ਚੰਡੀਗੜ੍ਹ : ਨਸ਼ਾ ਤਸਕਰੀ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਜਗਦੀਸ਼ ਭੋਲਾ ਨੂੰ ਹਾਈਕੋਰਟ ਨੇ ਇੱਕ ਦਿਨ ਦੀ ਜ਼ਮਾਨਤ ਦਿੱਤੀ ਸੀ। ਇਸ ਤਹਿਤ ਅੱਜ ਉਹ ਜੇਲ੍ਹ ਵਿਚੋਂ ਬਾਹਰ ਆਇਆ ਅਤੇ ਗਿੱਦੜਬਾਹਾ ਵਿਖੇ ਆਪਣੀ ਬਿਮਾਰ ਮਾਂ ਨੂੰ ਮਿਲਿਆ। ਜਗਦੀਸ਼ ਭੋਲਾ ਵੱਲੋਂ ਆਪਣੀ ਮਾਂ ਦੀ ਖ਼ਰਾਬ ਸਿਹਤ ਦਾ ਹਵਾਲਾ ਦੇ ਕੇ ਜ਼ਮਾਨਤ ਦੀ ਅਪੀਲ ਕੀਤੀ ਸੀ ਜਿਸ ਨੂੰ ਸਵੀਕਾਰ ਕਰਦਿਆਂ ਹਾਈਕੋਰਟ ਨੇ ਜਗਦੀਸ਼ ਭੋਲਾ ਇੱਕ ਦਿਨ ਦੀ ਜ਼ਮਾਨਤ ਦਿੱਤੀ ਸੀ।
ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਸ਼ ਭੋਲਾ ਨੇ ਕਿਹਾ ਕਿ ਉਹ ਸਾਢੇ 9 ਸਾਲਾਂ ਬਾਅਦ ਆਪਣੀ ਮਾਂ ਨੂੰ ਮਿਲਿਆ ਹੈ, ਮਾਂ ਬਹੁਤ ਬਿਮਾਰ ਹੈ, ਮੈਂ ਅਦਾਲਤ ਦਾ ਧੰਨਵਾਦ ਕਰਦਾ ਹਾਂ। ਮੈਂ 2 ਮਹੀਨਿਆਂ ਦੀ ਪੈਰੋਲ ਲਈ ਅਰਜ਼ੀ ਦਿੱਤੀ ਪਰ 1 ਦਿਨ ਦੀ ਜ਼ਮਾਨਤ ਮਨਜ਼ੂਰ ਹੋਈ। ਉਸਨੇ ਕਿਹਾ ਕਿ ਮੈਨੂੰ ਇਸ ਮਾਮਲੇ ਵਿਚ 12 ਸਾਲ ਦੀ ਸਜ਼ਾ ਹੋਈ ਹੈ। 15 ਸਾਲ ਦੀ ਸਜ਼ਾ ਵਾਲੇ ਲੋਕ ਵੀ ਜ਼ਮਾਨਤ ਉਤੇ ਹਨ, ਪਰ ਪਤਾ ਨਹੀਂ ਮੈਨੂੰ ਜ਼ਮਾਨਤ ਕਿਉਂ ਨਹੀਂ ਮਿਲ ਰਹੀ।
ਭੋਲਾ ਨੇ ਕਿਹਾ ਕਿ ਮੈਨੂੰ ਕੋਈ ਗਿਲਾ ਨਹੀਂ, ਜੋ ਵੀ ਹੋਇਆ ਚੰਗਾ ਹੋਇਆ, ਜੋ ਰੱਬ ਨੂੰ ਮਨਜ਼ੂਰ ਹੈ। ਮੈਨੂੰ ਆਪਣੀ ਮਾਂ ਨੂੰ ਫੋਰਸ ਨਾਲ ਮਿਲਣ ਲਈ 1 ਦਿਨ ਦਾ ਸਮਾਂ ਦਿੱਤਾ ਗਿਆ ਹੈ, ਮੈਂ ਆਪਣੀ ਮਾਂ ਨੂੰ ਇਕੱਲੇ ਮਿਲਣਾ ਚਾਹੁੰਦਾ ਸੀ।
ਉਸ ਨੇ ਕਿਹਾ ਕਿ ਸਭ ਨੂੰ ਮੁਆਫ਼ੀ ਮਿਲ ਰਹੀ ਹੈ, ਬਲਾਤਕਾਰ ਦੇ ਕੇਸਾਂ ਵਾਲਿਆਂ ਨੂੰ ਵੀ ਜਮਾਨਤ, ਮੈਂ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਪਰ ਪੂਰੀ ਨਹੀਂ ਹੋਈ, ਜੇ ਸੀਬੀਆਈ ਵੀ ਜਾਂਚ ਤੋਂ ਬਾਅਦ ਵੀ ਮੈਨੂੰ ਦੋਸ਼ੀ ਪਾਉਂਦੀ ਹੈ, ਤਾਂ ਮੈਂ ਮੌਤ ਦੀ ਸਜ਼ਾ ਸਵੀਕਾਰ ਕਰਦਾ ਹਾਂ, ਮੈਨੂੰ ਆਪਣੇ ਅਤੀਤ ਦਾ ਕੋਈ ਪਛਤਾਵਾ ਨਹੀਂ ਕਿਉਂਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ।
ਦੱਸ ਦੇਈਏ ਕਿ ਈਡੀ ਨੇ ਭੋਲਾ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ ਤੇ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਦੱਸ ਦਈਏ ਕਿ ਭੋਲੇ ਨੂੰ 700 ਕਰੋੜ ਰੁਪਏ ਦੇ ਡਰੱਗ ਰੈਕੇਟ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।ਜਗਦੀਸ਼ ਭੋਲਾ ਕੋਲੋਂ ਸਿੰਥੈਟਿਕ ਡਰੱਗ, ਹੈਰੋਇਨ, ਵਿਦੇਸ਼ੀ ਕਰੰਸੀ, ਹਥਿਆਰ ਅਤੇ ਲਗਜ਼ਰੀ ਕਾਰਾਂ ਬਰਾਮਦ ਹੋਈਆਂ ਹਨ। ਸੰਨ 2012 ਵਿੱਚ ਪੰਜਾਬ ਪੁਲਿਸ ਦੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸੀ।