The Khalas Tv Blog Khaas Lekh ਸਿੱਧੂ ਦੇ ਕਤਲ ਨੂੰ ਹੋਏ 6 ਮਹੀਨੇ , ਕਿੱਥੇ ਕੁ ਪਹੁੰਚਿਆ ਇਨਸਾਫ ਦਾ ਸਫ਼ਰ ?
Khaas Lekh Punjab

ਸਿੱਧੂ ਦੇ ਕਤਲ ਨੂੰ ਹੋਏ 6 ਮਹੀਨੇ , ਕਿੱਥੇ ਕੁ ਪਹੁੰਚਿਆ ਇਨਸਾਫ ਦਾ ਸਫ਼ਰ ?

ਚੰਡੀਗੜ੍ਹ : ਮਈ ਮਹੀਨੇ ਦੀ 29 ਤਰੀਕ, ਸਮਾਂ ਸ਼ਾਮ ਦੇ ਸਾਢੇ ਪੰਜ ਵਜੇ ਦਾ ਤੇ ਪਿੰਡ ਜਵਾਹਰਕੇ ਦਾ ਸ਼ਾਂਤ ਮਾਹੌਲ ਗੋਲੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ। ਚਾਰੇ ਪਾਸੇ ਰੌਲਾ ਪੈ ਗਿਆ ਕਿ ਕਿਸੇ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਹੈ ਤੇ ਸ਼ਾਮ ਢਲਦਿਆਂ ਤੱਕ ਇਹ ਖ਼ਬਰ ਸਾਰੀ ਦੁਨੀਆ ਵਿੱਚ ਫੈਲ ਗਈ ਸੀ ਕਿ ਮਰਨ ਵਾਲਾ ਹੋਰ ਕੋਈ ਨਹੀਂ, ਸਗੋਂ ਪ੍ਰਸਿਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੈ।

ਆਪਣੇ ਘਰੋਂ ਆਪਣੇ ਦੋਸਤਾਂ ਨਾਲ ਬਾਹਰ ਆਪਣੀ ਜੀਪ ਵਿੱਚ ਘੁੰਮਣ ਨਿਕਲੇ ਸਿੱਧੂ ਨੂੰ ਸ਼ਾਇਦ ਇਹ ਅੰਦਾਜ਼ਾ ਵੀ ਨਹੀਂ ਹੋਣਾ ਕਿ ਇਸ ਮੋੜ ‘ਤੇ ਮੌਤ ਉਸ ਦਾ ਇੰਤਜ਼ਾਰ ਕਰ ਰਹੀ ਹੈ।

ਸੀਸੀਟੀਵੀ ਫੂਟੇਜ਼ ਤੇ ਮੌਕੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸਿੱਧੂ ਨੂੰ ਮਾਰਨ ਲਈ ਕਾਤਲ ਕੋਰੋਲਾ ਤੇ ਬੋਲੈਰੋ ਗੱਡੀ ਦੇ ਵਿੱਚ ਆਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਤੇ ਸ਼ੱਕ ਦੇ ਆਧਾਰ ਤੇ ਪਹਿਲੀ ਗ੍ਰਿਫਤਾਰੀ ਮਨਪ੍ਰੀਤ ਨਾਮ ਦੇ ਸ਼ਖ਼ਸ ਦੀ ਹੋਈ ਤੇ ਉਸ ਮਗਰੋਂ ਕੇਸ ਵਿੱਚ ਕਈ ਮੋੜ ਆਏ, ਮਹਾਰਾਸ਼ਟਰ ਤੱਕ ਇਸ ਕੇਸ ਦੀਆਂ ਤਾਰਾਂ ਜੁੜੀਆਂ ਤੇ ਸ਼ਾਰਪ ਸ਼ੂਟਰ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਨੇ ਟਰਾਂਜ਼ਿਟ ਰਿਮਾਂਡ ਲੈ ਕੇ ਪੰਜਾਬ ਲਿਆਂਦਾ,ਜਿਸ ਨੂੰ ਇਸ ਕਤਲ ਦਾ ਮਾਸਟਰਮਾਈਂਡ ਮੰਨਿਆ ਗਿਆ ਸੀ। ਇਸ ਤੋਂ ਇਲਾਵਾ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਇਸ ਵਿੱਚ ਸ਼ਾਮਲ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ।

