The Khalas Tv Blog Punjab Jalandhar Bypoll: ਵੱਕਾਰੀ ਚੋਣ ‘ਚ ਕਾਂਗਰਸੀ ਤੇ ਆਪ ਵਰਕਰ ਆਹਮੋ-ਸਾਹਮਣੇ !
Punjab

Jalandhar Bypoll: ਵੱਕਾਰੀ ਚੋਣ ‘ਚ ਕਾਂਗਰਸੀ ਤੇ ਆਪ ਵਰਕਰ ਆਹਮੋ-ਸਾਹਮਣੇ !

ਬਿਊਰੋ ਰਿਪੋਰਟ : ਜਲੰਧਰ ਜ਼ਿਮਨੀ ਚੋਣ ਵਕਾਰ ਦਾ ਸਵਾਲ ਹੈ ਅਤੇ ਇਸ ਦੇ ਲਈ ਮੁਕਾਬਲਾ ਵੀ ਸਖਤ ਹੈ। ਵੋਟਿੰਗ ਦੀ ਸ਼ੁਰੂਆਤੀ ਰਫ਼ਤਾਰ ਘੱਟ ਸੀ ਪਰ ਸਿਆਸਤਦਾਨਾਂ ਦਾ ਪਾਰਾ ਗਰਮ ਹੈ। ਸ਼ਾਹਕੋਟ ਦੇ ਪਿੰਡ ਰੂਪੇਵਾਲ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰ ਆਪਸ ਵਿੱਚ ਭਿੜ ਗਏ।

ਸ਼ਾਹਕੋਟ ਤੋਂ ਕਾਂਗਰਸ ਦੇ ਵਿਧਾਇਕ ਹਰਦੇਵ ਸਿੰਘ ਸ਼ੇਰੋਵਾਲਿਆ ਨੇ ਇਲਜ਼ਾਮ ਲਗਾਇਆ ਕਿ ਬਾਬਾ ਬਕਾਲਾ ਦੇ ਵਿਧਾਇਕ ਦਲਵੀਰ ਸਿੰਘ ਟੋਂਗ ਜਲੰਧਰ ਵਿੱਚ ਘੁੰਮ ਰਹੇ ਹਨ। ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਵੋਟਿੰਗ ਦੇ ਦੌਰਾਨ ਜਲੰਧਰ ਵਿੱਚ ਬਾਹਰੀ ਆਦਮੀ ਨਹੀਂ ਆ ਸਕਦਾ ਹੈ। ਇਸ ਦੇ ਬਾਵਜੂਦ ਵਿਧਾਇਕ ਵੋਟਰਾਂ ਪ੍ਰਭਾਵਿਤ ਕਰ ਰਿਹਾ ਹੈ। ਉਧਰ ਆਪ ਦੇ ਵਿਧਾਇਕ ਇਲਜ਼ਾਮ ਲਗਾ ਰਹੇ ਹਨ ਕਿ ਕਾਂਗਰਸ ਦੇ ਵਰਕਰ ਧੱਕੇਸ਼ਾਹੀ ਕਰ ਰਹੇ ਹਨ। ਉਧਰ ਪੋਲਿੰਗ  ਬੂਥ ‘ਤੇ ਪੁਲਿਸ ਵੱਲੋਂ ਸਪੀਕਰ ਦੇ ਜ਼ਰੀਏ ਅਨਾਊਂਸਮੈਂਟ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਬਾਹਰੀ ਫੜਿਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ।

‘ਆਪ ਵਿਧਾਇਕ ਨੂੰ ਕਮਰੇ ਵਿੱਚ ਬੰਦ ਕੀਤਾ’

ਇਲਜ਼ਾਮਾਂ ਮੁਤਾਬਿਕ ਆਪ ਵਿਧਾਇਕ ਦਲਵੀਰ ਸਿੰਘ ਟੋਂਗ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਵਿਧਾਇਕ ਨੂੰ ਬਾਹਰ ਕੱਢਿਆ ਅਤੇ ਥਾਣੇ ਲੈ ਗਈ। ਉਧਰ ਜਲੰਧਰ ਨਾਰਥ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਰਕਰ ਵੀ ਆਪਸ ਵਿੱਚ ਭਿੜ ਗਏ।

ਇੱਥੇ ਕਾਂਗਰਸੀ ਵਰਕਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਦੇ ਕੁੱਝ ਲੋਕ ਆਏ ਅਤੇ ਵਿਰੋਧੀਆਂ ਦੇ ਬੂਥ ਤੋੜ ਕੇ ਚੱਲੇ ਗਏ, ਜਦਕਿ ਆਪ ਦੇ ਚੋਣ ਪ੍ਰਭਾਰੀ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੰਨਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਵਿਰੋਧੀਆਂ ਨੂੰ ਹਾਰ ਨਜ਼ਰ ਆ ਰਹੀ ਹੈ ਇਸੇ ਲਈ ਉਹ ਅਜਿਹੀ ਬਿਆਨਬਾਜ਼ੀਆਂ ਕਰ ਰਹੇ ਹਨ। ਉਧਰ ਅਕਾਲੀ ਦਲ ਵੱਲੋਂ ਵੀ ਵੀਡੀਓ ਪੇਸ਼ ਕਰਕੇ ਦਾਅਵਾ ਕੀਤਾ ਗਿਆ ਹੈ ਕਿ ਜਲੰਧਰ ਵਿੱਚ ਆਪ ਦੇ ਬਾਹਰੀ ਵਿਧਾਇਕ ਵੀ ਹਲਕੇ ਵਿੱਚ ਮੌਜੂਦ ਹਨ ਅਤੇ ਉਹ ਬੂਥ ‘ਤੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਅਕਾਲੀ ਦਲ ਨੇ ਇਲਜ਼ਾਮ ਲਗਾਇਆ ਕਿ ਪ੍ਰਸ਼ਾਸਨ ਵੀ ਉਨ੍ਹਾਂ ਦਾ ਸਾਥ ਦੇ ਰਿਹਾ ਹੈ। ਉਧਰ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਨੇ ਵੀ ਬਾਹਰੀ ਲੋਕਾਂ ਦੀ ਜਲੰਧਰ ਵਿੱਚ ਮੌਜੂਦਗੀ ਨੂੰ ਲੈਕੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ ।

