇਸ ਸਬੰਧੀ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਇਸ ਤੋਂ ਬਾਅਦ ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਉਕਤ ਰਜਿਸਟਰੀ ’ਤੇ ਪਾਬੰਦੀ ਲਗਾ ਦਿੱਤੀ ਹੈ। ਮੁਲਜ਼ਮ ਦੀ ਪਛਾਣ ਨਟਵਰ ਲਾਲ ਜੋਰਡਨ ਮਸੀਹ ਵਾਸੀ ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

2 ਦਿਨਾਂ ਬਾਅਦ ਹੋਣੀ ਸੀ ਚਰਚ ਦੀ ਰਜਿਸਟਰੀ

ਨਟਵਰ ਲਾਲ ਜੋਰਡਨ ਮਸੀਹ ਵਾਸੀ ਈਸਾ ਨਗਰ, ਲੁਧਿਆਣਾ ਨੇ ਮਿਸ਼ਨ ਕੰਪਾਊਂਡ, ਜਲੰਧਰ ਸਥਿਤ 135 ਸਾਲ ਪੁਰਾਣੀ ਗੋਲਕਨਾਥ ਚਰਚ ਲਈ 5 ਕਰੋੜ ਰੁਪਏ ਜਮ੍ਹਾਂ ਕਰਵਾ ਕੇ ਸੌਦਾ ਕੀਤਾ ਸੀ। ਚਰਚ ਦੀ ਜ਼ਮੀਨ ਦੀ ਰਜਿਸਟਰੀ 2 ਦਿਨਾਂ ਬਾਅਦ ਹੋਣ ਵਾਲੀ ਸੀ। ਪਰ ਇਸ ਤੋਂ ਪਹਿਲਾਂ ਹੀ ਯੂਨਾਈਟਿਡ ਚਰਚ ਆਫ਼ ਨਾਰਥ ਇੰਡੀਆ ਟਰੱਸਟ ਦੇ ਅਧਿਕਾਰੀਆਂ ਨੂੰ ਇਸ ਧੋਖਾਧੜੀ ਦੀ ਜਾਣਕਾਰੀ ਮਿਲ ਗਈ ਸੀ।

ਟਰੱਸਟ ਦੇ ਸਕੱਤਰ ਅਮਿਤ ਕੇ. ਪ੍ਰਕਾਸ਼ ਨੇ ਦੱਸਿਆ ਕਿ ਬੀਤੇ ਮੰਗਲਵਾਰ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਦੋ ਦਿਨਾਂ ’ਚ ਜਲੰਧਰ ਦੇ ਆਦਰਸ਼ ਨਗਰ ਸਥਿਤ ਇਤਿਹਾਸਕ ਗੋਲਕਨਾਥ ਚਰਚ ਦੀ ਰਜਿਸਟਰੇਸ਼ਨ ਹੋਣ ਵਾਲੀ ਹੈ। ਉਨ੍ਹਾਂ ਕੋਲੋਂ ਚਰਚ ਦੀ 24 ਕਨਾਲ ਤੋਂ ਵੱਧ ਜ਼ਮੀਨ ਲਈ ਲਏ 5 ਕਰੋੜ ਰੁਪਏ ਦੇ ਬਿਆਨ ਦੀ ਕਾਪੀ ਮਿਲੀ।

ਇਹ ਵੀ ਖ਼ੁਲਾਸਾ ਹੋਇਆ ਸੀ ਕਿ ਈਸਾ ਨਗਰ ਲੁਧਿਆਣਾ ਦੇ ਰਹਿਣ ਵਾਲੇ ਜੌਰਡਨ ਮਸੀਹ ਨੇ ਲਾਡੋਵਾਲੀ ਰੋਡ, ਜਲੰਧਰ ਦੇ ਰਹਿਣ ਵਾਲੇ ਬਾਬਾ ਦੱਤ ਨਾਲ ਚਰਚ ਲਈ ਸੌਦਾ ਕੀਤਾ ਹੈ। ਉਸ ਨੇ ਤੁਰੰਤ ਜਲੰਧਰ ਆ ਕੇ ਸਾਰਾ ਮਾਮਲਾ ਤਹਿਸੀਲਦਾਰ-1 ਮਨਿੰਦਰ ਸਿੰਘ ਨੂੰ ਦੱਸਿਆ ਅਤੇ ਚਰਚ ਦੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਤੋਂ ਰੋਕ ਦਿੱਤਾ। ਫਿਲਹਾਲ ਮਾਮਲਾ ਦਰਜ ਨਹੀਂ ਹੋਇਆ ਹੈ।

ਫਰਜ਼ੀ ਟਰੱਸਟ ਬਣਾ ਕੇ ਕੀਤੀ ਧੋਖਾਧੜੀ

ਅਮਿਤ ਪ੍ਰਕਾਸ਼ ਨੇ ਦੱਸਿਆ ਕਿ ਜਾਰਡਨ ਮਸੀਹ ਨੇ ਯੂਨਾਈਟਿਡ ਚਰਚ ਆਫ ਨਾਰਥ ਇੰਡੀਆ ਟਰੱਸਟ ਦੇ ਨਾਂ ’ਤੇ ਫਰਜ਼ੀ ਟਰੱਸਟ ਬਣਾ ਕੇ ਇਹ ਧੋਖਾਧੜੀ ਕੀਤੀ ਹੈ। ਬਿਆਨ ਵਿੱਚ ਉਸ ਨੇ ਚਰਚ ਦੀ ਜ਼ਮੀਨ ਦਾ ਖਸਰਾ ਨੰਬਰ ਵੀ ਲਿਖਿਆ ਹੈ। ਫਿਲਹਾਲ ਇਸ ਧੋਖਾਧੜੀ ਵਿੱਚ ਜੌਰਡਨ ਮਸੀਹ ਅਤੇ ਬਾਬਾ ਦੱਤ ਨਾਮਕ ਦੋ ਵਿਅਕਤੀ ਹੀ ਸ਼ਾਮਲ ਪਾਏ ਗਏ ਹਨ।

ਮਾਮਲੇ ਦੇ ਖ਼ੁਲਾਸੇ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜਾਰਡਨ ਮਸੀਹ ਨੇ 2 ਸਾਲ ਪਹਿਲਾਂ ਸਹਾਰਨਪੁਰ ਸਥਿਤ ਚਰਚ ਦੀ ਜ਼ਮੀਨ ਵੇਚਣ ਦੀ ਵੀ ਕੋਸ਼ਿਸ਼ ਕੀਤੀ ਸੀ। ਉਥੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਟਰੱਸਟ ਅਧਿਕਾਰੀਆਂ ਮੁਤਾਬਕ ਉਹ ਉਸ ਮਾਮਲੇ ’ਚ ਜ਼ਮਾਨਤ ’ਤੇ ਸੀ।

Exit mobile version