ਸਿੱਧੂ ਨੂੰ ਮਾਰਨ ਲਈ ਨਾਮਜ਼ਦ ਕੀਤੇ ਗਏ 6 ਸ਼ਾਰਪ ਸ਼ੂਟਰਾਂ ‘ਚੋਂ ਕਈ ਗੁਜਰਾਤ ਤੋਂ ਫੜੇ ਗਏ ਅਤੇ ਦੋ ਜਾਣੇ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ। ਸਿੱਧੂ ਨੂੰ ਮਾਰਨ ਲਈ ਵਰਤੇ ਗਏ ਹਥਿਆਰ ਵੀ ਪੁਲਿਸ ਨੇ ਬਰਾਮਦ ਕੀਤਾ ਤੇ ਪੁਲਿਸ ਦੀ ਜਾਂਚ ਹਾਲੇ ਵੀ ਜਾਰੀ ਹੈ।
ਇਸ ਸਾਰੀ ਘਟਨਾ ਨੂੰ ਅੱਜ ਛੇ ਮਹੀਨੇ ਬੀਤ ਚੁੱਕੇ ਹਨ ਭਾਵ ਅੱਧਾ ਸਾਲ ਹੋ ਗਿਆ ਹੈ। ਸਿੱਧੂ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋਇਆਂ ਪਰ ਹਾਲੇ ਵੀ ਕਈ ਸਵਾਲ ਅਹਿਹੇ ਨੇ, ਜਿਹੜੇ ਸਿੱਧੂ ਦੇ ਮਾਂ-ਬਾਪ ਦੇ ਨਾਲ ਨਾਲ ਸਾਰਿਆਂ ਦੇ ਮਨ ਵਿੱਚ ਉੱਠ ਰਹੇ ਹਨ।

ਇਹ ਸਵਾਲ ਹਨ :

1. ਗੋਲਡੀ ਬਰਾੜ ਹਾਲੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਕਿਉਂ ਹੈ?

2.ਸਿੱਧੂ ਸਣੇ ਹੋਰ ਜਾਣਿਆਂ ਦੀ ਸੁਰੱਖਿਆ ਘਟਾਏ ਜਾਣ ਵਾਲੀ ਸੂਚੀ ਕਿਸ ਨੇ ਲੀਕ ਕੀਤੀ ਸੀ?

3.ਇਸ ਸਬੰਧ ਵਿੱਚ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜੁਆਬ ਮੰਗਿਆ ਸੀ, ਉਸ ਦਾ ਕੀ ਬਣਿਆ?

4.ਕਿ ਗੈਂਗਸਟਰ ਗੋਲਡੀ ਬਰਾੜ ਤੇ ਬਿਸ਼ਨੋਈ ਸਿਰਫ਼ ਵਰਤੇ ਗਏ ਮੋਹਰੇ ਹਨ ?

5.ਜੇਕਰ ਇਹ ਗੱਲ ਸਹੀ ਹੈ ਤਾਂ ਹਾਲੇ ਤੱਕ ਪੁਲਿਸ ਅਸਲੀ ਗੁਨਾਹਗਾਰ ਤੱਕ ਕਿਉਂ ਨੀ ਪਹੁੰਚੀ ਹੈ ?

