ਬਿਉਰੋ ਰਿਪੋਰਟ: ਪਿਛਲੇ ਤਿੰਨ ਦਿਨਾਂ ਤੋਂ ਲੇਬਨਾਨ ਵਿੱਚ ਪੇਜਰ, ਵਾਕੀ-ਟਾਕੀਜ਼ ਅਤੇ ਫਿਰ ਸੂਰਜੀ ਊਰਜਾ ਸਿਸਟਮ (Solar Energy System) ਵਿੱਚ ਧਮਾਕਿਆਂ ਤੋਂ ਬਾਅਦ, ਇਜ਼ਰਾਈਲ ਨੇ ਵੀਰਵਾਰ ਰਾਤ (19 ਸਤੰਬਰ) ਨੂੰ ਦੱਖਣੀ ਲੇਬਨਾਨ ਵਿੱਚ 70 ਹਵਾਈ ਹਮਲੇ ਕੀਤੇ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਗਾਜ਼ਾ ਯੁੱਧ ਸ਼ੁਰੂ ਹੋਣ ਤੋਂ ਬਾਅਦ ਲੈਬਨਾਨ ’ਤੇ ਇਜ਼ਰਾਈਲ ਦਾ ਇਹ ਸਭ ਤੋਂ ਵੱਡਾ ਹਮਲਾ ਹੈ।
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕਿਹਾ ਕਿ ਉਨ੍ਹਾਂ ਨੇ ਲੇਬਨਾਨ ਵਿੱਚ ਹਿਜ਼ਬੁੱਲਾ ਨਾਲ ਸਬੰਧਤ 100 ਤੋਂ ਵੱਧ ਰਾਕੇਟ ਲਾਂਚਰਾਂ ’ਤੇ ਹਮਲਾ ਕਰਕੇ ਨਸ਼ਟ ਕਰ ਦਿੱਤਾ ਹੈ। ਇਨ੍ਹਾਂ ਵਿਚ 1000 ਰਾਕੇਟ ਬੈਰਲ ਨਸ਼ਟ ਹੋ ਗਏ। IDF ਨੇ ਕਿਹਾ ਕਿ ਹਿਜ਼ਬੁੱਲਾ ਇਨ੍ਹਾਂ ਹਥਿਆਰਾਂ ਨਾਲ ਇਜ਼ਰਾਈਲ ’ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ।
ਇਜ਼ਰਾਈਲੀ ਬਲਾਂ ਨੇ ਹਿਜ਼ਬੁੱਲਾ ਦੀਆਂ ਕਈ ਇਮਾਰਤਾਂ ਅਤੇ ਹਥਿਆਰਾਂ ਦੇ ਡਿੱਪੂ ਵੀ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ 17-18 ਸਤੰਬਰ ਨੂੰ ਲੇਬਨਾਨ ਵਿੱਚ ਪੇਜਰਾਂ ਅਤੇ ਵਾਕੀ-ਟਾਕੀਜ਼ ਉੱਤੇ ਧਮਾਕੇ ਹੋਏ ਸਨ। ਇਨ੍ਹਾਂ ਹਮਲਿਆਂ ਵਿੱਚ 37 ਲੋਕ ਮਾਰੇ ਗਏ ਸਨ ਅਤੇ 2300 ਲੋਕ ਜ਼ਖ਼ਮੀ ਹੋਏ ਸਨ। ਲੇਬਨਾਨ ਅਤੇ ਹਿਜ਼ਬੁੱਲਾ ਨੇ ਇਨ੍ਹਾਂ ਹਮਲਿਆਂ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
IDF ਦੀ ਨਾਗਰਿਕਾਂ ਨੂੰ ਚੇਤਾਵਨੀ
ਹਮਲੇ ਤੋਂ ਬਾਅਦ, IDF ਨੇ ਉੱਤਰੀ ਇਜ਼ਰਾਈਲ ਵਿੱਚ ਰਹਿਣ ਵਾਲੇ ਨਾਗਰਿਕਾਂ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਇਸ ਵਿੱਚ ਉਨ੍ਹਾਂ ਨੂੰ ਬੰਬ ਸ਼ੈਲਟਰਾਂ ਦੇ ਨੇੜੇ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਇਜ਼ਰਾਈਲ ਦੇ ਨਾਗਰਿਕਾਂ ਨੂੰ ਬਿਨਾਂ ਲੋੜ ਤੋਂ ਜਨਤਕ ਥਾਵਾਂ ’ਤੇ ਇਕੱਠੇ ਨਾ ਹੋਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੂੰ ਹਰ ਕਸਬੇ, ਇਲਾਕੇ ਅਤੇ ਭਾਈਚਾਰਿਆਂ ਦੀ ਸਹੀ ਢੰਗ ਨਾਲ ਸੁਰੱਖਿਆ ਕਰਨ ਲਈ ਕਿਹਾ ਗਿਆ ਹੈ।
ਹਿਜ਼ਬੁੱਲਾ ਮੁਖੀ ਨੇ ਲੜੀਵਾਰ ਧਮਾਕਿਆਂ ਨੂੰ ਦੱਸਿਆ ਜੰਗ ਦਾ ਐਲਾਨ
ਲੇਬਨਾਨ ’ਤੇ ਹਮਲਾ ਉਦੋਂ ਸ਼ੁਰੂ ਹੋਇਆ ਜਦੋਂ ਹਿਜ਼ਬੁੱਲਾ ਮੁਖੀ ਹਸਨ ਨਸਰੱਲਾ ਪੇਜ਼ਰ ਅਤੇ ਵਾਕੀ-ਟਾਕੀ ਧਮਾਕਿਆਂ ਤੋਂ ਬਾਅਦ ਆਪਣਾ ਪਹਿਲਾ ਭਾਸ਼ਣ ਦੇ ਰਹੇ ਸਨ। ਉਸ ਦੇ ਭਾਸ਼ਣ ਤੋਂ ਬਾਅਦ ਵੀ, ਇਜ਼ਰਾਈਲੀ ਬਲਾਂ ਨੇ ਦੇਰ ਰਾਤ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਹਮਲਾ ਕੀਤਾ।