ਕਾਂਗਰਸ ਦੀ ਉਮੀਦਵਾਰ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ

ਕਾਂਗਰਸ ਦੀ ਉਮੀਦਰ ਕਰਮਜੀਤ ਕੌਰ ਨੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਨਿਯਮਾਂ ਮੁਤਾਬਕ 8 ਮਈ ਸ਼ਾਮ 6 ਵਜੇ ਤੋਂ ਬਾਅਦ ਜਲੰਧਰ ਹਲਕੇ ਵਿੱਚ ਕੋਈ ਵੀ ਬਾਹਰ ਦਾ ਸ਼ਖ਼ਸ ਨਹੀਂ ਆ ਸਕਦਾ ਹੈ ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਬਾਹਰ ਦੇ ਵਿਧਾਇਕ ਅਤੇ ਵਰਕਰ ਬੂਥਾਂ ‘ਤੇ ਮੌਜੂਦ ਹਨ ਅਤੇ ਧੱਕੇਸ਼ਾਹੀ ਕਰ ਰਹੇ ਹਨ।

ਪ੍ਰਸ਼ਾਸਨ ਉਨ੍ਹਾਂ ਦੇ ਖਿਲਾਫ਼ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਹੈ। ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਆਪ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਵੋਟ ਕੈਂਸਲ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾਵੇ।
ਕਰਮਜੀਤ ਕੌਰ ਨੇ ਚੋਣ ਕਮਿਸ਼ਨ ਨੂੰ ਤਤਕਾਲ ਸਖ਼ਤ ਐਕਸ਼ਨ ਲੈਣ ਦੀ ਅਪੀਲ ਕੀਤੀ ਹੈ। ਉਧਰ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਵੀਡੀਓ ਜਾਰੀ ਕਰਕੇ ਆਪ ਦੇ ਬਾਹਰੀ ਵਰਕਰਾਂ ਅਤੇ ਵਿਧਾਇਕਾਂ ਦੇ ਜਲੰਧਰ ਵਿੱਚ ਮੌਜੂਦ ਹੋਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਨੂੰ ਕੰਟਰੋਲ ਨਾ ਕੀਤਾ ਉਹ ਵੀ ਆਪਣੇ ਵਰਕਰਾਂ ਦੇ ਨਾਲ SSP ਅਤੇ SDM ਦਫਤਰ ਦੇ ਬਾਹਰ ਧਰਨਾ ਦੇਣ ਪਹੁੰਚ ਜਾਣਗੇ। ਉਧਰ ਆਮ ਆਦਮੀ ਪਾਰਟੀ ਨੇ ਇਸ ਨੂੰ ਖਾਰਜ ਕਰਦੇ ਹੋਏ ਉਲਟਾ ਕਾਂਗਰਸ ‘ਤੇ ਇਲਜ਼ਾਮ ਲਗਾਏ ਹਨ।

ਵਿਰੋਧੀ ਦਾ ਇਲਜ਼ਾਮ ਬੁਖਲਾਹਟ ਦਾ ਨਤੀਜਾ : ਕੰਗ

ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਵਿਰੋਧੀਆਂ ਦੇ ਇਲਜ਼ਾਮਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਲਟਾ ਕਾਂਗਰਸ ਆਪਣੇ ਪੁਰਾਣੇ ਗੜ੍ਹ ਦਾ ਫਾਇਦਾ ਚੁੱਕ ਦੇ ਹੋਏ ਬਾਹਰੀ ਲੋਕਾਂ ਨੂੰ ਹਲਤੇ ਵਿੱਚ ਦਾਖਲ ਕਰਵਾ ਰਹੀ ਹੈ । ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਦੇ ਪੁੱਤਰ ਅਤੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ‘ਤੇ ਇਲਜ਼ਾਮ ਲਗਾਉਂਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੋਲ ਅਜਿਹੇ ਕਈ ਵੀਡੀਓ ਹਨ ਜਿਸ ਦੇ ਜ਼ਰੀਏ ਸਾਫ ਹੁੰਦਾ ਹੈ ਕਿ ਕਿਵੇਂ ਕਾਂਗਰਸ ਸ਼ਰੇਆਮ ਧੱਕਾ ਰਹੀ ਹੈ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਵਰਕਰਾਂ ਦੇ ਲਈ ਸੁਨੇਹਾ ਭੇਜਿਆ ਹੈ।

ਮੁੱਖ ਮੰਤਰੀ ਦਾ ਸੁਨੇਹਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਅਸੀਂ ਜਿੱਤਾਂਗੇ ਜ਼ਰੂਰ…ਹੌਸਲੇ ਬੁਲੰਦ ਰੱਖਿਓ..ਜਲੰਧਰ ਦੀ ਅਵਾਜ਼ ਲੋਕ ਸਭਾ ਚ ਪੰਜਾਬ ਦੀ ਅਵਾਜ਼ ਬਣਕੇ ਗੂੰਜੇ …ਵੱਧ ਤੋੰ ਵੱਧ ਇਸ ਅਵਾਜ਼ ਦਾ ਹਿੱਸਾ ਬਣਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿਓ…ਇਨਕਲਾਬ ਜ਼ਿੰਦਾਬਾਦ …

Exit mobile version