ਇਸ ਤਰਾਂ ਦੇ ਹੋਰ ਵੀ ਸਵਾਲ ਉੱਠ ਰਹੇ ਹਨ। ਸ਼ੱਕ ਦੇ ਘੇਰੇ ਹੇਠ ਪੰਜਾਬ ਪੁਲਿਸ ਵੀ ਹੈ, ਕਿਉਂਕਿ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਸਿੱਧੂ ਨੂੰ ਗੋਲੀਆਂ ਮਾਰਨ ਤੋਂ ਬਾਅਦ ਉਸ ਦੇ ਕਾਤਲ ਕਾਫ਼ੀ ਦਰ ਤੱਕ ਨੇੜਲੇ ਪਿੰਡਾਂ ਦੇ ਖੇਤਾਂ ਵਿੱਚ ਲੁਕੇ ਰਹੇ ਤੇ ਇਸੇ ਤਰਾਂ ਬਚਦੇ ਬਚਾਉਂਦੇ ਪੰਜਾਬ ਦੀਆਂ ਹੱਦਾਂ ਤੋਂ ਬਾਹਰ ਚੱਲੇ ਗਏ।
ਇਥੇ ਪੰਜਾਬ ਪੁਲਿਸ ਜੇ ਚਾਹੁੰਦੀ ਤਾਂ ਉਸੇ ਵੇਲੇ ਮੁਸਤੈਦੀ ਵਰਤ ਇਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਸੀ ਪਰ ਅਜਿਹਾ ਨਹੀਂ ਹੋਇਆ। ਪੁਲਿਸ ਦੀ ਢਿੱਲ ਮੱਠ ਨੇ ਇੱਕ ਤਰਾਂ ਨਾਲ ਉਸ ਵੇਲੇ ਕਾਤਲਾਂ ਦੀ ਮਦਦ ਹੀ ਕੀਤੀ ਸੀ।

ਸਿੱਧੂ ਦੀ ਮੌਤ ਤੋਂ ਬਾਅਦ ਦੇਸ਼-ਵਿਦੇਸ਼ ਵਿੱਚ ਵੱਸਦੇ ਉਸ ਦੇ ਹਰ ਪ੍ਰਸ਼ੰਸਕ ਦੀ ਅੱਖ ਨਮ ਹੋਈ ਸੀ ਤੇ ਦਿਲ ਨੇ ਹਉਕਾ ਭਰਿਆ ਸੀ। ਹਰ ਜਗ੍ਹਾ ਤੋਂ ਇਨਸਾਫ਼ ਲਈ ਆਵਾਜ਼ ਲਗਾਤਾਰ ਉੱਠ ਰਹੀ ਹੈ। ਸਿੱਧੂ ਦੇ ਇਸ ਤਰਾਂ ਨਾਲ ਬੇਵਕਤੇ ਜਾਣ ਨਾਲ ਮਾਂ -ਬਾਪ ਦਾ ਸਹਾਰਾ ਟੁੱਟਿਆ ਹੈ ਪਰ ਉਨ੍ਹਾਂ ਆਸ ਵਾਲਾ ਦੀਵਾ ਹਾਲੇ ਵੀ ਬਾਲ ਕੇ ਰੱਖਿਆ ਹੈ ਤੇ ਸੰਘਰਸ਼ ਜਾਰੀ ਹੈ। ਆਪਣੇ ਪੁੱਤ ਦੀ ਅਰਥੀ ਨੂੰ ਮੋਢਾ ਦੇਣ ਵਾਲੇ ਉਸ ਪਿਉ ਦਾ,ਜੋ ਪਤਾ ਨਹੀਂ ਕਿਹੜੇ ਹੌਸਲੇ ਨਾਲ ਆਪਣੇ ਮੋਏ ਪੁੱਤ ਨੂੰ ਇਨਸਾਫ਼ ਦੁਆਉਣ ਲਈ ਡਟਿਆ ਹੋਇਆ ਹੈ ਤੇ ਉਸ ਮਾਂ ਦਾ ਵੀ ,ਜਿਸ ਨੇ ਰੋਂਦੇ ਹੋਏ ਆਪਣੇ ਇੱਕੋ ਇੱਕ ਪੁੱਤ ਨੂੰ ਆਖ਼ਰੀ ਸਫ਼ਰ ‘ਤੇ ਤੋਰਿਆ ਹੈ।

Exit mobile version