The Khalas Tv Blog India ਜੰਮੂ-ਕਸ਼ਮੀਰ ਪੁਲਿਸ ਨੇ 2900 ਕਿਲੋ ਵਿਸਫੋਟਕ ਕੀਤਾ ਜ਼ਬਤ, 3 ਡਾਕਟਰਾਂ ਸਣੇ 7 ਗ੍ਰਿਫ਼ਤਾਰ
India

ਜੰਮੂ-ਕਸ਼ਮੀਰ ਪੁਲਿਸ ਨੇ 2900 ਕਿਲੋ ਵਿਸਫੋਟਕ ਕੀਤਾ ਜ਼ਬਤ, 3 ਡਾਕਟਰਾਂ ਸਣੇ 7 ਗ੍ਰਿਫ਼ਤਾਰ

ਬਿਊਰੋ ਰਿਪੋਰਟ (10 ਨਵੰਬਰ, 2025): ਹਰਿਆਣਾ ਦੇ ਫਰੀਦਾਬਾਦ ਵਿੱਚ ਇੱਕ ਡਾਕਟਰ ਦੇ ਘਰੋਂ 360 ਕਿੱਲੋ ਵਿਸਫੋਟਕ (ਸੰਭਾਵਿਤ ਅਮੋਨੀਅਮ ਨਾਈਟ੍ਰੇਟ) ਬਰਾਮਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਸਾਲਟ ਰਾਈਫਲ ਅਤੇ ਕਾਰਤੂਸ ਵੀ ਮਿਲੇ ਹਨ। ਇਹ ਛਾਪਾ ਜੰਮੂ-ਕਸ਼ਮੀਰ ਪੁਲਿਸ ਨੇ ਮਾਰਿਆ ਸੀ।

ਗ੍ਰਿਫਤਾਰ ਕੀਤੇ ਗਏ ਡਾਕਟਰ ਦਾ ਨਾਮ ਮੁਜ਼ੱਮਿਲ ਸ਼ਕੀਲ ਹੈ। ਇਹ ਫਰੀਦਾਬਾਦ ਦੀ ਅਲਫਲਾਹ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਸੀ। ਇਹ ਪੁਲਵਾਮਾ ਦੇ ਕੋਇਲ ਦਾ ਰਹਿਣ ਵਾਲਾ ਹੈ।

ਜੰਮੂ-ਕਸ਼ਮੀਰ ਪੁਲਿਸ ਨੇ ਲਖਨਊ ਤੋਂ ਵੀ ਇੱਕ ਮਹਿਲਾ ਡਾਕਟਰ ਸ਼ਾਹੀਨ ਸ਼ਾਹਿਦ ਨੂੰ ਗ੍ਰਿਫਤਾਰ ਕੀਤਾ ਹੈ। ਸ਼ਾਹੀਨ ਡਾਕਟਰ ਮੁਜ਼ੱਮਿਲ ਸ਼ਕੀਲ ਦੀ ਦੋਸਤ ਹੈ। ਮੁਜ਼ੱਮਿਲ, ਡਾਕਟਰ ਸ਼ਾਹੀਨ ਦੀ ਕਾਰ ਵਰਤਦਾ ਸੀ। ਸ਼ਾਹੀਨ ਦੀ ਕਾਰ ਵਿੱਚੋਂ ਹੀ ਐਤਵਾਰ ਨੂੰ ਕਸ਼ਮੀਰ ਵਿੱਚ ਇੱਕ ਏਕੇ-47 (AK-47) ਰਾਈਫਲ, ਜ਼ਿੰਦਾ ਕਾਰਤੂਸ ਅਤੇ ਹੋਰ ਸ਼ੱਕੀ ਸਮੱਗਰੀ ਬਰਾਮਦ ਹੋਈ ਸੀ।

ਇਸ ਤੋਂ ਪਹਿਲਾਂ 7 ਨਵੰਬਰ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਸਹਾਰਨਪੁਰ (ਯੂਪੀ) ਤੋਂ ਡਾ. ਆਦਿਲ ਅਹਿਮਦ ਨੂੰ ਗ੍ਰਿਫਤਾਰ ਕੀਤਾ ਸੀ। ਇਹ ਅਨੰਤਨਾਗ (ਕਸ਼ਮੀਰ) ਦਾ ਰਹਿਣ ਵਾਲਾ ਹੈ। ਆਦਿਲ ਅਨੰਤਨਾਗ ਦੇ ਸਰਕਾਰੀ ਮੈਡੀਕਲ ਕਾਲਜ (GMC) ਵਿੱਚ ਪ੍ਰੈਕਟਿਸ ਕਰਦਾ ਸੀ। 2024 ਵਿੱਚ ਇਸ ਨੇ ਉੱਥੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਹ ਸਹਾਰਨਪੁਰ ਵਿੱਚ ਪ੍ਰੈਕਟਿਸ ਕਰਨ ਲੱਗਾ।

ਜਾਣਕਾਰੀ ਅਨੁਸਾਰ ਡਾ. ਮੁਜ਼ੱਮਿਲ ਨੇ ਫਰੀਦਾਬਾਦ ਦੇ ਧੌਜ ਪਿੰਡ ਵਿੱਚ 3 ਮਹੀਨੇ ਪਹਿਲਾਂ ਕਿਰਾਏ ‘ਤੇ ਕਮਰਾ ਲਿਆ ਸੀ। ਉਹ ਇੱਥੇ ਰਹਿੰਦਾ ਨਹੀਂ ਸੀ, ਸਿਰਫ਼ ਸਮਾਨ ਰੱਖਣ ਲਈ ਕਮਰਾ ਲਿਆ ਸੀ।

ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੇ ਕਬਜ਼ੇ ਤੋਂ ਹੁਣ ਤੱਕ ਕੁੱਲ 2900 ਕਿਲੋ ਆਈਈਡੀ (IED) ਬਣਾਉਣ ਦੀ ਸਮੱਗਰੀ ਬਰਾਮਦ ਕੀਤੀ ਗਈ ਹੈ। ਇਹ ਮਾਡਿਊਲ ਜੈਸ਼-ਏ-ਮੁਹੰਮਦ (JeM) ਅਤੇ ਅੰਸਾਰ ਗਜ਼ਵਾਤ-ਉਲ-ਹਿੰਦ (AGuH) ਵਰਗੀਆਂ ਪਾਬੰਦੀਸ਼ੁਦਾ ਸੰਸਥਾਵਾਂ ਨਾਲ ਜੁੜਿਆ ਹੋਇਆ ਸੀ।

ਪੁਲਿਸ ਨੇ ਦੱਸਿਆ ਕਿ ਇਹ ਦੋਸ਼ੀ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਸਨ ਅਤੇ ਸੋਸ਼ਲ ਮੀਡੀਆ ਤੇ ਐਨਕ੍ਰਿਪਟਡ ਚੈਨਲਾਂ ਰਾਹੀਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸਨ।

Exit mobile version