The Khalas Tv Blog Punjab ਨਸ਼ਾ ਵੇਚਣ ਤੋਂ ਰੋਕਣਾ ਪਿਆ ਮਹਿੰਗਾ, ਨਸ਼ਾ ਤਸਕਰਾਂ ਨੇ 8 ਘਰਾਂ ਨੂੰ ਲਗਾਈ ਅੱਗ, ਪੈਟਰੋਲ ਬੰਬਾਂ ਨਾਲ ਕੀਤੇ ਧਮਾਕੇ
Punjab

ਨਸ਼ਾ ਵੇਚਣ ਤੋਂ ਰੋਕਣਾ ਪਿਆ ਮਹਿੰਗਾ, ਨਸ਼ਾ ਤਸਕਰਾਂ ਨੇ 8 ਘਰਾਂ ਨੂੰ ਲਗਾਈ ਅੱਗ, ਪੈਟਰੋਲ ਬੰਬਾਂ ਨਾਲ ਕੀਤੇ ਧਮਾਕੇ

ਬਠਿੰਡਾ : ਪੰਜਾਬ ’ਚ ਨਸ਼ਾ ਤਸਕਰਾਂ ਦੇ ਹੌਂਸਲੇ ਵੱਧਦੇ ਜਾ ਰਹੇ ਹਨ। ਆਏ ਦਿਨ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ’ਤੇ ਹਮਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਅਜਿਹਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਨਸ਼ਾ ਤਸਕਰਾਂ ਨੇ ਅੱਠ ਘਰਾਂ ਨੂੰ ਅੱਗ ਲਗਾ ਦਿੱਤੀ।

ਜਾਣਕਾਰੀ ਮੁਤਾਬਕ  ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਬੀਤੀ ਰਾਤ ਨਸ਼ਾ ਤਸਕਰਾਂ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ। ਪਿੰਡ ਦਾਨ ਸਿੰਘ ਵਾਲਾ ਦੀ ਭਾਈ ਜੀਵਨ ਸਿੰਘ ਬਸਤੀ ਵਿੱਚ ਅੱਠ ਘਰਾਂ ਨੂੰ ਕਰੀਬ 50 ਤੋਂ 60 ਤਸਕਰਾਂ ਵੱਲੋਂ ਪੈਟਰੋਲ ਬੰਬ ਸੁੱਟ ਕੇ ਅੱਗ ਲਗਾ ਦਿੱਤੀ ਗਈ। ਅੱਗ ਲਗਾਉਣ ਤੋਂ ਪਹਿਲਾਂ ਗੁੰਡਾਗਰਦੀ ਕਰਦੇ ਹੋਏ ਇਹਨਾਂ ਮੁਲਜ਼ਮਾਂ ਨੇ ਜਿੱਥੇ ਘਰਾਂ ਵਿੱਚ ਦੀ ਲੁੱਟਮਾਰ ਕੀਤੀ, ਉੱਥੇ ਹੀ ਘਰਾਂ ਵਿੱਚ ਪਏ ਘਰੇਲੂ ਸਮਾਨ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ।

ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਨੌਜਵਾਨਾਂ ਵੱਲੋਂ ਨਸ਼ਾ ਤਸਕਰ ਨੂੰ ਨਸ਼ਾ ਵੇਚਣ ਤੋਂ ਰੋਕਿਆ ਗਿਆ ਸੀ। ਜਿਸ ਤੋਂ ਬਾਅਦ ਚਾਰ ਪੰਜ ਦਿਨ ਆਪਸੀ ਤਕਰਾਰਬਾਜ਼ੀ ਚਲਦੀ ਰਹੀ। ਹੁਣ ਨਸ਼ਾ ਤਸਕਰ ਵੱਲੋਂ 50 ਤੋਂ 60 ਗੁੰਡਿਆਂ ਨੂੰ ਲਿਆ ਕੇ ਬਸਤੀ ਦੇ ਕਰੀਬ ਅੱਠ ਘਰਾਂ ਉੱਤੇ ਹਮਲਾ ਕੀਤਾ ਗਿਆ, ਹਮਲਾ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਪੈਟਰੋਲ ਬੰਬਾਂ ਦੀ ਵਰਤੋਂ ਕਰਦੇ ਹੋਏ ਘਰ ਦੇ ਕੀਮਤੀ ਸਮਾਨ ਨੂੰ ਅੱਗ ਲਗਾ ਦਿੱਤੀ ਗਈ ਅਤੇ ਘਰਾਂ ਵਿੱਚ ਪਿਆ ਸਮਾਨ ਲੁੱਟ ਲਿਆ ਗਿਆ।

