‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸਿੱਖਾਂ ਨੂੰ ਬੇਗਾਨੇਪਨ ਦਾ ਅਹਿਸਾਸ ਕਰਾਉਣ ਦੀਆਂ ਖ਼ਬਰਾਂ ਤਾਂ ਸੁਣਨ ਨੂੰ ਮਿਲੀਆਂ ਹਨ ਪਰ ਅੱਜ ਸਿੱਖਾਂ ਦੇ ਆਪਣੇ ਸੂਬੇ ਪੰਜਾਬ ਦੇ ਜ਼ਿਲ੍ਹਾ ਬਠਿੰਡੇ ਵਿੱਚ ਸਿੱਖ ਵਿਦਿਆਰਥੀਆਂ ਨੂੰ ਓਪਰੇਪਣ ਦਾ ਅਹਿਸਾਸ ਕਰਾਉਣ ਦੀ ਘਟਨਾ ਵਾਪਰ ਗਈ ਹੈ।
ਬਠਿੰਡਾ ਦੇ ਮਲੋਟ ਰੋਡ ਸਥਿਤ ਰੀਜਨਲ ਪੋਲੀਟੈਕਨੀਕਲ ਕਾਲਜ ਵਿੱਚ ਜੇਈ ਦਾ ਪੇਪਰ ਦੇਣ ਆਏ ਵਿਦਿਆਰਥੀਆਂ ਤੋਂ ਕਾਲਜ ਦੇ ਗੇਟ ‘ਤੇ ਉਨ੍ਹਾਂ ਦੇ ਕੜੇ ਲੁਹਾਏ ਗਏ ਹਨ। ਇਸ ਦਾ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਜੇਈ ਦਾ ਪੇਪਰ ਦੇਣ ਆਏ ਵਿਦਿਆਰਥੀ ਸ਼ਗਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅਬੋਹਰ ਤੋਂ ਜੇਈ ਦਾ ਪੇਪਰ ਦੇਣ ਆਇਆ ਸੀ ਪਰ ਕਾਲਜ ਦੇ ਮੁੱਖ ਗੇਟ ਉਪਰ ਉਸ ਨੂੰ ਰੋਕ ਕੇ ਕੜਾ ਉਤਾਰਨ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ ਉੱਤੇ ਉਸਨੂੰ ਪੇਪਰ ਵਿੱਚ ਨਾ ਬੈਠਣ ਦੇਣ ਦੀ ਚਿਤਾਵਨੀ ਦਿੱਤੀ ਗਈ ਸੀ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾਉਣਗੇ ਅਤੇ ਪੁੱਛਣਗੇ ਕਿ ਕਿਸ ਅਧਿਕਾਰ ਨਾਲ ਵਿਦਿਆਰਥੀਆਂ ਦੇ ਕੜੇ ਉਤਾਰਵਾਏ ਜਾ ਰਹੇ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਕਾਲਜ ਪ੍ਰਬੰਧਕਾਂ ਉੱਤੇ ਧਾਰਾ 295 ਏ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਆਜ਼ਾਦੀ ਉੱਪਰ ਹਮ ਲਾ ਹੈ। ਹਰ ਵਿਅਕਤੀ ਨੂੰ ਅਧਿਕਾਰ ਹੈ ਕਿ ਕਿ ਉਹ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਪਾ ਕੇ ਕਿਤੇ ਵੀ ਜਾ ਸਕਦਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਲਜ ’ਚ ਪ੍ਰਸ਼ਾਸਨ ਵੱਲੋਂ ਜੇ.ਈ. ਦੀ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕੜੇ ਉਤਾਰਨ ਲਈ ਮਜਬੂਰ ਕਰਨ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਹੁੰਦੀਆਂ ਸਰਕਾਰੀ ਪ੍ਰੀਖਿਆਵਾਂ ਦੌਰਾਨ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਲਈ ਸਿੱਖ ਵਿਦਿਆਰਥੀਆਂ ਨੂੰ ਕਕਾਰ ਉਤਾਰਨ ਲਈ ਮਜ਼ਬੂਰ ਕਰਨ ਦੇ ਮਾਮਲੇ ਸਰਕਾਰ ਦੀ ਸਿੱਖਾਂ ਪ੍ਰਤੀ ਬਦਨੀਤੀ ਨੂੰ ਦਰਸਾਉਣ ਵਾਲੇ ਹਨ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।