ਪੈਟਰੋਲ ਬੰਬ ਸੁੱਟ ਕੇ ਅੱਗ ਲਗਾਈ ਗਈ

ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਕਈ ਲੋਕ ਘਰ ਛੱਡਣ ਲਈ ਮਜ਼ਬੂਰ ਹੋ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ ਜੋ ਹਸ਼ਰ ਰਾਤ ਵੇਖਣ ਨੂੰ ਮਿਲਿਆ ਹੈ, ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ, ਇਸ ਲਈ ਆਪਣੇ ਪਰਿਵਾਰ ਨੂੰ ਲੈ ਕੇ ਸੁਰੱਖਿਅਤ ਥਾਂ ਉੱਤੇ ਜਾ ਰਹੇ ਹਨ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਸ਼ੇ ਦੇ ਕਾਰੋਬਾਰੀਆਂ ਵੱਲੋਂ ਸ਼ਰੇਆਮ ਬਸਤੀ ਵਿੱਚ ਗੁੰਡਾਗਰਦੀ ਕੀਤੀ ਗਈ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪਿਛਲੇ ਕਈ ਦਿਨ੍ਹਾਂ ਤੋਂ ਚੱਲ ਰਹੇ ਇਸ ਝਗੜੇ ਸਬੰਧੀ ਵਾਰ-ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡ ਦੀ ਪੰਚਾਇਤ ਨੂੰ ਬੇਨਤੀ ਕੀਤੀ ਗਈ ਪਰ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ, ਜਿਸ ਕਾਰਨ ਇੰਨੀ ਵੱਡੀ ਘਟਨਾ ਵਾਪਰ ਗਈ ਅਤੇ ਲੋਕਾਂ ਦੇ ਘਰਾਂ ਉੱਤੇ ਪੈਟਰੋਲ ਬੰਬ ਸੁੱਟ ਕੇ ਅੱਗ ਲਗਾਈ ਗਈ।

ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ

ਪਿੰਡ ਵਾਸੀਆਂ ਮੁਤਾਬਿਕ ਨਸ਼ੇ ਤੋਂ ਪਿੰਡ ਦੀ ਜਵਾਨੀ ਨੂੰ ਬਚਾਉਣ ਲੱਗੇ ਲੋਕਾਂ ਦੇ ਘਰਾਂ ਉੱਤੇ ਨਸ਼ਾ ਤਸਕਰ ਵੱਲੋਂ ਹਮਲਾ ਕੀਤਾ ਗਿਆ ਹੈ। ਉਹਨਾਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲੁੱਟ ਅਤੇ ਅੱਗ ਨਾਲ ਇੰਨੀ ਤਬਾਹੀ ਹੋਈ ਹੈ ਕਿ ਕਈ ਲੋਕਾਂ ਦੇ ਘਰ ਤਾਂ ਸਿਰਫ ਸਰੀਰ ਦੇ ਪਾਏ ਕੱਪੜੇ ਹੀ ਬਚੇ ਹਨ।

ਗੁੰਡਾਗਰਦੀ ਕਰਨ ਵਾਲਿਆਂ ਵੱਲੋਂ ਖਾਣਾ ਬਣਾਉਣ ਲਈ ਰੱਖੇ ਗਏ ਗੈਸ ਸਿਲੰਡਰ ਤੱਕ ਚੋਰੀ ਕਰ ਲਏ ਗਏ ਅਤੇ ਕਈ ਘਰਾਂ ਵਿੱਚੋਂ ਪਸ਼ੂ ਵੀ ਖੋਲ੍ਹ ਕੇ ਲੈ ਗਏ ਹਨ। ਪਿੰਡ ਵਾਸੀਆਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਅਤੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ।

 

 

Exit mobile version